BJP Councilor raised compliants in Distt. electricity advisory committee

ਭਾਜਪਾ ਕੌਂਸਲਰ ਨੇ ਜਿਲ੍ਹਾ ਪੱਧਰੀ ਬਿਜਲੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਸਮੱਸਿਆਵਾਂ ਚੁੱਕੀਆਂ
ਪਿੰਡ ਮਟੌਰ ਵਿੱਚ ਬੀਤੇ ਕੱਲ ਤੋਂ ਬੰਦ ਪਈ ਬਿਜਲੀ ਕਰਵਾਈ ਚਾਲੂ
ਐਸ ਏ ਐਸ ਨਗਰ, 23 ਅਗਸਤ (ਕੁਲਦੀਪ ਸਿੰਘ) ਭਾਰਤੀ ਜਨਤਾ ਪਾਰਟ ਦੇ ਵਾਰਡ ਨੰ: 9 ਤੋਂ ਕੌਂਸਲਰ ਸ੍ਰੀ ਅਰੁਣ ਸ਼ਰਮਾ , ਮੈਂਬਰ ਜਿਲ੍ਹਾ ਬਿਜਲੀ ਸਲਾਹਕਾਰ ਕਮੇਟੀ ਨੇ ਅੱਜ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਇਲਾਕੇ ਦੀਆਂ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਚੁੱਕੀਆਂ| ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਮਟੌਰ ਦੇ ਇੱਕ ਹਿੱਸੇ ਵਿੱਚ ਬੀਤੇ ਕੱਲ ਸਵੇਰੇ 5 ਵਜੇ ਤੋਂ ਬਿਜਲੀ ਸਪਲਾਈ ਬੰਦ ਪਈ ਹੈ ਅਤੇ ਲੋਕ ਤ੍ਰਾਹੀ ਤ੍ਰਾਹੀ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਇਲਾਕੇ ਦੇ ਵਸਨੀਕ ਅਤੇ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਜੋ ਕਰਮਚਾਰੀ ਉੱਥੇ ਬਿਜਲੀ ਠੀਕ ਕਰਨ ਲਈ ਗਏ ਵੀ ਸਨ, ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ ਕਿਉਂਕਿ ਉੱਥੇ ਤਾਰ ਸੜ ਗਈ ਹੈ ਅਤੇ ਉਨ੍ਹਾਂ ਕੋਲ ਤਾਰ ਨਹੀਂ ਹੈ|
ਸ੍ਰੀ ਸ਼ਰਮਾ ਨੇ ਕਿਹਾ ਕਿ ਮੌਕੇ ਤੇ ਹੀ ਬਿਜਲੀ ਵਿਭਾਗ ਦੇ ਐਕਸੀਅਨ ਨੇ ਫੌਰੀ ਤੌਰ ਤੇ ਇਹ ਮਸਲਾ ਹੱਲ ਕਰਨ ਲਈ ਕਰਮਚਾਰੀਆਂ ਨੂੰ ਫੋਨ ਤੇ ਹਦਾਇਤਾਂ ਦਿੱਤੀਆਂ|
ਇਸ ਤੋਂ ਇਲਾਵਾ ਸ੍ਰੀ ਸ਼ਰਮਾ ਨੇ ਸ਼ਹਿਰ ਵਿੱਚ ਲਮਕਦੀਆਂ ਤਾਰਾਂ ਦਾ ਮਸਲਾ ਚੁੱਕਦਿਆਂ ਕਿਹਾ ਕਿ ਅਜਿਹੀਆਂ ਤਾਰਾਂ ਕਦੇ ਵੀ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ| ਉਨ੍ਹਾਂ ਸੁਝਾਅ ਦਿੱਤਾ ਕਿ ਸ਼ਹਿਰ ਵਿੱਚ ਸਮੁੱਚੀਆਂ ਤਾਰਾਂ ਅੰਡਰਗ੍ਰਾਉਂਡ ਕੀਤੀਆਂ ਜਾਣ ਜਿਵੇਂ ਕਿ ਹਾਈ ਟੈਂਸ਼ਨ ਵਾਇਰ ਸੈਕਟਰ 70-71 ਨੂੰ ਵੰਡਦੀ ਸੜਕ ਤੇ ਅੰਡਰਗ੍ਰਾਉਂਡ ਕੀਤੀ ਗਈ ਹੈ| ਉਨ੍ਹਾਂ ਇਸ ਤੋਂ ਇਲਾਵਾ ਵੋਲਟੇਜ ਫਲਕਚੂਏਸ਼ਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਨਾਲ ਭਾਰੀ ਸਮੱਸਿਆ ਖੜ੍ਹੀ ਹੋ ਰਹੀ ਹੈ ਅਤੇ ਇਸ ਲਈ ਇਸ  ਲਈ ਹੋਰ ਟ੍ਰਾਂਸਫਾਰਮਰ ਲਗਾਏ ਜਾਣ| ਇਸ ਮੌਕੇ ਉਨ੍ਹਾਂ ਵਾਰਡ ਨੰ: 9 ਵਿੱਚ ਤਿੰਨ ਨਵੇਂ ਟ੍ਰਾਂਸਫਾਰਮਰ ਲਗਾਉਣ ਤੇ ਵਿਭਾਗ ਦਾ ਧੰਨਵਾਦ ਵੀ ਕੀਤਾ|
ਮਟੌਰ : ਮਟੌਰ ਦੇ ਵਸਨੀਕ ਸ੍ਰ. ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇਲਾਕੇ ਵਿੱਚ ਬਿਜਲੀ ਦੀ ਸਮੱਸਿਆ ਅਕਸਰ ਆਉਂਦੀ ਹੈ ਕਿਉਂਕਿ ਲੋਡ ਬਹੁਤ ਜਿਆਦਾ ਹੈ ਅਤੇ ਤਾਰਾਂ ਸੜ ਜਾਂਦੀਆਂ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਰਮਚਾਰੀਆਂ ਦੀ ਰਿਕਾਰਡਿੰਗ ਪਈ ਹੈ ਸਿ ਵਿੱਚ ਕਿਹਾ ਗਿਆ ਹੈ ਕਿ ਤਾਰ ਸੜ ਗਈ ਹੈ ਅਤੇ ਉਹ ਕੁੱਝ ਨਹੀਂ ਕਰ ਸਕਦੇ| ਇਸ ਸਬੰਧੀ ਉਨ੍ਹਾਂ ਨੇ ਅੱਜ ਜਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰ ਅਰੁਣ ਸ਼ਰਮਾ ਨੂੰ ਇਸਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਇਹ ਮਾਮਲਾ ਮੀਟਿੰਗ ਵਿੱਚ ਚੁੱਕਿਆ ਜਿਸ ਤੋਂ ਬਾਅਦ ਕਰਮਚਾਰੀਆਂ ਨੇ ਆ ਕੇ ਬਿਜਲੀ ਚਾਲੂ ਕਰਵਾਈ| ਇਸ ਮੌਕੇ ਸ੍ਰ. ਬੈਦਵਾਨ ਦੇ ਨਾਲ ਇਕਬਾਲ ਖਾਨ, ਗੁਰਮੀਤ ਫੌਜੀ, ਸਰੂਪ ਸਿੰਘ, ਅਮਰੋ, ਜੀਤੋ, ਮਿੰਦਰੋ ਆਦਿ ਬੀਬੀਆਂ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜਿਰ ਸਨ|

Leave a Reply

Your email address will not be published. Required fields are marked *