ਐਚਐਸਜੀਐਮਸੀ ਨੇ ਕਿਸੇ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਿਆ : ਮਹੰਤ ਕਰਮਜੀਤ ਸਿੰਘ

ਕੁਰੂਕਸ਼ੇਤਰ 11 ਅਪ੍ਰੈਲ (ਸ.ਬ.) ਹਰਿਆਣਾ ਸਿੱਖ ਗੁਰਦੁਆਰਾ ਮਨੇਜਮੇਂਟ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਸੇਵਾਪੰਥੀ ਨੇ ਕਿਹਾ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਮਨੇਜਮੈਂਟ ਕਮੇਟੀ ਵੱਲੋਂ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕੀਤਾ ਗਿਆ ਹੈ ਬਲਕਿ ਇਹ ਉਹ ਮੁਲਾਜਮ ਹਨ ਜੋ ਗੁਰਦੁਆਰਾ ਨਾਢਾ ਸਾਹਿਬ ਤੋਂ ਛੁੱਟੀ ਲੈ ਕੇ ਗਏ ਸਨ ਅਤੇ ਹੁਣ ਸਾਜ਼ਿਸ ਦੇ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਦਫ਼ਤਰ ਸਾਮ੍ਹਣੇ ਜਿਹੜੇ 15 ਮੁਲਾਜ਼ਮ ਰੋਸ ਪ੍ਰਦਰਸ਼ਨ ਕਰ ਰਹੇ ਹਨ, ਅਸਲ ਵਿੱਚ ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਕੰਮ ਕਰਨ ਦੇ ਇੱਛੁਕ ਹਨ। ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਕਿਸੇ ਨੂੰ ਵੀ ਨੌਕਰੀ ਤੋਂ ਨਹੀਂ ਕੱਢਿਆ ਗਿਆ ਹੈ। ਉਹਨਾਂ ਕਿਹਾ ਕਿ ਐਸ ਜੀ ਪੀ ਸੀ ਪ੍ਰਧਾਨ ਉਨ੍ਹਾਂ ਮੁਲਾਜ਼ਮਾਂ ਤੋਂ ਆਪਣਾ ਖਹਿੜਾ ਛਡਾਉਣ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 70 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਬੇਬੁਨਿਆਦੀ ਗੱਲ ਕਰ ਰਹੇ ਹਨ।

ਮਹੰਤ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਉਹ ਮੁਲਾਜ਼ਮ ਹਨ ਜਿਨ੍ਹਾਂ ਦੀ ਡਿਊਟੀ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਪਾਤਸ਼ਾਹੀ ਦਸਵੀਂ ਪੰਚਕੂਲਾ ਵਿਖੇ ਸੀ, ਪਰ ਇਹ ਸਾਰੇ ਐਸਜੀਪੀਸੀ ਅਧੀਨ ਕੰਮ ਕਰਨਾ ਚਾਹੁੰਦੇ ਹਨ। ਪਰ ਐਸ ਜੀ ਪੀ ਸੀ ਇਨ੍ਹਾਂ ਦੀ ਨੌਕਰੀ ਜਾਰੀ ਰੱਖਣ ਦੀ ਬਜਾਏ ਐਚ ਐਸ ਜੀ ਐਮ ਸੀ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰ ਰਹੀ ਹੈ।

ਉਨ੍ਹਾ ਕਿਹਾ ਕਿ ਜਿੱਥੋਂ ਤਕ ਐਚਐਸਜੀਐਮਸੀ ਵੱਲੋਂ ਹਰਿਆਣਾ ਵਿੱਚ ਕੰਮ ਕਰ ਰਹੇ ਮੁਲਾਜਮਾਂ ਦੇ ਫਾਰਮ ਭਰਾਏ ਜਾਣ ਦੀ ਗੱਲ ਹੈ ਤਾਂ ਜਦੋ ਹਰਿਆਣਾ ਕਮੇਟੀ ਨੇ ਸੇਵਾ ਸੰਭਾਲ ਲਈ ਹੈ ਹੁਣ ਇਥੇ ਕੰਮ ਕਰਨ ਵਾਲੇ ਮੁਲਾਜਮਾਂ ਤੋਂ ਅੰਡਰਟੇਕਿੰਗ ਤਾਂ ਲੈਣੀ ਹੀ ਹੈ।

ਇਸ ਮੌਕੇ ਗੱਲ ਕਰਦਿਆਂ ਐਚ ਐਸ ਜੀ ਐਮ ਸੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਕਿਹਾ ਕਿ ਹਰਿਆਣਾ ਕਮੇਟੀ ਵਲੋਂ ਸੂਬੇ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲਣ ਤੋਂ ਬਾਅਦ ਸਾਰੇ ਮੁਲਾਜ਼ਮਾਂ ਨੂੰ ਆਪਣੇ ਨਾਲ ਕੰਮ ਕਰਨ ਜਾਂ ਨਾ ਕਰਨ ਦਾ ਵਿਕਲਪ ਦਿੱਤਾ ਗਿਆ ਸੀ, ਪਰ ਧਰਨਾ ਦੇ ਰਹੇ ਇਨ੍ਹਾਂ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਅਧੀਨ ਹੀ ਕੰਮ ਕਰਨ ਦੀ ਇੱਛਾ ਪ੍ਰਗਟਾਈ ਗਈ ਸੀ।