Association alleged Scam in Punseed Corporation, demanded inquiry

ਕਿਸਾਨਾਂ ਨੂੰ ਸਬਸਿਡੀ ‘ਤੇ ਬੀਜ ਮੁਹੱਈਆ ਕਰਵਾਉਣ ਵਾਲੀ ਪਨਸੀਡ ਕਾਰਪੋਰੇਸ਼ਨ ਵਿੱਚ ਬੀਜ ਘੋਟਾਲਾ!

ਮਾਨਸਾ ਖੇਤਰ ਦੇ ਕਿਸਾਨਾਂ ਦੀ 76 ਲੱਖ ਰੁਪਏ ਦੀ ਸਬਸਿਡੀ ਡਕਾਰ ਗਈ ਕਾਰਪੋਰੇਸ਼ਨ

ਐੱਸ.ਏ.ਐੱਸ. ਨਗਰ, 27 ਸਤੰਬਰ : ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ‘ਤੇ ਬੀਜ ਮੁਹੱਈਆ ਕਰਵਾਉਣ ਵਾਲੀ ਕਾਰਪੋਰੇਸ਼ਨ ਪੰਜਾਬ ਸਟੇਟ ਬੀਜ ਨਿਗਮ ਲਿਮਟਿਡ (ਪਨਸੀਡ) ਵਿੱਚ ਬੀਜ ਵੇਚਣ ਲਈ ਅਤੇ ਵੱਡੇ ਰੈਂਕ ‘ਤੇ ਅਫ਼ਸਰਾਂ ਦੀ ਭਰਤੀ ਕਰਕੇ ਵੱਡੇ ਘੋਟਾਲੇ ਦਾ ਪਰਦਾਫਾਸ਼ ਹੋਇਆ ਹੈ|

ਅੱਜ ਇੱਥੇ ਜ਼ਿਲ੍ਹਾ ਪ੍ਰੈੱਸ ਕਲੱਬ ਐੱਸ.ਏ.ਐੱਸ. ਨਗਰ ਵਿਖੇ ਪੰਜਾਬ ਅਗੇਂਸਟ ਕਰੱਪਸ਼ਨ ਸੰਸਥਾ ਦੇ ਅਹੁਦੇਦਾਰ ਸਤਨਾਮ ਸਿੰਘ ਦਾਊਂ, ਕਾਰਪੋਰੇਸ਼ਨ ਤੋਂ ਰਿਟਾਇਰਡ ਅਧਿਕਾਰੀ ਜੇ.ਐਸ. ਰਾਏ, ਐਡਵੋਕੇਟ ਤੇਜਿੰਦਰ ਸਿੱਧੂ, ਐਡਵੋਕੇਟ ਗਮਦੂਰ ਸਿੰਘ ਅਤੇ ਐਡਵੋਕੇਟ ਵਿਕਰਮਜੀਤ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਕਾਰਪੋਰੇਸ਼ਨ ਵਿੱਚ ਘੋਟਾਲਾ ਹੋਣ ਦਾ ਪਰਦਾਫਾਸ਼ ਕੀਤਾ| ਉਨ੍ਹਾਂ ਕਿਹਾ ਕਿ ਜੇਕਰ ਪਨਸੀਡ ਕਾਰਪੋਰੇਸ਼ਨ ਦੀ ਸੀ.ਬੀ.ਆਈ. ਜਾਂ ਕਿਸੇ ਹੋਰ ਨਿਰਪੱਖ ਏਜੰਸੀ ਤੋਂ ਪਿਛਲੇ ਸਮੇਂ ਵਿੱਚ ਬੀਜ ਦੀ ਵੇਚ ਅਤੇ ਸਬਸਿਡੀ ਮਾਮਲਿਆਂ ਦੀ ਜਾਂਚ ਕੀਤੀ ਜਾਵੇ ਤਾਂ ਵੱਡੇ ਘੋਟਾਲੇ ਸਾਹਮਣੇ ਆ ਸਕਦੇ ਹਨ|

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਕਾਰਪੋਰੇਸ਼ਨ ਵਿੱਚ ਸਰਕਾਰ ਦੇ ਮੰਤਰੀਆਂ ਦੀ ਮਿਲੀਭੁਗਤ ਨਾਲ ਕਰੱਪਸ਼ਨ ਕਰਨ ਦੀ ਨੀਅਤ ਨਾਲ ਟੇਢੇ ਮੇਢੇ ਢੰਗ ਨਾਲ ਜੀ.ਐਮ. ਪੱਧਰ ਦੇ ਅਫ਼ਸਰ ਅਤੇ ਬੀਜਾਂ ਦਾ ਵਪਾਰ ਕਰਨ ਵਾਲੇ ਵਿਅਕਤੀ ਨੂੰ ਪ੍ਰੋਡਕਸ਼ਨ ਅਫ਼ਸਰ ਭਰਤੀ ਕੀਤਾ ਜਾ ਰਿਹਾ ਹੈ ਜਦਕਿ ਨਿਯਮਾਂ ਮੁਤਾਬਕ ਬੀਜ ਦਾ ਵਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਾਰਪੋਰੇਸ਼ਨ ਵਿੱਚ ਬਤੌਰ ਅਫ਼ਸਰ ਭਰਤੀ ਨਹੀਂ ਕੀਤਾ ਜਾ ਸਕਦਾ| ਸਰਕਾਰ ਅਤੇ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀ ਨਾ ਤਾਂ ਕੋਈ ਜਾਂਚ ਹੋਈ ਅਤੇ ਨਾ ਹੀ ਕੋਈ ਕਾਰਵਾਈ ਹੋ ਰਹੀ ਹੈ| ਕਾਰਪੋਰੇਸ਼ਨ ਵਿੱਚ ਤਾਇਨਾਤ ਅਧਿਕਾਰੀ ਕਾਨੂੰਨ ਅਤੇ ਨਿਯਮ ਤੋੜ ਕੇ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ|

ਉਨ੍ਹਾਂ ਦੱਸਿਆ ਕਿ ਸਾਲ 2000 ਵਿੱਚ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਤੇ ਹੋਰ ਉੱਚ ਅਧਿਕਾਰੀਆਂ ਨੇ ਕਾਰਪੋਰੇਸ਼ਨ ਵਿੱਚ 18 ਮੁਲਾਜ਼ਮਾਂ ਨੂੰ ਨਿਯਮਾਂ ਦੇ ਉਲਟ ਜਾ ਕੇ ਜ਼ਬਰੀ ਰਿਟਾਇਰ ਕਰ ਦਿੱਤਾ| ਸਰਕਾਰ ਵੱਲੋਂ ਉਨ੍ਹਾਂ ਕਰਮਚਾਰੀਆਂ ਨੂੰ ਜਬਰੀ ਰਿਟਾਇਰ ਕਰਨ ਲਈ ਭਾਵੇਂ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਪ੍ਰੰਤੂ ਇਸ ਦੇ ਬਾਵਜੂਦ ਅਫ਼ਸਰਾਂ ਨੇ ਆਪਣੀ ਮਨਮਰਜ਼ੀ ਕਰਦੇ ਹੋਏ ਉਨ੍ਹਾਂ ਕਰਮਚਾਰੀਆਂ ਨੂੰ ਕਾਰਪੋਰੇਸ਼ਨ ਦੇ ਫੰਡਾਂ ਵਿੱਚੋਂ 3 ਕਰੋੜ 27 ਲੱਖ ਰੁਪਏ ਦਾ ਭੁਗਤਾਨ ਕਰਕੇ ਜਬਰੀ ਰਿਟਾਇਰ ਕਰ ਦਿੱਤਾ| ਸੱਤ ਸਾਲ ਬਾਅਦ ਸਾਲ 2008 ਵਿੱਚ ਉਹੀ 18 ਮੁਲਾਜ਼ਮਾਂ ਨੂੰ ਨਵੇਂ ਪੇ-ਸਕੇਲਾਂ ‘ਤੇ ਕਾਰਪੋਰੇਸ਼ਨ ਵਿੱਚ ਰੱਖ ਲਿਆ| ਇਸ ਤੋਂ ਇਲਾਵਾ ਕਾਰਪੋਰੇਸ਼ਨ ਦੇ ਪਟਿਆਲਾ, ਲੁਧਿਆਣਾ ਅਤੇ ਅਬੋਹਰ ਵਿਖੇ ਬੀਜ ਦੀ ਖੋਜ ਕਰਨ ਵਾਲੇ ਸਥਿਤ ਤਿੰਨ ਖੇਤਰੀ ਦਫ਼ਤਰ ਵੀ ਬੰਦ ਕਰ ਦਿੱਤੇ ਗਏ| ਇਹ ਦਫ਼ਤਰ ਬੰਦ ਕਰਨ ਨਾਲ ਬੀਜ ਦੀ ਪ੍ਰੋਡਕਸ਼ਨ ਘੱਟ ਹੋ ਗਈ ਅਤੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਇਆ|

ਕਾਰਪੋਰੇਸ਼ਨ ਵਿੱਚ ਘਪਲਿਆਂ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2009-10 ਵਿੱਚ ਮਾਨਸਾ ਸੇਲ ਸੈਂਟਰ ਵਿੱਚ ਮਹਿਲਾ ਸੇਲਜ਼ਮੈਨ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੇ ਹਜ਼ਾਰਾਂ ਕੁਇੰਟਲ ਬੀਜ ਘੁਟਾਲੇ ਵਿੱਚ ਫਸ ਗਈ ਸੀ| ਕਾਰਪੋਰੇਸ਼ਨ ਦੇ ਉਚ ਅਧਿਕਾਰੀਆਂ ਦੀ ਮਿਲੀਭੁਗਤ ਇਹ ਸੀ ਕਿ 100 ਤੋਂ 150 ਕੁਇੰਟਲ ਸਮਰੱਥਾ ਦੇ ਗੋਦਾਮ ਵਾਲੇ ਪਨਸੀਡ ਦੇ ਮਾਨਸਾ ਸੇਲ ਸੈਂਟਰ ਤੋਂ ਕਾਰਪੋਰੇਸ਼ਨ ਵੱਲੋਂ ਸਿਰਫ਼ 22 ਅਕਤੂਬਰ 2009 ਤੋਂ 19 ਨਵੰਬਰ 2009 ਤੱਕ 15 ਹਜ਼ਾਰ 181 ਕੁਇੰਟਲ ਕਣਕ ਦਾ ਬੀਜ ਵੇਚਿਆ ਦਿਖਾਇਆ ਗਿਆ|  ਇਹ ਵੀ ਦੱਸਣਯੋਗ ਹੈ ਕਿ ਵੇਚੇ ਗਏ ਬੀਜ ਦੀ ਰਕਮ ਸੇਲ ਸੈਂਟਰ ਵੱਲੋਂ ਦੂਜੇ ਦਿਨ ਹੀ ਕਾਰਪੋਰੇਸ਼ਨ ਕੋਲ ਜਮ੍ਹਾਂ ਕਰਵਾਉਣੀ ਹੁੰਦੀ ਹੈ ਪ੍ਰੰਤੂ ਇਹ ਰਕਮ 25 ਮਾਰਚ 2010 ਨੂੰ ਜਮ੍ਹਾਂ ਕਰਵਾਈ ਗਈ|

ਇਸ ਤੋਂ ਬਿਲਕੁਲ ਸਾਫ਼ ਹੁੰਦਾ ਹੈ ਕਿ ਹਜ਼ਾਰਾਂ ਕੁਇੰਟਲ ਬੀਜ ਦਾ ਘੋਟਾਲਾ ਹੋ ਗਿਆ| ਤੰਗ ਆਏ ਮਾਨਸਾ ਦੇ ਕਿਸਾਨਾਂ ਦੀ ਸ਼ਿਕਾਇਤ ਉਤੇ ਮਹਿਲਾ ਦੇ ਖਿਲਾਫ਼ ਮਾਨਸਾ ਥਾਣੇ ਵਿੱਚ ਐਫ.ਆਈ.ਆਰ. ਦਰਜ ਤਾਂ ਹੋ ਗਈ ਪ੍ਰੰਤੂ ਉਸ ਘੋਟਾਲੇ ਵਿੱਚ ਵੱਡੇ ਮਗਰਮੱਛ ਰੂਪੀ ਅਫ਼ਸਰ ਆਪਣੇ ਆਪ ਨੂੰ ਬਚਾ ਕੇ ਰੱਖਣ ਵਿੱਚ ਕਾਮਯਾਬ ਹੋ ਗਏ| ਕਾਰਪੋਰੇਸ਼ਨ ਦੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਕੋਈ ਸਹਿਯੋਗ ਨਾ ਦੇਣ ਕਰਕੇ ਕੇਸ ਕਮਜ਼ੋਰ ਹੋ ਗਿਆ ਅਤੇ ਬਾਅਦ ਵਿੱਚ ਉਹੀ ਮਹਿਲਾ ਬਰੀ ਹੋ ਗਈ ਜਦਕਿ ਮਾਨਸਾ ਪੁਲਿਸ ਨੇ ਲਿਖਤੀ ਤੌਰ ‘ਤੇ ਕਾਰਪੋਰੇਸ਼ਨ ਕੋਲੋਂ ਸਹਿਯੋਗ ਵੀ ਮੰਗਿਆ ਸੀ|

