AAP strongly criticise Akali Dal’s policy of threatening others : Khaira

ਆਮ ਆਦਮੀ ਪਾਰਟੀ ਬਾਦਲਾਂ ਵੱਲੋਂ ਚਲਾਈ ਜਾ ਰਹੀ ਹਿੰਸਕ ਅਤੇ ਦਹਿਸ਼ਤ ਵਾਲੀ ਸਿਆਸਤ ਦੀ ਨਿੰਦਾ ਕਰਦੀ ਹੈ :- ਖਹਿਰਾ

ਚੰਡੀਗੜ੍ਹ, 4 ਸਤੰਬਰ : ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ ਬੀਤੇ ਕੱਲ ਮਲੋਟ ਵਿਖੇ ਆਮ ਆਦਮੀ ਪਾਰਟੀ ਦੀ ਸ਼ਾਂਤਮਈ ਰੈਲੀ ਕੀਤਾ ਗਿਆ ਹਿੰਸਕ ਹਮਲਾ ਬਾਦਲਾਂ ਅਤੇ ਪੁਲੀਸ ਵੱਲੋਂ ਰਚੀ ਗਈ ਡੂੰਘੀ ਸਾਜਿਸ਼ ਦਾ ਨਤੀਜਾ ਹਨ ਤਾਂ ਕਿ ਪੰਜਾਬ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਲਹਿਰ ਨੂੰ ਦਬਾਇਆ ਜਾ ਸਕੇ|
ਸ੍ਰ. ਖਹਿਰਾ ਨੇ ਕਿਹਾ ਕਿ ਕਿਰਪਾਨਾਂ, ਲਾਠੀਆਂ ਆਦਿ ਹਥਿਆਰਾਂ ਨਾਲ ਲੈਸ ਅਕਾਲੀ ਆਮ ਆਦਮੀ ਪਾਰਟੀ ਦੀ ਰੈਲੀ ਵਾਲੇ ਪੰਡਾਲ ਵਿੱਚ ਉਸ ਵੇਲੇ ਆ ਧਮਕੇ ਜਦ ਐਮ.ਪੀ. ਭਗਵੰਤ ਮਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ| ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਅਕਾਲੀਆਂ ਨੇ ਪੰਡਾਲ ਵਿੱਚ ਗੁੰਡਾਗਰਦੀ ਫੈਲਾ ਦਿੱਤੀ ਜਿਸ ਨਾਲ ਆਪ ਵਲੰਟੀਅਰ ਗੰਭੀਰ ਜਖਮੀ ਹੋ ਗਏ| ਬਦਕਿਸਮਤੀ ਨਾਲ ਪੁਲਿਸ ਸਿਰਫ ਮੂਕਦਰਸ਼ਕ ਬਣ ਕੇ ਖੜੀ ਰਹੀ ਅਤੇ ਅਮਨ ਕਾਨੂੰਨ ਨੂੰ ਕਾਬੂ ਕਰਨ ਲਈ ਕੋਈ ਹਰਕਤ ਨਹੀਂ ਕੀਤੀ| ਉਨ੍ਹਾਂ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਜਿਥੇ ਬਾਦਲ ਪਰਿਵਾਰ ਅਤੇ ਸੱਤਾਧਾਰੀ ਪਾਰਟੀ ਦੀਆਂ ਰੈਲੀਆਂ ਵਿੱਚ ਪੰਜਾਬ ਪੁਲੀਸ ਵੱਡੀ ਗਿਣਤੀ ਵਿੱਚ ਹਾਜਿਰ ਹੁੰਦੀ ਹੈ ਉਥੇ ਹੀ ਉਹਨਾਂ ਨੇ ਜਾਣ ਬੁੱਝ ਕੇ ਆਪ ਦੀ ਰੈਲੀ ਵਾਸਤੇ ਢੁਕਵੇਂ ਸੁਰੱਖਿਆ ਇੰਤਜਾਮ ਨਹੀਂ ਕੀਤੇ ਤਾਂ ਕਿ ਅਕਾਲੀ ਸਾਡੇ ਵਲੰਟੀਅਰਾਂ ਉੱਪਰ ਖੁੱਲ ਕੇ ਹਮਲਾ ਕਰ ਸਕਣ|
