AAP candidate Shergil started campaign in Badmajra

ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀਆਂ ‘ਚ ਬੁਖਲਾਹਟ : ਸ਼ੇਰਗਿੱਲ- ‘ਆਪ’ ਉਤੇ ਚਿੱਕੜ ਉਛਾਲਣ ਦੀ ਬਜਾਇ ਆਪਣੇ ਮੰਤਰੀਆਂ ਸੰਤਰੀਆਂ ਵੱਲ ਵੀ ਝਾਤ ਮਾਰੇ ਅਕਾਲੀ ਦਲ

ਐਸ ਏ ਐਸ ਨਗਰ, 2 ਸਿਤੰਬਰ : ਪੰਜਾਬ ਵਿੱਚ ਪਿਛਲੇ ਲਗਭਗ 70 ਸਾਲ ਤੋਂ ਲੋਕਾਂ ਨੂੰ ਗੁੰਮਰਾਹ ਕਰਕੇ ਸਮੇਂ ਸਮੇਂ ‘ਤੇ ਰਾਜ ਕਰ ਚੁੱਕੀਆਂ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਪਾਰਟੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆ ਦੇਖ ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਬੁਖਲਾਹਟ ਵਿੱਚ ਆ ਗਈਆਂ ਹਨ ਅਤੇ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਪੰਜਾਬ ਦੀ ਸਿਆਸਤ ਵਿੱਚੋਂ ਇਸ ਵਾਰ ਆਪਣਾ ਸਫ਼ਾਇਆ ਹੁੰਦਾ ਸਾਫ਼ ਨਜ਼ਰ ਆ ਰਿਹਾ ਹੈ| ਇਹੀ ਕਾਰਨ ਹੈ ਕਿ ਇਹ ਰਵਾਇਤੀ ਪਾਰਟੀਆਂ ਕਿਸੇ ਨਾ ਕਿਸੇ ਢੰਗ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੀਆਂ ਹਨ|

ਇਹ ਵਿਚਾਰ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਅੱਜ ਹਲਕੇ ਦੇ ਪਿੰਡ ਬੜਮਾਜਰਾ ਵਿਖੇ ਘਰ ਘਰ ਜਾ ਕੇ ਪਾਰਟੀ ਦਾ ਪ੍ਰਚਾਰ ਸ਼ੁਰੂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ| ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਹਿੰਮਤ ਸਿੰਘ ਸ਼ੇਰਗਿੱਲ ਦੀ ਪ੍ਰਚਾਰ ਮੁਹਿੰਮ ਵਿੱਚ ਸ਼ਾਮਿਲ ਹੋਏ ਅਤੇ ‘ਆਪ’ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ|

ਸ੍ਰ. ਸ਼ੇਰਗਿੱਲ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦੇ ਦਿੱਗਜ਼ ਆਗੂਆਂ ਉਤੇ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਦੋਸ਼ ਲੱਗ ਚੁੱਕੇ ਹਨ, ਬਿਕਰਮ ਸਿੰਘ ਮਜੀਠੀਆ ਵਰਗੇ ਕੈਬਨਿਟ ਮੰਤਰੀ ਉਤੇ ਪੂਰੇ ਪੰਜਾਬ ਦੀ ਨੌਜਵਾਨੀ ਨੂੰ ‘ਚਿੱਟੇ’ ਦਾ ਨਸ਼ਾ ਫੈਲਾ ਕੇ ਨਸ਼ੇੜੀ ਬਣਾਉਣ ਦੇ ਦੋਸ਼ ਲੱਗ ਚੁੱਕੇ ਹਨ| ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਮਾਨਯੋਗ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਵੀ ਉਹ ਮੰਤਰੀ ਦੇ ਅਹੁਦੇ ‘ਤੇ ਤਾਇਨਾਤ ਹਨ ਅਤੇ ਬੀਬੀ ਜਗੀਰ ਕੌਰ ਆਪਣੀ ਬੇਟੀ ਦੇ ਗਰਭਪਾਤ ਅਤੇ ਅਗਵਾ ਕਰਨ ਦੇ ਮਾਮਲੇ ਵਿੱਚ ਬੀਬੀ ਜਗੀਰ ਕੌਰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿਲਾ ਅਕਾਲੀ ਦਲ ਦੀ ਪ੍ਰਧਾਨ ਥਾਪੀ ਗਈ ਹੈ| ਜਦਕਿ ਇਸ ਦੇ ਉਲਟ ‘ਆਪ’ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਇਹ ਫਰਾਖ਼ਦਿਲੀ ਹੈ ਕਿ ਕਿਸੇ ਵੀ ਭ੍ਰਿਸ਼ਟ ਮੰਤਰੀ ਜਾਂ ਗਲਤ ਵਿਅਕਤੀ ਨੂੰ ਪਾਰਟੀ ਵਿੱਚ ਬਖਸ਼ਿਆ ਨਹੀਂ ਜਾ ਰਿਹਾ|

ਉਨ੍ਹਾਂ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀਆਂ ਨੂੰ ‘ਆਪ’ ਉਤੇ ਕੋਈ ਵੀ ਦੋਸ਼ ਲਗਾਉਣ ਤੋਂ ਪਹਿਲਾਂ ਆਪਣੀਆਂ ਪਾਰਟੀਆਂ ਅੰਦਰ ਝਾਤੀ ਮਾਰਨ ਦੀ ਨਸੀਹਤ ਦਿੱਤੀ ਹੈ|“ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਕਾਲੀ-ਭਾਜਪਾ ਜਾਂ ਕਾਂਗਰਸ ਪਾਰਟੀਆਂ ਦੀਆਂ ਲੂੰਬੜ ਚਾਲਾਂ ਵਿੱਚ ਨਾ ਫਸ ਕੇ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ ਅਤੇ ਪੰਜਾਬ ਦਾ ਸੁਧਾਰ ਕੀਤਾ ਜਾ ਸਕੇ| ਇਸ ਮੌਕੇ ਪਰਮਜੀਤ ਸਿੰਘ ਰੰਧਾਵਾ, ਐਨ.ਐਸ. ਧਾਲੀਵਾਲ, ਸਤਬੀਰ ਸਿੰਘ ਵਾਲੀਆ, ਸਤੀਸ਼ ਕੁਮਾਰ, ਗੁਰਦੀਪ ਸਿੰਘ, ਗਿਰੀ ਨਾਥ ਝਾਅ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *