ਪਿਛਲੇ ਦੋ ਮਹੀਨਿਆਂ ਤੋਂ ਬਲੌਂਗੀ ਕਲੋਨੀ ਵਿੱਚ ਲਗਾਤਾਰ ਵੱਧ ਰਹੀ ਹੈ ਪੀਣ ਵਾਲੇ ਪਾਣੀ ਦੀ ਸਮੱਸਿਆ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੋਣ ਕਾਰਨ ਲੋਕਾਂ ਵਿੱਚ ਹਾਹਾਕਾਰ

ਬਲੌਂਗੀ, 9 ਜੂਨ (ਪਵਨ ਰਾਵਤ ) ਬਲੌਂਗੀ ਕਲੋਨੀ ਵਿਚ ਲਗਾਤਾਰ ਪਾਣੀ ਦੀ ਸਮਸਿਆ ਵੱਧਦੀ ਜਾ ਰਹੀ ਹੈ। ਬਲੌਂਗੀ ਕਲੋਨੀ ਦੇ ਆਜ਼ਾਦ ਨਗਰ,ਆਦਰਸ਼ ਕਲੋਨੀ ਅਤੇ ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ ਅਤੇ ਵਸਨੀਕਾਂ ਦਾ ਕਹਿਣਾ ਹੈ ਕਿ ਕਈ ਇਲਾਕਿਆਂ ਵਿਚ ਤਾਂ 4 ਦਿਨ ਛੱਡ ਕੇ ਪਾਣੀ ਵੀ ਆ ਜਾਂਦਾ ਹੈ ਅਤੇ ਕਈ ਇਲਾਕਿਆਂ ਵਿਚ ਤਾਂ ਆਉਂਦਾ ਹੀ ਨਹੀਂ ਹੈ। ਵਸਨੀਕਾਂ ਨੂੰ ਨਾ ਪੀਣ ਲਈ ਪਾਣੀ ਮਿਲਦਾ ਹੈ, ਨਾ ਖਾਣਾ ਬਨਾਉਣ ਅਤੇ ਕੱਪੜੇ ਧੋਣ ਵਾਸਤੇ ਪਾਣੀ ਮਿਲ ਰਿਹਾ ਹੈ।

ਪਿੰਡ ਵਾਸੀਆਂ ਧੀਰਜ, ਸੁਨੀਤਾ, ਲਕਸ਼ਮੀ, ਨੇਹਾ, ਕੁਲਵਿੰਦਰ, ਹਰਸ਼ਵੀਰ ਨੇ ਕਿਹਾ ਕਿ ਲਗਭਗ 2 ਮਹੀਨਿਆਂ ਤੋਂ ਪਾਣੀ ਦੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀ ਗਰਮੀ ਕਾਰਨ ਪਾਣੀ ਦੀ ਬਹੁਤ ਜਰੂਰਤ ਵੱਧ ਗਈ ਹੈ। ਉਨ੍ਹਾਂ ਕਿਹਾ ਜੇਕਰ ਗਲੀ ਵਾਲੇ ਮਿਲ ਕੇ ਟੈਂਕਰ ਮੰਗਵਾਉਣ ਲਈ ਟੈਂਕਰ ਵਾਲੇ ਨੂੰ ਫੋਨ ਕਰਦੇ ਹਨ ਤਾ ਟੈਂਕਰ ਵੀ ਨਹੀਂ ਮਿਲਦਾ ਅਤੇ ਇਸ ਤੋਂ ਅੰਦਾਜ਼ਾ ਲੱਗ ਗਿਆ ਹੈ ਕਿ ਪੂਰੀ ਬਲੌਂਗੀ ਵਿਚ ਪਾਣੀ ਦੀ ਸਮਸਿਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਪਾਣੀ ਦੀ ਸਮਸਿਆ ਤਾਂ ਹਰ ਸਾਲ ਇਸੇ ਤਰ੍ਹਾਂ ਹੁੰਦੀ ਹੈ ਪਰ ਇਸ ਵਾਰ ਤਾਂ ਵਕਤ ਤੋਂ ਪਹਿਲਾ ਹੀ ਹੱਦ ਤੋਂ ਵੱਧ ਸਮਸਿਆ ਪੈਦਾ ਹੋ ਗਈ ਹੈ।

ਵਸਨੀਕਾਂ ਨੇ ਕਿਹਾ ਕਿ ਜਦੋਂ ਉਹ ਪਾਣੀ ਦੀ ਸਮਸਿਆ ਦੇ ਹਲ ਲਈ ਬਲੌਂਗੀ ਪੇਂਡੂ ਜਲ ਸਪਲਾਈ ਦੇ ਚੇਅਰਮੈਨ ਅਤੇ ਪਿੰਡ ਦੇ ਸਰਪੰਚ ਬਹਾਦਰ ਸਿੰਘ ਨੂੰ ਫੋਨ ਕਰਦੇ ਹਨ ਤਾਂ ਅੱਗੋਂ ਉਹ ਫੋਨ ਨਹੀਂ ਚੁੱਕਦੇ ਅਤੇ ਉਹਨਾਂ ਦਾ ਫੋਨ ਜਿਆਦਾਤਰ ਬੰਦ ਹੁੰਦਾ ਹੈ। ਜੇਕਰ ਵਸਨੀਕ ਪਾਣੀ ਦੀ ਸਪਲਾਈ ਕਰਨ ਵਾਲੇ ਆਪਰੇਟਰ ਨੂੰ ਕਹਿੰਦੇ ਹਨ ਤਾਂ ਉਹ ਕਦੇ ਬਿਜਲੀ ਨਾ ਹੋਣ ਦਾ ਬਹਾਨਾ ਲਗਾਉਂਦਾ ਹੈ ਅਤੇ ਕਦੇ ਭਰੋਸਾ ਦਿੰਦਾ ਹੈ ਕਿ ਪਾਣੀ ਦੇ 2 ਨਵੇਂ ਟਿਊਬਵੈਲ ਲੱਗ ਗਏ ਹਨ ਜਿਹੜੇ ਜਲਦੀ ਹੀ ਚਾਲੂ ਹੋ ਜਾਣਗੇ ਤੇ ਪਾਣੀ ਦੀ ਸਮਸਿਆ ਵੀ ਖ਼ਤਮ ਹੋ ਜਾਵੇਗੀ।

ਵਸਨੀਕਾਂ ਦਾ ਕਹਿਣਾ ਹੈ ਕਿ ਇਸਤੋਂ ਪਹਿਲਾਂ ਜਦੋਂ ਪੇਂਡੂ ਜਲ ਸਪਲਾਈ ਦੀ ਚੇਅਰਪਰਸਨ ਦਾ ਚਾਰਜ ਸਾਬਕਾ ਸਰਪੰਚ ਭਿੰਦਰਜੀਤ ਕੌਰ ਕੋਲ ਹੁੰਦਾ ਸੀ ਉਸ ਸਮੇਂ ਕਦੇ ਵੀ ਅਜਿਹੀ ਸਮੱਸਿਆ ਨਹੀਂ ਆਈ ਅਤੇ ਜੇਕਰ ਪਾਣੀ ਦੀ ਸਮੱਸਿਆ ਆਉਣ ਤੇ ਲੋਕ ਸ਼ਿਕਾਇਤ ਕਰਦੇ ਸੀ ਤਾਂ ਉਹ ਲੋਕਾਂ ਦੀ ਗੱਲ ਵੀ ਸੁਣਦੇ ਸਨ ਪਰੰਤੂ ਮੌਜੂਦਾ ਚੇਅਰਮੈਨ ਅਤੇ ਪਿੰਡ ਦੇ ਸਰਪੰਚ ਨੇ ਗੱਲ ਸੁਣਨੀ ਤਾਂ ਦੂਰ, ਉਹ ਲੋਕਾਂ ਦਾ ਫੋਨ ਤਕ ਨਹੀਂ ਚੁੱਕਦੇ। ਉਨ੍ਹਾਂ ਕਿਹਾ ਕਿ ਪਹਿਲਾਂ ਜੇਕਰ ਬਿਜਲੀ ਦੇ ਲੰਬੇ ਕਟ ਲੱਗਦੇ ਸੀ ਤਾਂ ਵੀ ਜਨਰੇਟਰ ਚਲਾ ਕੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਸੀ ਪਰੰਤੂ ਹੁਣ ਅਜਿਹਾ ਨਹੀਂ ਹੈ। ਵਸਨੀਕਾਂ ਨੇ ਆਮ ਆਦਮੀ ਪਾਰਟੀ ਦੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਮੰਗ ਕੀਤੀ ਹੈ ਕਿ ਇਸ ਸਮਸਿਆ ਦਾ ਪਕਾ ਹਲ ਕੀਤਾ ਜਾਵੇ।

ਇਸ ਸਬੰਧੀ ਗੱਲ ਕਰਨ ਤੇ ਬਲੌਂਗੀ ਪੇਂਡੂ ਜਲ ਸਪਲਾਈ ਦੇ ਚੇਅਰਮੈਨ ਅਤੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਕਿ ਉਹ ਇਹ ਗੱਲ ਮਨਦੇ ਹਨ ਕਿ ਬਲੌਂਗੀ ਵਿੱਚ ਪਾਣੀ ਦੀ ਸਮਸਿਆ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਟਿਊਬਵੈਲ ਦੇ ਨਵੇਂ ਬੋਰ ਹੋ ਚੁਕੇ ਹਨ ਪਰੰਤੂ ਬਿਜਲੀ ਦੇ ਕਨੈਕਸ਼ਨ ਨਾ ਹੋਣ ਕਾਰਨ ਹਾਲੇ ਤਕ ਇਹ ਨਹੀਂ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੇ ਇਸ ਸਮੱਸਿਆ ਬਾਰੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੂੰ ਦਸਿਆ ਸੀ ਕਿ ਬਿਜਲੀ ਬੋਰਡ ਦੀ ਦੇਰੀ ਕਾਰਨ ਪਾਣੀ ਦੀ ਸਮਸਿਆ ਵੱਧ ਰਹੀ ਹੈ ਅਤੇ ਵਿਧਾਇਕ ਵਲੋਂ ਬੀਤੇ ਦਿਨੀਂ ਬਿਜਲੀ ਬੋਰਡ ਨਾਲ ਮੀਟਿੰਗ ਹੋਈ ਅਤੇ ਵਿਧਾਇਕ ਨੇ ਜਲਦੀ ਤੋਂ ਜਲਦੀ ਟਰਾਂਸਫਾਰਮਰ ਲਗਾਉਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਬਿਜਲੀ ਦੇ ਖੰਭੇ ਅਤੇ ਸਮਾਨ ਆ ਚੁਕਿਆ ਹੈ ਅਤੇ ਮੰਗਲਵਾਰ ਤੋਂ ਪਹਿਲਾ ਹੀ ਟਿਊਬਵੈਲ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਨਾਲ ਜਲਦ ਹੀ ਇਸ ਸਮਸਿਆ ਤੋਂ ਰਾਹਤ ਮਿਲ ਜਾਵੇਗੀ ।