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਨੂੰ ਡਰਾਉਣ ਧਮਕਾਉਣ ਲਈ ਬੀਤੇ ਕੱਲ ਹੋਈ ਹਿੰਸਕ ਘਟਨਾ ਜੂਨੀਅਰ ਬਾਦਲ ਦੀ ਸ਼ਹਿ ਉੱਪਰ ਪੁਲਿਸ ਦੀ ਹਮਾਇਤ ਨਾਲ ਘੜੀ ਗਈ ਡੂੰਘੀ ਸਾਜਿਸ਼ ਦਾ ਹਿੱਸਾ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਡੀਆਂ ਸਿਆਸੀ ਰੈਲੀਆਂ ਵਿੱਚ ਅਜਿਹੇ ਹੋਰ ਹਿੰਸਕ ਹਾਦਸੇ ਹੋਣਗੇ ਅਤੇ ਆਪ ਦੇ ਲੀਡਰਾਂ ਉੱਪਰ ਹਮਲੇ ਕੀਤੇ ਜਾਣਗੇ| ਉਕਤ ਸਾਜਿਸ਼ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਬਣਾਈ ਗਈ ਹੈ ਕਿਉਂਕਿ ਬਾਦਲ-ਮਜੀਠੀਆ ਪਰਿਵਾਰਾਂ ਨੂੰ ਡਰ ਹੈ ਕਿ ਜੇਕਰ ਆਪ ਦੀ ਸਰਕਾਰ ਬਣ ਗਈ ਤਾਂ ਅੰਨ੍ਹੇ ਭ੍ਰਿਸ਼ਟਾਚਾਰ ਅਤੇ ਡਰੱਗ ਸਬੰਧੀ ਮਾਮਲਿਆਂ ਵਿੱਚ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇਗਾ| ਆਮ ਆਦਮੀ ਪਾਰਟੀ ਨੂੰ ਸਿਰਫ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਨਾਲ ਦੋਸਤਾਨਾ ਮੈਚ ਖੇਡ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਕੋਲੋਂ ਬਾਦਲ-ਮਜੀਠੀਆ ਪਰਿਵਾਰਾਂ ਨੂੰ ਕੋਈ ਡਰ ਮਹਿਸੂਸ ਨਹੀਂ ਹੁੰਦਾ| ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਹਿੰਸਾ ਨੂੰ ਪੇਸ਼ ਕੀਤੇ ਜਾਣ ਦੀ ਡੂੰਘੀ ਸਾਜਿਸ਼ ਨੂੰ ਵਿਰਸਾ ਸਿੰਘ ਵਲਟੋਹਾ ਵਰਗੇ ਅਕਾਲੀ ਆਗੂਆਂ ਦੇ ਬਿਆਨਾਂ ਤੋਂ ਸਪੱਸ਼ਟ ਦੇਖਿਆ ਜਾ ਸਕਦਾ ਹੈ ਜਿਸਨੇ ਹਾਲ ਹੀ ਵਿੱਚ ਅਕਾਲੀ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁੱਟਣ ਅਤੇ ਸਬਕ ਸਿਖਾਉਣ ਲਈ ਉਕਸਾਇਆ ਸੀ ਅਤੇ ਸਰਕਾਰ ਵੱਲੋਂ ਸੁਰੱਖਿਆ ਦੇਣ ਦਾ ਭਰੋਸਾ ਵੀ ਦਿੱਤਾ ਸੀ|
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਪੁਖਤਾ ਸੋਚ ਹੈ ਕਿ ਪੰਜਾਬ ਪੁਲੀਸ ਦੀ ਮਦਦ ਨਾਲ ਜੂਨੀਅਰ ਬਾਦਲ ਹਿੰਸਾ ਨੂੰ ਭੜਕਾਉਣਗੇ ਅਤੇ 2017 ਦੀਆਂ ਅਗਾਮੀ ਚੋਣਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨਗੇ| ਉਨ੍ਹਾਂ ਭਾਰਤ ਦੇ ਚੋਣ ਕਮਿਸ਼ਨ ਕੋਲ ਬੇਨਤੀ ਕੀਤੀ ਹੈ ਕਿ ਸ਼ਾਂਤੀ ਨੂੰ ਭੰਗ ਕਰਨ ਲਈ ਬਾਦਲ ਸਰਕਾਰ ਵੱਲੋਂ ਅਪਣਾਏ ਜਾ ਰਹੇ ਹਿੰਸਕ ਹੱਥਕੰਡਿਆਂ ਦਾ ਖੁਦ ਨੋਟਿਸ ਲੈਣ|
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਆਸਤ ਦਾ ਅਪਰਾਧੀਕਰਨ ਕਰਨ ਦੇ ਨਾਲ ਨਾਲ ਬਾਦਲ ਪਰਿਵਾਰ ਸੂਬੇ ਦੀ ਚੋਣ ਪ੍ਰਣਾਲੀ ਨੂੰ ਵੀ ਦੂਸ਼ਿਤ ਕਰਨ ਦਾ ਜਿੰਮੇਵਾਰ ਹੈ| ਉਨ੍ਹਾ ਕਿਹਾ ਕਿ ਬਾਦਲ ਪਰਿਵਾਰ ਕਈ ਦਹਾਕਿਆਂ ਤੋਂ ਆਪਣੇ ਜੱਦੀ ਹਲਕਿਆਂ ਲੰਬੀ ਅਤੇ ਗਿੱਦੜਬਾਹਾ ਵਿੱਚ ਚੋਣਾਂ ਦੋਰਾਨ ਸ਼ਰਾਬ, ਡਰੱਗਸ ਆਦਿ ਵੰਡਣ ਦੇ ਨਾਲ ਨਾਲ ਹੀ ਵੋਟਾਂ ਵੀ ਖਰੀਦਦਾ ਹੈ| ਉਨ੍ਹਾ ਕਿਹਾ ਕਿ ਜੂਨੀਅਰ ਬਾਦਲ ਨੇ ਇਸ ਭ੍ਰਿਸ਼ਟ ਪ੍ਰਕਿਰਿਆ ਨੂੰ ਪੂਰੇ ਸੂਬੇ ਵਿੱਚ ਹੀ ਲਾਗੂ ਕਰ ਦਿੱਤਾ ਹੈ|
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਪਿਲਸ ਨੂੰ ਤਾੜਣਾ ਹੈ ਕਿ ਪੰਡਾਲ ਵਿੱਚ ਆ ਧਮਕਣ ਵਾਲਿਆਂ ਖਿਲਾਫ ਆਈ.ਪੀ.ਸੀ ਦੀਆਂ ਧਾਰਾਵਾਂ ਅਧੀਨ ਸਖਤ ਕਦਮ ਚੁੱਕਿਆ ਜਾਵੇ| ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਅਕਾਲੀ ਗੁੰਡਿਆਂ ਖਿਲਾਫ ਢੁੱਕਵਾਂ ਕਦਮ ਚੁੱਕਣ ਵਿੱਚ ਅਸਫਲ ਰਹਿੰਦੀ ਹੈ ਤਾਂ ਇਹ ਮੰਨ ਲਿਆ ਜਾਵੇਗਾ ਕਿ ਉਹ ਉਹਨਾਂ ਨਾਲ ਰਲੇ ਹੋਏ ਹਨ ਅਤੇ ਉਕਤ ਸਾਜਿਸ਼ ਦਾ ਇੱਕ ਹਿੱਸਾ ਵੀ ਹਨ|

Leave a Reply

Your email address will not be published. Required fields are marked *