Administration should take effective measures to prevent dengue : Dhanoa

ਮੁਹਾਲੀ ਵਿੱਚ ਡੇਂਗੂ ਦਾ ਪ੍ਰਕੋਪ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ – ਧਨੋਆ
ਪ੍ਰਸ਼ਾਸਨ ਦੇ ਨਾਲ ਨਾਲ ਸਫਾਈ ਪ੍ਰਤੀ ਖੁਦ ਵੀ ਸੁਚੇਤ ਹੋਣ ਲੋਕ
ਫਾਗਿੰਗ ਮਸ਼ੀਨਾਂ ਦੀ ਗਿਣਤੀ ਅਤੇ ਸਟਾਫ ਵਧਾ ਕੇ ਇਸ ਮੁਹਿੰਮ ਨੂੰ ਵਧੇਰੇ ਅਸਰਦਾਰ ਬਣਾਇਆ ਜਾਵੇ|

ਐਸ ਏ ਐਸ ਨਗਰ, 19 ਸਤੰਬਰ : ਡੇਂਗੂ ਬੁਖਾਰ ਦਾ ਮੌਸਮ ਹੋਣ ਕਾਰਨ ਸ਼ਹਿਰ ਅਤੇ ਆਸੇ ਪਾਸੇ ਦੇ ਇਲਾਕਿਆਂ ਵਿੱਚ ਡੇਂਗੂ ਦਾ ਅਸਰ ਵਧਦਾ ਜਾ ਰਿਹਾ ਹੈ| ਇਸ ਦੇ ਨਾਲ ਹੀ ਆਮ ਬੁਖਾਰ ਹੋਣ ਅਤੇ ਪਲੇਟਲੈਟਸ ਘਟਣ ਕਾਰਨ ਦਹਿਸ਼ਤ ਦਾ ਮਾਹੌਲ ਵੀ ਬਣ ਗਿਆ ਹੈ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਲਗਾਤਾਰ ਭਰਤੀ ਹੋ ਰਹੇ ਹਨ|  ਸਾਰੇ ਪਾਸੇ ਦਹਿਸ਼ਤ ਦਾ ਮਹੌਲ ਹੈ|  ਸਰਕਾਰੀ ਹਸਪਤਾਲਾਂ ਅਤੇ ਡਿਸਪੈੱਸਰੀਆਂ ਵਿੱਚ ਸਟਾਫ ਦੀ ਕਮੀ ਅਤੇ ਦਵਾਈਆਂ ਦੀ ਘਾਟ ਕਾਰਨ ਸਹੀ ਇਲਾਜ ਨਹੀਂ ਹੋ ਰਿਹਾ ਜਿਸ ਕਾਰਨ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|  ਪ੍ਰਾਈਵੇਟ ਹਸਪਤਾਲਾਂ ਵੱਲੋਂ ਇਸ ਮੌਕੇ ਦਾ ਫਾਇਦਾ ਉਠਾਇਆ ਜਾ ਰਿਹਾ ਹੈ| ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਰੁਝਾਨ ਨੂੰ ਵੀ ਰੋਕਿਆ ਜਾਵੇ| ਫਾਗਿੰਗ ਮਸ਼ੀਨਾਂ ਦੀ ਘਾਟ ਅਤੇ ਸ਼ਹਿਰ ਦਾ ਏਰੀਆ ਵੱਡਾ ਹੋਣ ਕਾਰਨ ਕਰੀਬਨ 15-15 ਦਿਨ ਵੀ ਏਰੀਏ ਦੀ ਵਾਰੀ ਨਹੀਂ ਆਉਂਦੀ ਜਿਸ ਕਾਰਨ ਸ਼ਹਿਰ ਵਿੱਚ ਮੱਛਰਾਂ ਦੀ ਭਰਮਾਰ ਹੋ ਗਈ ਹੈ ਜਿਸ ਕਾਰਨ ਡੇਂਗੂ ਦਾ ਪ੍ਰਕੋਪ ਵੱਧ ਰਿਹਾ ਹੈ|
ਇਹ ਵਿਚਾਰ ਸਤਵੀਰ ਸਿੰਘ ਧਨੋਆ, ਅਕਾਲੀ ਕੌਂਸਲਰ ਵਾਰਡ ਨੰ: 23 ਨੇ ਸਾਂਝੇ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸਬੰਧੀ ਇੱਕ ਪ੍ਰਭਾਵਸ਼ਾਲੀ ਅਤੇ ਠੋਸ ਨੀਤੀ ਬਣਾ ਕੇ ਅਮਲ ਵਿੱਚ ਲਿਆਂਦੀ ਜਾਵੇ ਤਾਂ ਕਿ ਹਰ ਸਾਲ ਮੱਛਰਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ ਅਤੇ ਲੋਕਾਂ ਨੂੰ ਹੰਗਾਮੀ ਹਾਲਾਤਾਂ ਵਿੱਚ
ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ| ਇਸ ਦੇ ਲਈ ਸ਼ਹਿਰ ਵਿੱਚ ਫਾਗਿੰਗ ਮਸ਼ੀਨਾਂ ਦੀ ਗਿਣਤੀ ਵਧਾ ਕੇ ਘੱਟੋ ਘੱਟ 8 ਮਸ਼ੀਨਾਂ ਕੀਤੀਆਂ ਜਾਣ ਅਤੇ ਇਸ ਦੇ ਸਟਾਫ ਦੀ ਗਿਣਤੀ ਵਧਾ ਕੇ ਸਿਰਫ ਇਸੇ ਕੰਮ ਲਈ ਹੀ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਮੱਛਰਾਂ ਦੇ ਖਾਤਮੇ ਪ੍ਰਤੀ ਜਿੰਮੇਵਾਰੀ ਤਹਿ ਕੀਤੀ ਜਾਵੇ|  ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਐਮਰਜੈਂਸੀ ਦੇ ਤੌਰ ਤੇ ਡਾਕਟਰਾਂ ਅਤੇ ਹੋਰ ਅਮਲੇ ਦੀ ਗਿਣਤੀ ਵਧਾਈ ਜਾਵੇ ਇਸ ਦੇ ਨਾਲ ਨਾਲ ਦਵਾਈਆਂ ਦੀ ਉਪਲਬਧਤਾ ਵੀ ਯਕੀਨੀ ਬਣਾਈ ਜਾਵੇ|
ਦੇਖਣ ਵਿੱਚ ਆਇਆ ਹੈ ਕਿ ਮੱਛਰ ਖੜੇ ਪਾਣੀ ਅਤੇ ਸਫਾਈ ਦੀ ਅਣਹੋਂਦ ਕਾਰਨ ਹੀ ਪੈਦਾ ਹੁੰਦਾ ਹੈ| ਸੋ ਇਸ ਲਈ ਸ਼ਹਿਰ ਨਿਵਾਸੀਆਂ ਦੀ ਵੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਕੱਲੇ ਪ੍ਰਸ਼ਾਸਨ ਤੇ ਹੀ ਨਿਰਭਰ ਨਾ ਹੋ ਕੇ ਆਪ ਵੀ ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਜਿਵੇਂ ਕਿ ਘਰ ਦੇ ਕੂੜੇ ਦਾਨ ਨੂੰ ਰੋਜ਼ ਖਾਲੀ ਕੀਤਾ ਜਾਵੇ, ਘਰ ਵਿੱਚ ਸਿੱਲੀਆਂ ਥਾਵਾਂ ਉੱਤੇ ਮੱਛਰ ਮਾਰ ਦਵਾਈ ਛਿੜਕੀ ਜਾਵੇ, ਗਮਲੇ, ਕੂਲਰ, ਟਾਇਰਾਂ ਜਾਂ ਖਾਲੀ ਪਏ ਕਿਸੇ ਵੀ ਤਰ੍ਹਾਂ ਦੇ ਖੋਲਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਬਾਥਰੂਮਾਂ ਨੂੰ ਜਿਆਦਾ ਤਰ ਸੁੱਕੇ ਰੱਖਿਆ ਜਾਵੇ, ਸਰੀਰ ਨੂੰ ਜਿੰਨਾ ਹੋ ਸਕੇ ਢਕ ਕੇ ਰੱਖਿਆ ਜਾਵੇ, ਘਰਾਂ ਵਿੱਚ ਮੇਨ ਹੋਲਾਂ ਅਤੇ ਡਿਸਪੋਜ਼ਲ ਪੁਆਇਟਾਂ ਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਨਾਲ ਹੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ|
ਇਸ ਸਬੰਧੀ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ) ਨੇ ਦੱਸਿਆ ਕਿ ਖੂਨ ਅਤੇ ਪਲੇਟਲੈਟਸ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਸਾਡੀ ਸੁਸਾਇਟੀ ਦੇ ਵਲੰਟੀਅਰ ਇਸ ਦੀ ਮੰਗ ਦੀ ਪੂਰਤੀ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ | ਇਸ ਸਬੰਧੀ ਕਿਸੇ ਵੀ ਐਮਰਜੈਂਸੀ ਵੇਲੇ ਖੂਨ ਅਤੇ ਪਲੇਟਲੈਟਸ ਲਈ ਸੁਸਾਇਟੀ ਦੇ ਸੰਪਰਕ ਨੰਬਰਾਂ 98143-84531, 98557-43707, 98888-69495 ਤੇ ਸੰਪਰਕ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *