Administration has to control Noise Pollution

ਲਗਾਤਾਰ ਵੱਧਦੇ ਸ਼ੋਰ    ਪ੍ਰਦੂਸ਼ਨ ਨੂੰ ਨੱਥ ਪਾਏ ਪ੍ਰਸ਼ਾਸ਼ਨ
ਅੱਜ ਕਲ ਵਿਆਹਾਂ ਦਾ ਸੀਜਣ ਚਲ ਰਿਹਾ ਹੈ ਅਤੇ ਵਿਆਹ ਹੋਵੇ ਤਾਂ ਢੇਲ ਢਮੱਕਾ ਤਾਂ ਹੋਣਾ ਹੀ ਹੁੰਦਾ ਹੈ ਜਿਸ ਕਾਰਨ ਕੰਨਪਾੜੂੰ ਸ਼ੋਰ ਪ੍ਰਦੂਸ਼ਨ ਵੀ ਕਾਫੀ ਵੱਧ ਗਿਆ ਹੈ| ਰੋਜਾਨਾਂ ਵੱਡੀ ਗਿਣਤੀ ਵਿੱਚ ਹੋਣ ਵਾਲੇ ਇਹਨਾਂ ਵਿਆਹਾਂ ਦੌਰਾਨ ਇੰਨੀ ਤੇਜ ਆਵਾਜ ਵਿੱਚ ਸੰਗੀਤ ਵਜਾਇਆ ਜਾਂਦਾ ਹੈ ਕਿ ਕੰਨ ਸੁੰਨ ਹੋ ਕੇ ਰਹਿ ਜਾਂਦੇ ਹਨ| ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਖੁੱਲ ਚੁੱਕੇ ਮੈਰਿਜ਼ ਪੈਲਿਸਾਂ ਵਿੱਚ ਬਹੁਤ ਉੱਚੀ ਆਵਾਜ ਵਿੱਚ ਡੀ ਜੇ ਲਾਇਆ ਜਾਂਦਾ ਹੈ ਅਤੇ ਆਰਕੈਸਟਰਾਂ ਵਾਲੇ ਵੀ ਬਹੁਤ ਉਚੀ ਆਵਾਜ ਵਿੱਚ ਗਾਣੇ ਗਾਉਂਦੇ ਹਨ| ਇਹ ਲੋਕ ਇੰਨਾ ਵੱਧ ਸ਼ੋਰ ਪੈਦਾ ਕਰਕੇ ਖੁਦ ਦਾ ਨੁਕਸਾਨ ਤਾਂ ਕਰਦੇ ਹੀ ਹਨ ਹੋਰਨਾਂ ਲੋਕਾਂ ਲਈ ਵੀ ਪਰੇਸ਼ਾਨੀ ਖੜੀ ਕਰਦੇ ਹਨ| ਇਸ ਤੋਂ ਇਲਾਵਾ ਵਿਆਹਾਂ ਦੌਰਾਨ ਦੇਰ ਰਾਤ ਜਦੋਂ ਆਸ ਪਾਸ ਦੇ ਲੋਕ ਸੌਂ ਜਾਂਦੇ ਹਨ ਪਟਾਕੇ ਅਤੇ ਆਤਿਸ਼ਬਾਜੀ ਚਲਾਉਣੀ ਸ਼ੁਰੂ ਕਰ ਦਿਤੀ ਜਾਂਦੀ ਹੈ ਜਿਸ ਨਾਲ ਧੂਏਂ ਦੇ ਪ੍ਰਦੂਸ਼ਨ ਦੇ ਨਾਲ ਨਾਲ ਵੱਡੀ ਪੱਧਰ ਤੇ ਆਵਾਜ ਪ੍ਰਦੂਸ਼ਨ ਵੀ ਹੁਦਾ ਹੈ| ਇਸੇ ਤਰ੍ਹਾਂ ਕਈ ਲੋਕ ਆਪਣੇ ਘਰਾਂ ਵਿੱਚ ਵੀ ਕਾਫੀ ਤੇਜ ਆਵਾਜ ਵਿੱਚ ਸੰਗੀਤ ਵਜਾਉਂਦੇ ਹਨ ਅਤੇ ਕਈ ਵਾਹਨ ਚਾਲਕਾਂ ਵਲੋਂ ਵੀ ਆਪਣੇ ਵਾਹਨਾਂ ਵਿੱਚ ਅਜਿਹੇ ਸਟੀਰਿਓ ਫਿਟ ਕਰਵਾਏ ਜਾਂਦੇ ਹਨ ਜਿਸਦੀ ਆਵਾਜ ਦੀ ਧਮਕ ਜਮੀਨ ਤਕ ਨੂੰ ਹਿਲਾ ਦਿੰਦੀ ਹੈ|
ਕਈ ਧਾਰਮਿਕ ਸਥਾਨਾਂ ਵਾਲੇ ਵੀ ਬਹੁਤ ਉੱਚੀ ਆਵਾਜ ਵਿੱਚ ਧਾਰਮਿਕ ਗੀਤ ਲਾ ਦਿੰਦੇ ਹਨ, ਜਿਸ ਕਰਕੇ ਆਮ ਲੋਕਾਂ ਨੂੰ ਉਹਨਾਂ ਨੂੰ ਸੁਣਨ ਲਈ ਮਜਬੂਰ ਹੋਣਾ ਪੈਂਦਾ ਹੈ| ਇਸਦੇ ਨਾਲ ਹੀ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਕਈ ਥਾਂਵਾਂ ਉਪਰ ਉੱਚੀ ਆਵਾਜ ਵਿੱਚ ਸਪੀਕਰ ਲਾਉਣ ਤੇ ਪਾਬੰਦੀ ਹੋਣ ਦੇ ਬਾਵਜੂਦ ਲੋਕ Tੁੱਚੀ-Tੁੱਚੀ ਸਪੀਕਰ ਲਾਈ ਰੱਖਦੇ ਹਨ| ਕਈ ਵਾਰ ਸਾਰੀ-ਸਾਰੀ ਰਾਤ ਜਗਰਾਤਾ ਹੁੰਦਾ ਹੈ ਅਤੇ ਭਜਨ ਮੰਡਲੀਆਂ ਉੱਚੀ ਆਵਾਜ ਵਿੱਚ ਭਜਨ ਗਾਉਂਦੀਆਂ ਰਹਿੰਦੀਆਂ ਹਨ ਜਿਸ ਕਾਰਨ ਲੋਕਾਂ ਨੂੰ ਘਰਾਂ ਵਿੱਚ ਵੀ ਨੀਂਦ ਨਹੀਂ ਆਉਂਦੀ| ਸ਼ੋਰ ਪ੍ਰਦੂਸ਼ਨ ਕਾਰਨ ਸਭ ਤੋਂ ਜਿਆਦਾ ਪ੍ਰੇਸ਼ਾਨ ਬੱਚਿਆਂ ਅਤੇ ਬਜੁਰਗਾਂ ਨੂੰ ਹੋਣਾ ਪੈਂਦਾ ਹੈ|   ਬਜੁਰਗਾਂ ਨੂੰ ਇਸ ਰੌਲੇ ਵਿੱਚ ਨੀਂਦ ਹੀ ਨਹੀਂ ਆਂਉਂਦੀ| ਬਿਮਾਰ ਲੋਕਾਂ ਨੂੰ ਵੀ ਇਸ ਰੌਲੇ ਤੋਂ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਜੇ ਕਿਸੇ ਨੂੰ ਗਾਣਿਆਂ ਦੀ ਆਵਾਜ ਘੱਟ ਕਰਨ ਲਈ ਕਿਹਾ ਜਾਵੇ ਤਾਂ ਉਹ ਲੜਨ ਨੂੰ ਪੈਂਦਾ ਹੈ| ਇਸ ਕਾਰਨ ਆਮ ਤੌਰ ਤੇ ਲੋਕ ਕੁੱਝ ਕਹਿਣ ਤੋਂ ਪਰਹੇਜ ਹੀ ਕਰਦੇ ਹਨ ਅਤੇ ਇਹ ਸਭ ਕੁਝ ਜਾਰੀ ਰਹਿੰਦਾ ਹੈ|
ਇਸੇ ਤਰ੍ਹਾਂ ਵਾਹਨ ਚਾਲਕਾਂ ਵਲੋਂ ਬਿਨਾ ਵਜ੍ਹਾ ਵਜਾਏ ਜਾਂਦੇ ਵਾਹਨ ਵੀ ਸ਼ੋਰ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਨ| ਕਈ ਵਾਹਨਾਂ ਉਪਰ ਪ੍ਰੈਸ਼ਰ ਹਾਰਨ ਲੱਗੇ ਹੋਏ ਹੁੰਦੇ ਹਨ ਜੋਕਿ ਬਹੁਤ ਤੇਜ ਆਵਾਜ ਵਿੱਚ ਵੱਜਦੇ ਹਨ| ਵਾਹਨ ਚਲਾਉਣ ਵੇਲੇ ਕਈ ਵਾਰ ਲੋਕ ਬਿਨਾਂ ਕਾਰਨ ਹੀ ਆਪਣੇ ਵਾਹਨਾਂ ਦੇ ਹਾਰਨ ਵਜਾਉਂਦੇ ਰਹਿੰਦੇ ਹਨ|  ਕਈ ਵਿਅਕਤੀ ਤਾਂ ਅਜਿਹੇ ਵੀ ਹਨ ਜਿਹੜੇ ਜਦੋਂ ਕਿਸੇ ਦੇ ਘਰ ਜਾਂਦੇ ਹਨ ਤਾਂ ਜਦੋਂ ਤਕ ਅਗਲਾ ਦਰਵਾਜਾ ਨਾ ਖੋਲ੍ਹੇ ਉਹ ਹਾਰਨ ਹੀ ਵਜਾਉੁਂਦੇ ਰਹਿੰਦੇ ਹਨ| ਹੋਰ ਤਾਂ ਹੋਰ ਮੋਟਰਸਾਇਕਲਾਂ ਵਾਲੇ ਵੀ ਬਹੁਤ ਉੱਚੀ ਆਵਾਜ ਵਿੱਚ ਹਾਰਨ ਵੀ ਵਜਾਉਂਦੇ ਹਨ ਅਤੇ  ਬੁਲੇਟ ਮੋਟਰਸਾਇਕਲ ਦੇ ਸਾਈਲੈਂਸਰਾਂ ਵਿੱਚੋਂ ਪਟਾਕਿਆਂ ਦੀ ਆਵਾਜ ਕੱਢਣਾ ਜਿਵੇਂ ਅੱਜ ਦੇ ਨੌਜਵਾਨਾ ਦਾ ਫੈਸ਼ਨ ਹੀ ਬਣ ਗਿਆ ਹੈ|
ਹਾਲਾਤ ਇਹ ਹਨ ਕਿ ਅੱਜ ਕੱਲ ਹਰ ਵਿਅਕਤੀ ਸ਼ੋਰ ਪ੍ਰਦੂਸ਼ਨ ਵਿੱਚ ਆਪੋ ਆਪਣਾ ਯੋਗਦਾਨ ਪਾ ਰਿਹਾ ਹੈ| ਕਈ ਵਾਰ ਡੀ ਜੇ ਉੱਚੀ ਆਵਾਜ ਵਿੱਚ ਚਲਾਉਣ ਕਾਰਨ ਝਗੜੇ ਵੀ ਹੋ ਚੁੱਕੇ ਹਨ ਅਤੇ ਗੱਲ ਮਾਰਕੁਟਾਈ ਤੱਕ ਵੀ ਪਹੁੰਚ ਜਾਂਦੀ ਹੈ| ਅਕਸਰ ਹੀ ਅਸੀਂ ਦੇਖਦੇ ਹਾਂ ਕਿ ਉੱਚੀ ਆਵਾਜ ਵਿੱਚ ਚਲਦੇ ਗਾਣਿਆਂ ਕਰਕੇ ਕਈ ਵਾਹਨ ਹਾਦਸੇ ਦਾ ਸ਼ਿਕਾਰ ਵੀ ਹੋ ਜਾਂਦੇ ਹਨ| ਸੜਕਾਂ ਉਪਰ ਤੇਜ ਰਫਤਾਰ ਵਿੱਚ ਚਲਦੀਆਂ ਟ੍ਰੈਕਟਰ ਟਰਾਲੀਆਂ ਵਾਲੇ ਬਹੁਤ ਉੱਚੀ ਆਵਾਜ ਵਿੱਚ ਡੈਕ ਲਗਾਕੇ ਗਾਣੇ ਲਾਈ ਰੱਖਦੇ ਹਨ, ਜਿਸ ਕਰਕੇ ਬਹੁਤ ਰੌਲਾ ਪੈਂਦਾ ਹੈ| ਅਜਿਹੇ ਟ੍ਰੈਕਟਰ ਚਾਲਕ ਕਿਸੇ ਹੋਰ ਵਾਹਨਾਂ ਦਾ ਹਾਰਨ ਨਹੀਂ ਸੁਣਦੇ ਅਤੇ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ|
ਇਸ ਸਾਰੇ ਕੱਝ ਤੇ ਕਾਬੂ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਵਰਤਾਰਾ ਲਗਾਤਾਰ ਵੱਧ ਰਿਹਾ ਹੈ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਤਰੀਕੇ ਨਾਲ ਆਮ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਨ ਵਾਲੀ ਸ਼ੋਰ ਪ੍ਰਦੂਸ਼ਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਅਜਿਹੇ ਲੋਕਾਂ ਦੇ ਖਿਲਾਫ ਹੋਣ ਵਾਲੀ ਸਖਤ ਕਾਰਵਾਈ ਦਾ ਡਰ ਹੀ ਸ਼ੋਰ ਪ੍ਰਦੂਸ਼ਨ ਤੇ ਕਾਬੂ ਕਰਨ ਦਾ ਸਮਰਥ ਹੋ ਸਕਦਾ ਹੈ ਇਸ ਲਈ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *