CM DESCRIBES OPERATION OF INTERNATIONAL FLIGHTS FROM MOHALI AIRPORT AS HISTORC EVENT

ਮੁੱਖ ਮੰਤਰੀ ਨੇ ਮੁਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ ਨੂੰ ਇਤਿਹਾਸਕ ਕਦਮ ਦੱਸਿਆ
ਮੁਹਾਲੀ ਤੋਂ ਦੁਬਈ ਨੂੰ ਇੱਕ ਹੋਰ ਸਿੱਧੀ ਉਡਾਣ ਛੇਤੀ
ਹੌਜ਼ਰੀ, ਗਾਰਮੈਂਟਸ ਤੇ ਲੁਧਿਆਣਾ ਦੇ ਸਾਇਕਲ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ
ਦੁਬਈ ਨੂੰ ਐਗਰੋ ਅਤੇ ਅਨਾਜ ਦੀ ਬਰਾਮਦੀ ਸਮਰਥਾ ‘ਚ ਵਾਧਾ ਹੋਣ ਨਾਲ ਸਥਾਨਕ ਕਿਸਾਨਾਂ ਨੂੰ ਵੀ ਵੱਡਾ ਲਾਭ ਹੋਵੇਗਾ

ਐਸ.ਏ.ਐਸ. ਨਗਰ, 15 ਸਤੰਬਰ: ਮੁਹਾਲੀ ਹਵਾਈ ਅੱਡੇ ਤੋਂ ਪਲੇਠੀ ਅੰਤਰਰਾਸ਼ਟਰੀ ਉਡਾਣ ਨੂੰ ਇੱਕ ਇਤਿਹਾਸਕ ਕਦਮ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਪੰਜਾਬ ਨੂੰ ‘ਹਵਾਈ ਸੰਪਰਕ ਦਾ ਧੁਰਾ’ ਬਣਾਉਣ ਵੱਲ ਇੱਕ ਅਹਿਮ ਕਦਮ ਹੈ ਜਿਸ ਨਾਲ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਨੂੰ ਵੱਡਾ ਲਾਭ ਹੋਵੇਗਾ|
ਅੱਜ ਸਥਾਨਕ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਉੱਤਰੀ ਭਾਰਤ ਵਿਚ ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਦੋ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਪਹਿਲਾ ਸੂਬਾ ਬਣ ਗਿਆ ਹੈ| ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਸੂਬੇ ਵਿਚ ਅੰਮ੍ਰਿਤਸਰ ਤੋਂ ਬਾਅਦ ਦੂਜਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜੋ ਕਿ ਸੂਬਾ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੋਂਦ ਵਿਚ ਆਇਆ ਹੈ| ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੇ ਨਾਲ ਸੂਬੇ ਦਾ ਸੰਪਰਕ ਦੁਨੀਆਂ ਭਰ ਨਾਲ ਬਣ ਜਾਵੇਗਾ ਜਿਸ ਦੇ ਨਾਲ ਆਰਥਿਕਤਾ ਨੂੰ ਬੜ੍ਹਾਵਾ ਮਿਲੇਗਾ| ਉਨ੍ਹਾਂ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਅਸ਼ੋਕ ਗਜਪਤੀ ਰਾਜੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਨ.ਡੀ.ਏ ਸਰਕਾਰ ਵੱਲੋਂ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਲਈ ਵਿਲੱਖਣ ਤੋਹਫਾ ਹੈ ਜਿਸ ਨਾਲ ਉਹ ਆਪਣੀ ਜੜ੍ਹਾਂ ਨਾਲ ਹੋਰ ਵਧੀਆ ਤਰੀਕੇ ਨਾਲ ਜੁੜਣ ਦੇ ਸਮਰਥ ਹੋ ਜਾਣਗੇ|
ਮੁੱਖ ਮੰਤਰੀ ਨੇ ਕਿਹਾ ਕਿ ਇਹ ਹਵਾਈ ਅੱਡਾ ਸੂਬੇ ਵਿਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਵਾਸਤੇ ਅਹਿਮ ਭੂਮਿਕਾ ਨਿਭਾਵੇਗਾ| ਇਸ ਦੇ ਨਾਲ ਪੰਜਾਬ ਪੂੰਜੀ ਨਿਵੇਸ਼ ਆਕਰਸ਼ਿਤ ਕਰਨ ਵਾਲੇ ਸਭ ਤੋਂ ਤਰਜੀਹੀ ਸੂਬੇ ਵਜੋਂ ਸਾਹਮਣੇ ਆਵੇਗਾ ਅਤੇ ਦੁਨੀਆਂ ਭਰ ਦੇ ਉੱਘੇ ਉਦਯੋਗਪਤੀ ਇਥੇ ਵੱਡੀ ਪੱਧਰ ‘ਤੇ ਨਿਵੇਸ਼ ਕਰਨਗੇ| ਸ. ਬਾਦਲ ਨੇ ਕਿਹਾ ਕਿ ਮੁਹਾਲੀ ਤੋਂ ਅੰਤਰਰਾਸ਼ਟਰੀ ਸੰਪਰਕ ਪੈਦਾ ਹੋਣਾ ਇਸ ਕਰਕੇ ਵੀ ਬਹੁਤ ਅਹਿਮ ਹੈ ਕਿਉਂਕਿ ਇਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਨੂੰ ਵੀ ਦੁਨੀਆਂ ਭਰ ਨਾਲ ਜੋੜੇਗਾ| ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਅਣਹੋਂਦ ਕਾਰਨ ਉੱਤਰੀ ਸੂਬਿਆਂ ਦੇ ਵੱਡੀ ਗਿਣਤੀ ਯਾਤਰੀਆਂ ਨੂੰ ਅੰਤਰਰਾਸ਼ਟਰੀ ਉਡਾਣਾਂ ਫੜਣ ਲਈ ਦਿੱਲੀ ਜਾਣਾ ਪੈਂਦਾ ਸੀ ਜਿਸ ਨਾਲ ਨਾ ਕੇਵਲ ਇਨ੍ਹਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਸੀ ਸਗੋਂ ਉਨ੍ਹਾਂ ਦੇ ਸਮੇਂ, ਧਨ ਅਤੇ ਊਰਜਾ ਵੀ ਵੱਡੀ ਪੱਧਰ ‘ਤੇ ਜਾਇਆ ਜਾਂਦੀ ਸੀ|
ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਹਵਾਈ ਸੇਵਾਵਾਂ ਸ਼ੁਰੂ ਹੋ ਜਾਣ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਕੀਤਾ ਵੱਡਾ ਵਾਅਦਾ ਪੂਰਾ ਹੋ ਗਿਆ ਹੈ| ਉਨ੍ਹਾਂ ਇਸ ਮੌਕੇ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਮੁਹਾਲੀ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਹੋ ਜਾਣ ਨਾਲ ਆਈ.ਟੀ. ਖੇਤਰ ਅਤੇ ਪੰਜਾਬ ਦੇ ਸੈਰ-ਸਪਾਟਾ ਉਦਯੋਗ ਵਿਚ ਤੇਜ਼ੀ ਆਵੇਗੀ| ਉਨ੍ਹਾਂ ਕਿਹਾ ਕਿ ਇਸ ਏਅਰਪੋਰਟ ਦਾ ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਵੀ ਵੱਡਾ ਫਾਇਦਾ ਹੋਵੇਗਾ ਅਤੇ ਵਿਦੇਸ਼ੀ ਪੰਜਾਬੀ ਹੁਣ ਬਿਨਾਂ ਖੱਜਲ-ਖੁਆਰੀ ਦੇ ਆਪਣੇ ਸੂਬੇ ਵਿਚ ਵੱਸਦੇ ਰਿਸ਼ਤੇਦਾਰਾਂ ਨੂੰ ਮਿਲ ਸਕਣਗੇ ਅਤੇ ਮਾਂ-ਭੂਮੀ ਦੇ ਜ਼ਿਆਦਾ ਗੇੜੇ ਵੀ ਲਗਾ ਸਕਣਗੇ|
ਉੱਪ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਅੱਜ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਸ਼ੁਰੂ ਹੋਈ ਉਡਾਣ ਨਾਲ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਵੀ ਉਡਾਣਾਂ ਸ਼ੁਰੂ ਕਰਨ ਦਾ ਰਾਹ ਮੋਕਲਾ ਹੋ ਗਿਆ ਹੈ ਅਤੇ ਬਹੁਤ ਜਲਦ ਹੀ ਸਿੰਘਾਪੁਰ ਸਣੇ ਕਈ ਦੇਸ਼ਾਂ ਦੀਆਂ ਉਡਾਣਾਂ ਮੁਹਾਲੀ ਤੋਂ ਸ਼ੁਰੂ ਹੋਣਗੀਆਂ|ਉਨ੍ਹਾਂ ਦੱਸਿਆ ਕਿ ਦੁਬਈ ਲਈ ਵੀ ਇੱਥੋਂ ਬਹੁਤ ਜਲਦ ਹੀ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ| ਸ. ਸੁਖਬੀਰ ਸਿੰਘ ਬਾਦਲ ਨੇ ਜਾਣਕਾਰੀ ਦਿੱਤੀ ਕਿ ਉਹ ਇਕ ਅਗਾਂਹਵਧੂ ਉਦਯੋਗਪਤੀਆਂ ਦੇ ਵਫਦ ਨੂੰ ਨਾਲ ਲੈ ਕੇ ਖੁਦ ਸ਼ਾਹਜਾਹ ਜਾ ਰਹੇ ਹਨ ਤਾਂ ਜੋ ਉੱਥੋਂ ਦੇ ਉਦਯੋਗਪਤੀਆਂ ਨਾਲ ਮਿਲ ਕੇ ਪੰਜਾਬ ਦੇ ਵੱਖ-ਵੱਖ ਸਨਅਤੀ ਖੇਤਰਾਂ ਲਈ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਲਿਆਂਦਾ ਜਾ ਸਕੇ|
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਏਅਰਪੋਰਟ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਹੋ ਜਾਣ ਨਾਲ ਸੂਬੇ ਦੇ ਵਪਾਰਕ ਖੇਤਰ ਖਾਸ ਤੌਰ ‘ਤੇ ਹੌਜ਼ਰੀ, ਵੂਲਨ, ਕੱਪੜਾ ਅਤੇ ਲੁਧਿਆਣਾ ਦੇ ਸਾਈਕਲ ਉਦਯੋਗ ਨੂੰ ਵੀ ਵੱਡਾ ਹੁਲਾਰਾ ਮਿਲੇਗਾ| ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਨਾਲ ਵੱਡਾ ਫਾਇਦਾ ਮਿਲੇਗਾ ਕਿਉਂ ਕਿ ਦੁਬਈ ਵਰਗੇ ਮੁਲਕਾਂ ਵਿਚ ਐਗਰੋ ਅਤੇ ਖਾਣ-ਪੀਣ ਦੀਆਂ ਵਸਤਾਂ ਵੱਡੇ ਪੱਧਰ ‘ਤੇ ਨਿਰਯਾਤ ਕੀਤੀਆਂ ਜਾਂਦੀਆਂ ਹਨ|
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਉਪ ਮੁੱਖ ਮੰਤਰੀ ਨਾਲ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਅਸ਼ੋਕ ਗਜਾਪੱਤੀ ਰਾਜੂ ਦਾ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ|
ਇਸ ਮੌਕੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਐਨ.ਕੇ. ਸ਼ਰਮਾ, ਕੌਮੀ ਮਾਮਲਿਆਂ ਬਾਰੇ ਮੁੱਖ ਮੰਤਰੀ ਦੇ ਸਲਾਹਕਾਰ ਹਰਚਰਨ ਬੈਂਸ, ਮੁੱੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ.ਕੇ. ਸੰਧੂ, ਪ੍ਰਮੁੱਖ ਸਕੱਤਰ ਸ਼ਹਿਰੀ ਹਵਾਬਾਜ਼ੀ ਵਿਸ਼ਵਾਜੀਤ ਖੰਨਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ,
ਰੂਪਨਗਰ ਰੇਂਜ ਦੇ ਡੀ.ਆਈ.ਜੀ ਸ. ਜੀ.ਐਸ. ਸੰਧੂ, ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ. ਮਾਂਗਟ, ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀਮਤੀ ਅਵਨੀਤ ਕੌਰ , ਵਧੀਕ ਡਾਇਰੈਕਟਰ (ਪ੍ਰਬੰਧ) ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਬ ਸ੍ਰੀ ਉਮਾ ਸ਼ੰਕਰ ਗੁਪਤਾ ਪੀ.ਸੀ.ਐਸ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸ੍ਰੀਮਤੀ ਸੇਨੂੰ ਦੁਗਲ, ਮੇਅਰ ਨਗਰ ਨਿਗਮ ਸ. ਕੁਲਵੰਤ ਸਿੰਘ, ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ਼ ਧੀਮਾਨ, ਕੌਮੀ ਮੁੱਖ ਬੁਲਾਰਾ ਯੂਥ ਅਕਾਲੀ ਦਲ ਸ੍ਰ: ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ. ਪਰਮਜੀਤ ਸਿੰਘ ਕਾਹਲੋਂ, ਸਾਬਕਾ ਜਿਲਾ੍ਹ ਪ੍ਰਧਾਨ(ਸ਼ਹਿਰੀ) ਸ੍ਰ ਜੋਗਿੰਦਰ ਸਿੰਘ ਸਲੈਚ, ਜਿਲਾ੍ਹ ਪ੍ਰਧਾਨ ਬੀ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਕੌਸਲਰ ਸ੍ਰ ਗੁਰਮੁਖ ਸਿੰਘ ਸੋਹਲ, ਕੌਸਲਰ ਸ. ਸਰਬਜੀਤ ਸਿੰਘ ਸਮਾਣਾ, ਓ.ਐਸ.ਡੀ. ਸ. ਹਰਦੇਵ ਸਿੰਘ ਹਰਪਾਲਪੁਰ, ਸ੍ਰੀ ਅਸ਼ਵਨੀ ਸੰਭਾਲਕੀ, ਜਿਲਾ੍ਹ ਪ੍ਰਧਾਨ ਯੂਥ ਅਕਾਲੀ ਦਲ (ਦਿਹਾਤੀ) ਸ. ਸਤਵਿੰਦਰ ਸਿੰਘ ਗਿੱਲ, ਸ੍ਰੀ ਓਮ ਪ੍ਰਕਾਸ਼ ਹੰਡੇਸਰਾ ਸਮੇਤ ਯੂਥ ਅਕਾਲੀ ਦਲ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਮੌਜੂਦ ਸਨ|

Leave a Reply

Your email address will not be published. Required fields are marked *