CM TO HAND OVER APPOINTMENT LETTERS TO 4500 ETT TEACHERS IN MOHALI

ਮੁੱਖ ਮੰਤਰੀ ਬਾਦਲ ਭਲਕੇ 8 ਸਤੰਬਰ ਨੂੰ 4500 ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡਣਗੇ :  ਡਾ.ਚੀਮਾ
ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨੇ ਨਵੀਂ ਫਲ ਅਤੇ ਸਬਜੀ ਮੰਡੀ ਫੇਜ਼ 11 ਵਿਖੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜਾ

ਐਸ.ਏ.ਐਸ.ਨਗਰ  6 ਸਤੰਬਰ : ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ 4500 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਮੁਕੰਮਲ ਕੀਤੀ ਗਈ ਹੈ ਅਤੇ ਇਨ੍ਹਾਂ ਨਵੇਂ ਭਰਤੀ ਕੀਤੇ ਜਾਣ ਵਾਲੇ ਈ.ਟੀ.ਟੀ. ਅਧਿਆਪਕਾਂ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 8 ਸਤੰਬਰ ਨੂੰ ਨਵੀਂ ਫਲ ਅਤੇ ਸਬਜੀ ਮੰਡੀ ਫੇਜ਼ 11 ਵਿਖੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਨਿਯੁਕਤੀ ਪੱਤਰ ਸੌਂਪਣਗੇ। ਇਸ ਗੱਲ ਦੀ ਜਾਣਕਾਰੀ ਸਿੱਖਿਆ ਮੰਤਰੀ ਪੰਜਾਬ ਡਾ.ਦਲਜੀਤ ਸਿੰਘ ਚੀਮਾ ਨੇ ਨਵੀਂ ਫਲ ਅਤੇ ਸਬਜੀ ਮੰਡੀ  ਵਿਖੇ ਹੋਣ ਵਾਲੇ ਸਮਾਗਮ ਵਾਲੀ ਥਾਂ ਦਾ ਅਤੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ।
ਡਾ.ਚੀਮਾ ਨੇ ਦੱਸਿਆ ਕਿ ਨਿਯੁੱਕਤੀ ਪੱਤਰ ਵੰਡਣ ਲਈ ਕਰਵਾਏ ਜਾਣ ਵਾਲੇ ਸਮਾਗਮ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਨਵੇਂ ਭਰਤੀ 4500 ਈ.ਟੀ.ਟੀ. ਅਧਿਆਪਕਾਂ ਨੂੰ 8 ਸਤੰਬਰ ਨੂੰ ਮੁਹਾਲੀ ਦੇ ਫੇਜ਼ 11 ਸਥਿਤ ਨਵੀਂ ਏ.ਸੀ. ਮੰਡੀ (ਪੰਜਾਬੀ ਮੰਡੀਕਰਨ ਬੋਰਡ ਦੇ ਨਾਲ ਲੱਗਦੀ) ਵਿਖੇ ਦੁਪਹਿਰ ਢਾਈ ਵਜੇ ਬੁਲਾਇਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਪਹਿਲਾਂ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵਿਭਾਗ, ਸਕੂਲੀ ਪ੍ਰਬੰਧ ਅਤੇ ਸਿੱਖਿਆ ਸਬੰਧੀ ਸੰਖੇਪ ਜਾਣਕਾਰੀ ਅਤੇ ਵਿਭਾਗ ਦੀ ਕਾਰਜਪ੍ਰਣਾਲੀ ਤੋਂ ਜਾਣੂੰ ਕਰਵਾਇਆ ਜਾਵੇਗਾ। ਇਸ ਉਪਰੰਤ ਸ਼ਾਮ 4 ਵਜੇ ਮੁੱਖ ਮੰਤਰੀ ਸ. ਬਾਦਲ ਨਿੱਜੀ ਤੌਰ ‘ਤੇ ਸਾਰੇ ਚੁਣੇ ਹੋਏ 4500 ਈ.ਟੀ.ਟੀ. ਅਧਿਆਪਕਾਂ ਦਾ ਸਿੱਖਿਆ ਵਿਭਾਗ ਵਿੱਚ ਸਵਾਗਤ ਕਰਨਗੇ ਅਤੇ ਇਸ ਉਪਰੰਤ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਭਰਤੀ ਦੇ ਨਾਲ 2005 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਭਰਤੀ ਦੇ ਮੁਕੰਮਲ ਹੋਣ ਨਾਲ ਮਾਰਚ 2017 ਤੱਕ ਕਿਸੇ ਵੀ ਪ੍ਰਾਇਮਰੀ ਸਕੂਲ ਵਿੱਚ ਇਕ ਵੀ ਅਸਾਮੀ ਖਾਲੀ ਨਹੀਂ ਰਹਿਣੀ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ.ਬਾਦਲ ਦੀ ਸਰਪ੍ਰਸਤੀ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਸਦਕਾ ਪਿਛਲੇ ਸਾਢੇ 9 ਸਾਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ 65000 ਦੇ ਕਰੀਬ ਭਰਤੀ ਕੀਤੀ ਗਈ ਹੈ ਅਤੇ 4500 ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਨਾਲ ਇਹ ਗਿਣਥੀ 69,500 ਦੇ ਕਰੀਬ ਪੁੱਜ ਜਾਵੇਗੀ। ਇਸ ਤੋਂ ਇਲਾਵਾ 11000 ਤੋਂ ਵੱਧ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਹੈ ਜਿਸ ਨੂੰ ਥੋੜੇਂ ਸਮੇਂ ਅੰਦਰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਸ. ਬਾਦਲ ਖੁਦ ਨਵੇਂ ਭਰਤੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਆਪਣਾ ਆਸ਼ੀਰਵਾਦ ਦੇਣਗੇ।
ਇਸ ਮੌਕੇ ਉਪ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ ਸ੍ਰ: ਚਰਨਜੀਤ ਸਿੰਘ ਬਰਾੜ, ਪ੍ਰਮੁੱਖ ਸਕੱਤਰ ਸ੍ਰੀ ਜੀ.ਵਜਰਲਿੰਗਮ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਦੀਪ ਅੱਗਰਵਾਲ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ ਮਾਂਗਟ, ਐਸ.ਐਸ.ਪੀ ਸ੍ਰੀ ਗੁਰਪੀ੍ਰਤ ਸਿੰਘ ਭੁੱਲਰ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ , ਐਸ.ਡੀ.ਐਮ ਸ੍ਰੀ ਲਖਮੀਰ ਸਿੰਘ,  ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਅਤੇ ਮਾਰਕੀਟ ਕਮੇਟੀ ਖਰੜ ਜਥੇਦਾਰ ਬਲਜੀਤ ਸਿੰਘ ਕੁੰਬੜਾ, ਜ਼ਿਲ੍ਹਾ ਪ੍ਰਧਾਨ ਇਸਤਰੀ ਆਕਲੀ  ਸ਼ਹਿਰੀ ਬੀਬੀ ਕੁਲਦੀਪ ਕੌਰ ਕੰਗ,  ਕੌਂਸਲਰ ਸ੍ਰੀ ਸੁਖਦੇਵ ਸਿੰਘ ਪਟਵਾਰੀ ਸਮੇਤ ਸਿੱਖਿਆ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *