ਸਾਲਾਨਾ ਪ੍ਰੀਖਿਆਵਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲ਼ੇ ਜ਼ਿਲ੍ਹੇ ਦੇ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਗਿਆ ਸਨਮਾਨਿਤ

ਐਸ ਏ ਐਸ ਨਗਰ, 9 ਜੂਨ (ਸ.ਬ.) ਸਾਲਾਨਾ ਬੋਰਡ ਪ੍ਰੀਖਿਆਵਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲ਼ੇ ਜਿਲ੍ਹਾ ਮੁਹਾਲੀ ਦੇ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਇੱਥੇ ਜ਼ਿਲ੍ਹਾ ਕੰਪਲੈਕਸ ਵਿਖੇ ਖ਼ਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਬੱਚਿਆਂ ਨਾਲ਼ ਗੱਲਬਾਤ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਖ਼ਾਸ ਤੌਰ ਤੇ ਸੱਦੇ ਨਵਨਿਯੁਕਤ ਆਈ ਏ ਐਸ ਸ਼੍ਰੀ ਆਦਿਤਯ ਸ਼ਰਮਾ ਨਾਲ਼ ਬੱਚਿਆਂ ਨੇ ਸਵਾਲ-ਜਵਾਬ ਕੀਤੇ ਅਤੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ ਲਈ ਤਿਆਰੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਸਮਾਗਮ ਦੌਰਾਨ ਖ਼ਾਸ ਤੌਰ ਤੇ ਪਹੁੰਚੇ ਸ਼੍ਰੀ ਡੈਵੀ ਗੋਇਲ ਆਈ ਏ ਐਸ (ਅੰਡਰ ਟ੍ਰੇਨਿੰਗ) ਨੇ ਵੀ ਬੱਚਿਆਂ ਨਾਲ਼ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਿਪਟੀ ਡਾਇਰੈਕਟਰ ਰੋਜ਼ਗਾਰ ਮੀਨਾਕਸ਼ੀ ਗੋਇਲ ਨੇ ਬੱਚਿਆਂ ਨੂੰ ਰੁਜ਼ਗਾਰ ਅਤੇ ਕਿੱਤੇ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਪਹੁੰਚੇ ਬੱਚਿਆਂ ਅਤੇ ਮਾਪਿਆਂ ਦਾ ਸਵਾਗਤ ਕੀਤਾ ਗਿਆ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੈਸ਼ਨ 2022-23 ਦੌਰਾਨ ਅੱਠਵੀਂ ਦੇ ਸੱਤ, ਮੈਟ੍ਰਿਕ ਵਿੱਚ ਤਿੰਨ ਅਤੇ ਬਾਰ੍ਹਵੀਂ ਵਿੱਚ ਨੌਂ ਬੱਚਿਆਂ ਨੇ ਰਾਜ ਪੱਧਰੀ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ। ਉਹਨਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਵਾਲੀ ਸਮੁੱਚੀ ਟੀਮ ਜਸਵੀਰ ਕੌਰ, ਡਾ.ਇੰਦੂ ਬਾਲਾ, ਸਤਿੰਦਰ ਸਿੰਘ, ਨੀਤੂ ਗੁਪਤਾ ਅਤੇ ਮਨਦੀਪ ਸ਼ੁਕਲਾ ਦਾ ਖ਼ਾਸ ਧੰਨਵਾਦ ਕੀਤਾ।

ਡਿਪਟੀ ਡੀਈਓ ਸੈਕੰਡਰੀ ਸਿਖਿਆ ਅੰਗਰੇਜ਼ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਬੱਚਿਆਂ ਦੇ ਮਾਪੇ ਅਤੇ ਸਕੂਲ ਮੁਖੀ ਹਾਜ਼ਰ ਸਨ।