Badal should appologise wasting Lacs of Rs. on wrong advt. of Bhai Jaita Ji : Bir Devinder Singh

ਐਸ ਏ ਐਸ ਨਗਰ, 6 ਸਤੰਬਰ (ਕੁਲਦੀਪ ਸਿੰਘ) ਸਾਬਕਾ ਡਿਪਟੀ ਸਪੀਕਰ ਪੰਜਾਬ ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ ਮਿਤੀ 5 ਸਤੰਬਰ 2016 ਨੂੰ ਲੱਗ-ਭੱਗ ਸਾਰੇ ਅਖ਼ਬਾਰਾਂ ਵਿੱਚ ਲੱਖਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਰਕੇ, ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਸ਼ਹੀਦੀ 5 ਸਤੰਬਰ ਨੂੰ ਹੋਈ ਦਰਸਾਈ ਗਈ ਹੈ, ਜਦੋਂ ਕਿ ਇਤਿਹਿਸਕ ਤੱਥਾਂ ਅਨੁਸਾਰ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਚਮਕੌਰ ਦੀ ਜੰਗ ਵਿੱਚ, ਦਸਮੇਸ਼ ਪਿਤਾ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਹੀ, ਮੁਗਲਾਂ ਦੇ ਨਾਲ ਖਾੜਾ-ਏ-ਜੰਗ ਵਿੱਚ ਜੂਝਦੇ ਸਮੇਂ 3 ਪੋਹ ਸੰਮਤ 1761 ਅਰਥਾਤ 22 ਦਸੰਬਰ 1704 ਈਸਵੀ ਨੂੰ ਹੋਈ ਹੈ|
ਸ੍ਰ. ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਭਾਈ ਜੈਤਾ ਜੀ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਦਸਮੇਸ਼ ਗੁਰੂ ਪਾਸ ਅਨੰਦਪੁਰ ਸਾਹਿਬ ਪੁੱਜੇ ਸਨ| ਦਸਮੇਸ਼ ਪਾਸੋਂ ਅੰਮ੍ਰਿਤ ਪਾਨ ਕਰਕੇ ਜੀਵਨ ਸਿੰਘ ਬਣੇ ਅਤੇ ਅਨੰਦਪੁਰ ਸਾਹਿਬ ਵਿਖੇ ਹੀ ਗੁਰੂ ਸਾਹਿਬ ਦੀ ਦੇਖ-ਰੇਖ ਵਿੱਚ ਸ਼ਸ਼ਤਰ ਵਿਦਿਆ ‘ਚ ਕਮਾਲ ਦੀ ਪਰਬੀਨਤਾ ਹਾਸਲ ਕੀਤੀ| ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ ਦੇ ਪੰਨਾ 527 ਤੇ ਲਿਖਦੇ ਹਨ ”ਜੀਵਨ ਸਿੰਘ ਬਹਤ ਵਡਾ ਬਹਾਦੁਰ ਯੋਧਾ ਸੀ| ਜਦ ਅਨੰਦਪੁਰ ਛੱਡ ਕੇ ਦਸ਼ਮੇਸ਼ ਚਮਕੌਰ ਵੱਲ ਆਏ ਹਨ ਤਦ ਇਹ ਰਸਤੇ ਵਿੱਚ ਬਾਬਾ ਅਜੀਤ ਸਿੰਘ ਜੀ ਨਾਲ ਮਿਲ ਕੇ, ਤੁਰਕਾਂ ਨਾਲ ਜੰਗ ਕਰਦਾ ਸ਼ਹੀਦ ਹੋਇਆ| ਇਸਦਾ ਸ਼ਹੀਦ ਗੰਜ ਚਮਕੌਰ ਹੈ”|
ਉਨ੍ਹਾਂ ਕਿਹਾ ਕਿ ‘ਫ਼ਖਰ-ਏ-ਕੌਮ’ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜ਼ੇਰ-ਏ ਕਿਆਦਤ ਚੱਲ ਰਹੀ ਪੰਜਾਬ ਸਰਕਾਰ ਪਾਸੋਂ ਅਜੇਹੀਆਂ ਬੱਜਰ ਇਤਿਹਿਸਕ ਭੁੱਲਾਂ ਦੀ ਉਮੀਦ ਨਹੀਂ ਸੀ ਹੋਣੀ ਚਾਹੀਦੀ| ਉਨ੍ਹਾਂ ਸਵਾਲ ਕੀਤਾ ਕਿ ਕੀ ਪੰਜਾਬ ਸਰਕਾਰ ਇਸ ਵੱਡੀ ਇਤਿਹਾਸਕ ਉਕਾਈ ਦੀ ਸੁਧਾਈ ਕਰਦੇ ਹੋਏ, ਸਿੱਖ ਸੰਗਤ ਪਾਸੋਂ, ਜਨਤਕ ਤੌਰ ਤੇ ਖਿਮਾ ਯਾਚਨਾ ਕਰੇਗੀ?

Leave a Reply

Your email address will not be published. Required fields are marked *