ਬੀ ਐਸ ਐਫ ਤੇ ਪੁਲੀਸ ਦੇ ਸਾਂਝੇ ਆਪ੍ਰੇਸ਼ਨ ਤਹਿਤ ਪੰਜ ਕਿਲੋ ਹੈਰੋਇਨ ਬਰਾਮਦ
ਅੰਮ੍ਰਿਤਸਰ, 9 ਜੂਨ (ਸ.ਬ.) ਭਾਰਤ-ਪਾਕਿਸਤਾਨ ਸਰਹੱਦ ਤੇ ਰਿਆਦ ਬੀਓਪੀ ਨੇੜੇ ਇੱਕ ਪਾਕਿਸਤਾਨੀ ਡਰੋਨ ਵਲੋਂ ਹੈਰੋਇਨ ਦੀ ਖੇਪ ਸੁੱਟੀ ਗਈ ਜਿਸਤੋਂ ਬਾਅਦ ਡਰੋਨ ਪਾਕਿਸਤਾਨੀ ਖੇਤਰ ਵਿੱਚ ਪਰਤ ਗਿਆ। ਡਰੋਨ ਨੂੰ ਦੇਖ ਕੇ ਬੀ ਐਸ ਐਫ ਜਵਾਨਾਂ ਅਤੇ ਪੁਲੀਸ ਵਲੋਂ ਇਸ ਤੇ ਫਾਇਰਿੰਗ ਵੀ ਕੀਤੀ ਗਈ ਪਰ ਉਹ ਬਚ ਕੇ ਨਿਕਲ ਗਿਆ।
ਡੀ ਐਸ ਪੀ ਪਰਵੇਸ਼ ਚੋਪੜਾ ਨੇ ਦੱਸਿਆ ਕਿ ਇਲਾਕੇ ਵਿਚ ਕਰੀਬ ਤਿੰਨ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾ ਕੇ 5 ਕਿਲੋ 260 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇੰਨੀ ਵੱਡੀ ਖੇਪ ਚੁੱਕਣ ਲਈ ਕਿਹੜਾ ਤਸਕਰ ਭਾਰਤੀ ਸਰਹੱਦ ਤੱਕ ਪਹੁੰਚਿਆ ਸੀ।
ਉਹਨਾਂ ਕਿਹਾ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਬੀਤੀ ਰਾਤ ਡਰੋਨ ਰਾਹੀਂ ਹੈਰੋਇਨ ਦੀ ਇੱਕ ਖੇਪ ਸੁੱਟਣ ਜਾ ਰਹੀ ਹੈ ਜਿਸਤੋਂ ਬਾਅਦ ਇਹ ਜਾਣਕਾਰੀ ਬੀ ਐਸ ਐਫ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਨੇ ਮਿਲ ਕੇ ਆਪ੍ਰੇਸ਼ਨ ਚਲਾਇਆ ਅਤੇ ਇਲਾਕੇ ਵਿਚ ਗਸ਼ਤ ਕੀਤੀ।
ਉਹਨਾਂ ਦੱਸਿਆ ਕਿ ਰਾਤ 2:30 ਵਜੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਉਂਦਾ ਦੇਖ ਉਸ ਤੇ ਗੋਲੀਬਾਰੀ ਕੀਤੀ ਗਈ ਪਰ ਡਰੋਨ ਇੱਕ ਪੈਕਟ ਛੱਡ ਕੇ ਵਾਪਸ ਚਲਾ ਗਿਆ। ਇਸ ਤੋਂ ਬਾਅਦ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਕਰੀਬ ਤਿੰਨ ਘੰਟੇ ਬਾਅਦ ਇੱਕ ਵੱਡਾ ਪੈਕੇਟ ਬਰਾਮਦ ਹੋਇਆ। ਜਿਸ ਨੂੰ ਪੀਲੀ ਟੇਪ ਨਾਲ ਲਪੇਟਿਆ ਹੋਇਆ ਸੀ।