ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਮੱਕੀ ਦੀ ਫਸਲ ਅਤੇ ਝੋਨੇ ਦੀ ਪਨੀਰੀ ਦਾ ਸਰਵੇਖਣ

ਐਸ ਏ ਐਸ ਨਗਰ, 9 ਜੂਨ (ਸ.ਬ.) ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਬਲਾਕ ਖੇਤੀਬਾੜੀ ਅਫਸਰ ਡਾ. ਸੰਦੀਪ ਕੁਮਾਰ ਰਿਣਵਾ ਦੀ ਅਗਵਾਈ ਹੇਠ ਪਿੰਡ ਮਨੋਲੀ ਸੂਰਤ, ਧਰਮਗੜ੍ਹ, ਬਸਮਾ ਵਿਖੇ ਮੱਕੀ ਦੀ ਫਸਲ ਅਤੇ ਝੋਨੇ ਦੀ ਪਨੀਰੀ ਦਾ ਸਰਵੇਖਣ ਕੀਤਾ ਗਿਆ।

ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਡਾ.ਗੁਰਬਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਵੇਖਣ ਕਰਨ ਗਈ ਵਿਭਾਗ ਦੀ ਟੀਮ ਵਿੱਚ ਸ਼ਾਮਿਲ ਡਾ. ਸ਼ੁਭਕਰਨ ਸਿੰਘ ਏ. ਡੀ. ਓ. ਸੋਹਾਣਾ, ਡਾ. ਸੁਚਾ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਡਾ. ਜਗਦੀਪ ਸਿੰਘ ਬੀ.ਟੀ. ਐਮ. ਵੱਲੋਂ ਕਿਸਾਨ ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਜੋਗਿੰਦਰ ਸਿੰਘ ਆਦਿ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਮੱਕੀ ਦੀ ਫਸਲ ਤੇ ਫਾਲ ਆਰਮੀ ਵਾਰਮ ਦਾ ਨਾਂਮਾਤਰ ਹਮਲਾ ਵੇਖਣ ਵਿੱਚ ਆਇਆ।

ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਸਾਲ ਇਸ ਇਲਾਕੇ ਵਿਚ ਝੋਨੇ ਦੇ ਮਧਰੇ ਬੂਟੇ ਸਦਰਨ ਵਾਇਰਸ ਦਾ ਹਮਲਾ ਦੇਖਣ ਵਿਚ ਬਹੁਤ ਆਇਆ ਸੀ।

ਇਸ ਸਬੰਧੀ ਝੋਨੇ ਦੀ ਪਨੀਰੀ ਤੇ ਚਿੱਟੀ ਪਿੱਠ ਵਾਲਾ ਟਿੱਡਾ ਦੇਖਣ ਵਿਚ ਨਹੀਂ ਆਇਆ। ਇਸ ਮੌਕੇ ਕਿਸਾਨਾਂ ਨੂੰ ਸਲਾਹ ਦਿਤੀ ਗਈ ਕਿ ਉਹ ਸਮੇਂ ਸਮੇਂ ਤੇ ਪਨੀਰੀ ਦਾ ਸਰਵੇਖਣ ਕਰਦੇ ਰਹਿਣ ਤਾਂ ਜੋ ਇਸ ਬਿਮਾਰੀ ਨੂੰ ਸਮੇ ਤੋਂ ਪਹਿਲਾ ਰੋਕਥਾਮ ਕੀਤੀ ਜਾ ਸਕੇ।