ਉਨ੍ਹਾਂ ਦੱਸਿਆ ਕਿ 9 ਮਾਰਚ 2010 ਨੂੰ ਉਸ ਸਮੇਂ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਮਾਨਸਾ ਸੇਲ ਸੈਂਟਰ ਦਾ ਬਿਲ ਬਿਨਾਂ ਵੈਰੀਫਾਈ ਕੀਤਿਆਂ 76 ਲੱਖ 44 ਹਜ਼ਾਰ 200 ਰੁਪਏ ਦੀ ਸਬਸਿਡੀ ਕਢਵਾ ਲਈ ਗਈ| ਮਤਲਬ ਇਹ ਕਿ ਇਹ 76 ਲੱਖ 44 ਹਜ਼ਾਰ 200 ਰੁਪਏ ਸਬਸਿਡੀ ਦਾ ਲਾਭ ਕਿਸਾਨਾਂ ਨੂੰ ਨਹੀਂ ਮਿਲਿਆ|

ਇਸ ਮੌਕੇ ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਜੇਕਰ ਸਾਲ 2009-10 ਵਿੱਚ 5 ਲੱਖ 11 ਹਜ਼ਾਰ 84 ਕੁਇੰਟਲ ਬੀਜ ਗਲਤ ਢੰਗ ਨਾਲ ਵੇਚਿਆ ਜਾ ਸਕਦਾ ਹੈ ਤਾਂ ਹਰ ਸਾਲ ਬੀਜ ਦੀ ਹੋ ਰਹੀ ਵੇਚ ਬਾਰੇ ਸਵਾਲੀਆ ਚਿੰਨ੍ਹ ਲੱਗਣਾ ਸੁਭਾਵਿਕ ਹੈ| ਉਨ੍ਹਾਂ ਕਿਹਾ ਕਿ ਪਨਸੀਡ ਕਾਰਪੋਰੇਸ਼ਨ ਵਿੱਚ ਵੇਚੇ ਜਾ ਰਹੇ ਬੀਜ ਦੀ ਵੱਡੇ ਪੱਧਰ ‘ਤੇ ਜਾਂਚ ਕਰਵਾ ਕੇ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦੇਵੇ|
ਸ੍ਰੀ ਦਾਊਂ ਨੇ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਨੇ ਉਕਤ ਘੋਟਾਲਿਆਂ ਦੀ ਉਚ ਪੱਧਰੀ ਜਾਂਚ ਨਾ ਕਰਵਾਈ ਤਾਂ ਉਨ੍ਹਾਂ ਦੀ ਸੰਸਥਾ ਵੱਲੋਂ ਈ.ਡਬਲਿਯੂ.ਐਸ. ਸਕੀਮ ਤਹਿਤ ਸਸਤੇ ਮਕਾਨਾਂ ਦੇ ਮਾਮਲੇ ਵਿੱਚ ਹੋਏ ਵੱਡੇ ਘੋਟਾਲੇ ਦੀ ਤਰ੍ਹਾਂ ਇਸ ਬੀਜ ਘੋਟਾਲੇ ਨੂੰ ਵੀ ਦੇਸ਼ ਦੀ ਪਾਰਲੀਮੈਂਟ ਅਤੇ ਹਾਈਕੋਰਟ ਤੱਕ ਲਿਜਾਣ ਲਈ ਵੀ ਪੈਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *