ਮਾਨਸੂਨ ਨੇ ਕੇਰਲ ਤੋਂ ਬਾਅਦ ਕਰਨਾਟਕ ਵਿੱਚ ਦਿੱਤੀ ਦਸਤਕ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਅਗਲੇ 3-4 ਦਿਨਾਂ ਤੱਕ ਹੋਰ ਵਧੇਗੀ ਗਰਮੀ

ਚੰਡੀਗੜ੍ਹ, 9 ਜੂਨ (ਸ.ਬ.) ਬੀਤੇ ਕੱਲ੍ਹ ਕੇਰਲ ਪਹੁੰਚਣ ਤੋਂ ਬਾਅਦ ਮਾਨਸੂਨ ਤੇਜ਼ੀ ਨਾਲ ਅੱਗੇ ਵਧਿਆ ਹੈ ਅਤੇ ਕੇਰਲ ਨੂੰ ਪਾਰ ਕਰ ਕੇ ਇਕ ਦਿਨ ਦੇ ਅੰਦਰ ਹੀ ਕਰਨਾਟਕ ਪਹੁੰਚ ਗਿਆ ਹੈ। ਇਸ ਦੌਰਾਨ ਤਾਮਿਲਨਾਡੂ ਵਿੱਚ ਵੀ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋ ਗਈ ਹੈ।

ਮੌਸਮ ਵਿਭਾਗ ਅਨੁਸਾਰ ਮਾਨਸੂਨ ਅਗਲੇ ਦੋ ਦਿਨਾਂ ਵਿੱਚ ਤਾਮਿਲਨਾਡੂ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਪਹੁੰਚ ਜਾਵੇਗਾ। ਆਈ ਐਮ ਡੀ ਦੇ ਅਨੁਸਾਰ, 10 ਜੂਨ ਤੱਕ, ਮਾਨਸੂਨ ਦੱਖਣ ਤੋਂ ਅੱਗੇ ਵਧਦਾ ਹੋਇਆ ਮਹਾਰਾਸ਼ਟਰ ਪਹੁੰਚ ਜਾਵੇਗਾ ਅਤੇ ਉੱਤਰ-ਪੂਰਬੀ ਰਾਜਾਂ ਨੂੰ ਕਵਰ ਕਰਦਾ ਹੋਇਆ ਪੱਛਮੀ ਬੰਗਾਲ ਦੇ ਰਸਤੇ ਬਿਹਾਰ ਪਹੁੰਚੇਗਾ।

ਮੌਸਮ ਵਿਭਾਗ ਦੇ ਅਨੁਸਾਰ ਮਾਨਸੂਨ 15 ਜੂਨ ਤੱਕ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਪੂਰੇ ਬਿਹਾਰ ਨੂੰ ਕਵਰ ਕਰ ਸਕਦਾ ਹੈ। ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਤੋਂ ਅੱਗੇ ਵਧਦੇ ਹੋਏ ਮਾਨਸੂਨ 20 ਜੂਨ ਤੱਕ ਰਾਜਸਥਾਨ ਵਿੱਚ ਦਾਖਲ ਹੋ ਸਕਦਾ ਹੈ।

ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਅਗਲੇ 3-4 ਦਿਨਾਂ ਤੱਕ ਗਰਮੀ ਵਧੇਗੀ। ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਪੂਰਬੀ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਗਰਮੀ ਦੀ ਲਹਿਰ ਜਾਰੀ ਰਹੇਗੀ। ਉੱਤਰ-ਪੱਛਮੀ ਭਾਰਤ ਭਾਵ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਵਿੱਚ ਅਗਲੇ 5 ਦਿਨਾਂ ਤੱਕ ਤਾਪਮਾਨ ਆਮ ਨਾਲੋਂ 3-5 ਡਿਗਰੀ ਵੱਧ ਰਹਿਣ ਦੀ ਸੰਭਾਵਨਾ ਹੈ।