Community Center Phase 3B1 to be renovated and opened for public

ਫੇਜ਼ 3ਬੀ1 ਦਾ ਕਮਿਊਨਿਟੀ ਸੈਂਟਰ ਅਪਗ੍ਰੇਡ ਕਰਵਾ ਕੇ ਲੋਕਾਂ ਲਈ ਖੋਲ੍ਹਿਆ ਜਾਵੇ : ਬੇਦੀ
– ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸੀ.ਏ. ਗਮਾਡਾ ਨੂੰ ਲਿਖਿਆ ਪੱਤਰ
ਐੱਸ.ਏ.ਐੱਸ. ਨਗਰ, 23 ਅਗਸਤ (ਕੁਲਦੀਪ ਸਿੰਘ) ਸਥਾਨਕ ਸ਼ਹਿਰ ਦੇ ਫੇਜ਼ 3ਬੀ1 ਸਥਿਤ ਕਮਿਊਨਿਟੀ ਸੈਂਟਰ ਨੂੰ ਭਾਵੇਂ ਕੌਂਸਲਰ ਕੁਲਜੀਤ ਸਿੰਘ ਬੇਦੀ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਉਪਰੰਤ ਅਦਾਲਤੀ ਹੁਕਮਾਂ ਦੇ ਚਲਦਿਆਂ ਗਮਾਡਾ ਨੇ ਖਾਲੀ ਕਰਵਾ ਲਿਆ ਸੀ ਪ੍ਰੰਤੂ ਇਹ ਕਮਿਊਨਿਟੀ ਸੈਂਟਰ ਅਜੇ ਵੀ ਲੋਕਾਂ ਦੀ ਵਰਤੋਂ ਲਈ ਖੋਲ੍ਹਿਆ ਨਹੀਂ ਗਿਆ ਹੈ|
ਸ਼ਹਿਰ ਦੇ ਲੋਕ ਮਸਲਿਆਂ ਨੂੰ ਮੀਡੀਆ ਰਾਹੀਂ ਉਭਾਰ ਕੇ ਅਤੇ ਅਦਾਲਤਾਂ ਰਾਹੀਂ ਹੱਲ ਕਰਵਾਉਣ ਲਈ ਯਤਨਸ਼ੀਲ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸੀ.ਏ. ਗਮਾਡਾ ਨੂੰ ਇਕ ਪੱਤਰ ਲਿਖ ਕੇ ਇਸ ਕਮਿਊਨਿਟੀ ਸੈਂਟਰ ਨੂੰ ਅਪਗ੍ਰੇਡ ਕਰਵਾ ਕੇ ਲੋਕਾਂ ਦੀ ਵਰਤੋਂ ਲਈ ਖੋਲ੍ਹਣ ਦੀ ਮੰਗ ਕੀਤੀ ਹੈ| ਅਜਿਹਾ ਨਾ ਕੀਤੇ ਜਾਣ ਦੀ ਹਾਲਤ ਵਿੱਚ ਸ੍ਰ. ਬੇਦੀ ਨੇ ਫਿਰ ਤੋਂ ਗਮਾਡਾ ਖਿਲਾਫ਼ ਮਾਨਯੋਗ ਅਦਾਲਤ ਜਾਣ ਦੀ ਗੱਲ ਵੀ ਕਹੀ ਹੈ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਨ੍ਹਾਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚਲੇ ਕਮਿਊਨਿਟੀ ਸੈਂਟਰਾਂ ‘ਤੇ ਕਬਜ਼ੇ ਹਟਵਾ ਕੇ ਲੋਕਾਂ ਦੀ ਵਰਤੋਂ ਲਈ ਖੁਲ੍ਹਵਾਉਣ ਲਈ ਅਦਾਲਤ ਵਿੱਚ ਲੰਬੀ ਲੜਾਈ ਲੜੀ ਸੀ| ਅਦਾਲਤੀ ਹੁਕਮਾਂ ਦੇ ਬਾਅਦ ਇਹ ਕਮਿਊਨਿਟੀ ਸੈਂਟਰ ਖਾਲੀ ਤਾਂ ਹੋ ਗਏ ਪ੍ਰੰਤੂ ਫੇਜ਼ 3 ਵਿਚਲਾ ਕਮਿਊਨਿਟੀ ਸੈਂਟਰ ਅਜੇ ਤੱਕ ਗਮਾਡਾ ਦੀ ਨਜ਼ਰ ਸਵੱਲੀ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਇਹ ਅਜੇ ਤੱਕ ਲੋਕਾਂ ਦੀ ਵਰਤੋਂ ਲਈ ਖੋਲ੍ਹਿਆ ਹੀ ਨਹੀਂ ਗਿਆ| ਗਮਾਡਾ ਦੀ ਇਸ ਦੇਰੀ ਕਾਰਨ ਫੇਜ਼ 3ਬੀ1 ਅਤੇ ਆਸ ਪਾਸ ਦੇ ਲੋਕੀਂ ਆਪਣੇ ਪ੍ਰੋਗਰਾਮਾਂ ਲਈ ਮਹਿੰਗੇ ਮੈਰਿਜ ਪੈਲੇਸਾਂ ਵਿੱਚ ਲੁੱਟ ਕਰਵਾਉਣ ਲਈ ਮਜ਼ਬੂਰ ਹਨ| ਉਨ੍ਹਾਂ ਕਿਹਾ ਕਿ ਜੇਕਰ ਇਹ ਕਮਿਊਨਿਟੀ ਸੈਂਟਰ ਲੋਕਾਂ ਦੀ ਵਰਤੋਂ ਲਈ ਖੋਲ੍ਹਿਆ ਜਾਂਦਾ ਤਾਂ ਫੇਜ਼ 3, ਫੇਜ਼ 5, 7 ਅਤੇ ਹੋਰ ਕਈ ਆਸ ਪਾਸ ਦੇ ਫੇਜ਼ਾਂ ਤੇ ਸੈਕਟਰਾਂ ਦੇ ਲੋਕਾਂ ਨੂੰ ਆਪਣੇ ਪ੍ਰੋਗਰਾਮ ਕਰਵਾਉਣ ਲਈ ਫਾਇਦਾ ਮਿਲ ਸਕਦਾ ਸੀ|
ਸ੍ਰ. ਬੇਦੀ ਨੇ ਸੀ.ਏ. ਗਮਾਡਾ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਕਿ ਇਸ ਕਮਿਊਨਿਟੀ ਸੈਂਟਰ ਨੂੰ ਤਿੰਨ ਮਹੀਨੇ ਦੇ ਅੰਦਰ ਅੰਦਰ ਅਪਗ੍ਰੇਡ ਕਰਕੇ, ਏਅਰਕੰਡੀਸ਼ੰਡ ਕਰਕੇ ਅਤੇ ਸਮੇਂ ਦੀ ਲੋੜ ਅਨੁਸਾਰ ਇਸ ਦੇ ਡਿਜ਼ਾਈਨ ਦਾ ਆਧੁਨਿਕੀਕਰਨ ਕਰਕੇ ਤੁਰੰਤ ਲੋਕਾਂ ਦੀ ਵਰਤੋਂ ਲਈ ਖੋਲ੍ਹਿਆ ਜਾਵੇ| ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਇਹ ਕਮਿਊਨਿਟੀ ਸੈਂਟਰ ਅਪਗ੍ਰੇਡ ਕਰਕੇ ਲੋਕਾਂ ਦੀ ਵਰਤੋਂ ਲਈ ਨਾ ਖੋਲ੍ਹਿਆ ਤਾਂ ਮਜ਼ਬੂਰ ਹੋ ਕੇ ਉਹ ਗਮਾਡਾ ਖਿਲਾਫ਼ ਕਾਰਵਾਈ ਲਈ ਅਦਾਲਤ ਦਾ ਸਹਾਰਾ ਲੈਣਗੇ|

Leave a Reply

Your email address will not be published. Required fields are marked *