Consumer Court Mohali fined Healthcare at home to the tune of Rs. 10 lakh

17consumer

ਹੈਲਥਕੇਅਰ ਐਟ ਹੋਮ ਦੀ ਲਾਪਰਵਾਹੀ ਨਾਲ ਬਜ਼ੁਰਗ ਦੀ ਮੌਤ
– ਕੰਜ਼ਿਊਮਰ ਫੋਰਮ ਮੁਹਾਲੀ ਨੇ ਕੰਪਨੀ ਨੂੰ ਦਸ ਲੱਖ ਰੁਪਏ ਦਾ ਮੁਆਵਜ਼ਾ ਸ਼ਿਕਾਇਤਕਰਤਾ ਨੂੰ ਦੇਣ ਦਾ ਹੁਕਮ ਸੁਣਾਇਆ

ਐਸ ਏ ਐਸ ਨਗਰ, 17 ਸਤੰਬਰ (ਕੁਲਦੀਪ ਸਿੰਘ): ਵੱਖ ਵੱਖ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜਾਂ ਦੀ ਉਨ੍ਹਾਂ ਦੇ ਘਰ ਵਿੱਚ ਦੇਖਭਾਲ ਕਰਨ ਲਈ ਆਪਣਾ ਟਰੇਂਡ ਮੈਡੀਕਲ ਸਟਾਫ਼ ਤਾਇਨਾਤ ਕਰਕੇ ਲੱਖਾਂ ਰੁਪਏ ਪ੍ਰਤੀ ਮਹੀਨਾ ਵਸੂਲਣ ਵਾਲੀ ਨਵੀਂ ਦਿੱਲੀ ਬੇਸਡ ਕੰਪਨੀ ਹੈਲਥਕੇਅਰ ਐਟ ਹੋਮ ਪ੍ਰਾਈਵੇਟ ਲਿਮਟਿਡ ਦੇ ਸਟਾਫ ਦੀ ਲਾਪਰਵਾਹੀ ਅਤੇ ਘਟੀਆ ਕਾਰਗੁਜ਼ਾਰੀ ਦੀ ਵਜ੍ਹਾ ਨਾਲ ਮੁਹਾਲੀ ਨਿਵਾਸੀ ਕਰੀਬ 77 ਸਾਲਾ ਬਜ਼ੁਰਗ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ| ਬਜ਼ੁਰਗ ਦੇ ਬੇਟੇ ਨੇ ਕੰਪਨੀ ਖਿਲਾਫ ਕੰਜ਼ਿਊਮਰ ਫੋਰਮ ਮੁਹਾਲੀ ਕੋਲ ਕੇਸ ਦਾਇਰ ਕੀਤਾ ਤਾਂ ਕੋਰਟ ਨੇ ਦੋ ਸਾਲ ਬਾਅਦ ਫੈਸਲਾ ਸੁਣਾਉਂਦੇ ਹੋਏ ਕੰਪਨੀ ਖਿਲਾਫ ਹੁਕਮ ਸੁਣਾਇਆ ਹੈ ਕਿ ਕੰਪਨੀ ਵੱਲੋਂ ਸ਼ਿਕਾਇਤਕਰਤਾ ਨੂੰ 45 ਦਿਨਾਂ ਦੇ ਅੰਦਰ ਅੰਦਰ ਦਸ ਲੱਖ ਰੁਪਏ ਮੁਆਵਜੇ ਵਜੋਂ ਦਿੱਤਾ ਜਾਵੇ|
ਅੱਜ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਹਿੰਦਰਪਾਲ ਸ਼ਰਮਾ ਨਿਵਾਸੀ ਮਕਾਨ ਨੰਬਰ 3251 ਸੈਕਟਰ 71 ਮੋਹਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਤਪਾਲ ਸ਼ਰਮਾ ਸੰਨ 2014 ਵਿੱਚ ਹਰਟ ਸਰਵਾਈਕਲ ਅਤੇ ਸਾਹ ਦੀ ਬਿਮਾਰੀ ਤੋਂ ਪੀੜਤ ਸਨ| ਪਿਤਾ ਦਾ ਇਲਾਜ ਫੋਰਟਿਸ ਹਸਪਤਾਲ ਤੋਂ ਕਰਵਾਇਆ ਤਾਂ ਉਥੇ ਡਾਕਟਰਾਂ ਨੇ ਪਿਤਾ ਦੀ ਘਰ ਵਿੱਚ ਪੂਰੀ ਤਰ੍ਹਾਂ ਡਾਕਟਰੀ ਢੰਗ ਨਾਲ ਦੇਖਭਾਲ ਕਰਨ ਦੀ ਸਲਾਹ ਦਿੱਤੀ| ਹਸਪਤਾਲ ਵਿੱਚ ਉਨ੍ਹਾਂ ਨਾਲ ਹੈਲਥਕੇਅਰ ਐਟ ਹੋਮ ਪ੍ਰਾਈਵੇਟ ਲਿਮਟਿਡ, ਲਾਜਪਤ ਨਗਰ-3, ਨਵੀਂ ਦਿੱਲੀ ਦੇ ਸਟਾਫ਼ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਪਿਤਾ ਦੀ ਘਰ ਵਿੱਚ ਦੇਖਭਾਲ ਲਈ ਕੰਪਨੀ ਨਾਲ ਬਕਾਇਦਾ ਇਕਰਾਰਨਾਮਾ ਕਰ ਲਿਆ| ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਉਸ ਸਮੇਂ ਸਟਾਫ ਇੰਚਾਰਜ ਦੇਵਰੀਤ ਭੰਗੂ ਨਾਂ ਦੇ ਵਿਅਕਤੀ ਦੀ ਦੇਖਰੇਖ ਹੇਠ ਉਨ੍ਹਾਂ ਦੇ ਘਰ ਪਿਤਾ ਜੀ ਦੀ ਦੇਖਭਾਲ ਲਈ ਬਿਲਕੁਲ ਅਣਜਾਣ ਲੇਡੀਜ਼ ਸਟਾਫ਼ ਭੇਜ ਦਿੱਤਾ ਗਿਆ| ਪਿਤਾ ਜੀ ਨੂੰ ਸਾਹ ਦੀ ਸਮੱਸਿਆ ਆਈ ਤਾਂ ਕਮਰੇ ਵਿੱਚ ਰੱਖੇ ਆਕਸੀਜਨ ਵਾਲੇ ਸਿਲੰਡਰ ਤੋਂ ਆਕਸੀਜਨ ਦੇਣ ਲੱਗਿਆਂ ਲੇਡੀਜ ਸਟਾਫ ਦੀ ਲੜਕੀ ਨੇ ਆਕਸੀਜਨ ਦੇਣ ਦੀ ਬਜਾਇ ਨਿਬੂਲਾਈਜੇਸ਼ਨ ਵਾਲਾ ਮਾਸਕ ਸਿਲੰਡਰ ਦੇ ਮੂੰਹ ਉਤੇ ਲਗਾ ਦਿੱਤਾ ਅਤੇ ਆਕਸੀਜਨ ਲੀਕ ਹੁੰਦੀ ਰਹੀ ਤੇ ਪਿਤਾ ਜੀ ਸਾਹ ਦੀ ਸਮੱਸਿਆ ਨਾਲ ਜੂਝਦੇ ਰਹੇ|
ਇਸ ਤੋਂ ਬਾਅਦ 8 ਮਈ 2014 ਨੂੰ ਉਨ੍ਹਾਂ ਦੇ ਪਿਤਾ ਜੀ ਦੇ ਹਸਪਤਾਲ ਵੱਲੋਂ ਲਗਾਈ ਗਈ ਪਿਸ਼ਾਬ ਵਾਲੀ ਨਾਲੀ (ਕੈਥੇਟਰ ਪਾਈਪ) ਬਦਲਣ ਮੌਕੇ ਇਸ ਅਣਜਾਣ ਲੇਡੀਜ਼ ਸਟਾਫ਼ ਗੁਰਪ੍ਰੀਤ ਕੌਰ ਨੇ ਅਜਿਹੀ ਲਾਪਰਵਾਹੀ ਵਰਤੀ ਕਿ ਪਾਈਪ ਗਲਤ ਫਿੱਟ ਹੋ ਗਈ ਅਤੇ ਪੂਰਾ ਦਿਨ ਪਿਸ਼ਾਬ ਨਾ ਆਉਣ ਕਾਰਨ ਜਦੋਂ ਸ਼ਿਫਟ ਬਦਲਣ ‘ਤੇ ਦੂਸਰੀ ਲੜਕੀ ਗਗਨਪ੍ਰੀਤ ਕੌਰ ਡਿਊਟੀ ਉਤੇ ਆਈ ਤਾਂ ਦੇਖਿਆ ਕਿ ਪਾਈਪ ਗਲਤ ਲੱਗੀ ਹੋਈ ਹੈ| ਉਸ ਨੇ ਇੱਕਦਮ ਪਾਈਪ ਕੱਢੀ ਤਾਂ ਉਹ ਇੱਕਦਮ ਲਹੂ ਲੁਹਾਨ ਹੋ ਗਏ| ਮੌਕੇ ਉਤੇ ਬਜ਼ੁਰਗ ਦੀ ਸੰਭਾਲ ਕਰਨ ਦੀ ਬਜਾਇ ਘਬਰਾਇਆ ਸਟਾਫ਼ ਉਨ੍ਹਾਂ ਦੇ ਘਰੋਂ ਫਰਾਰ ਹੋ ਗਿਆ ਅਤੇ ਉਹ ਖੁਦ ਆਪਣੇ ਪਿਤਾ ਜੀ ਨੂੰ ਲੈ ਕੇ ਫੋਰਟਿਸ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਾਈਪ ਗਲਤ ਢੰਗ ਨਾਲ ਲਗਾਉਣ ਕਾਰਨ ਯੂਰੀਨ ਬਲੈਡਰ ਫਟ ਗਿਆ| ਹਸਪਤਾਲ ਵਿੱਚ ਡਾਕਟਰਾਂ ਨੇ ਡਿਸਚਾਰਜ ਰਿਪੋਰਟ ਵਿੱਚ ਵੀ ਇਹ ਗੱਲ ਲਿਖੀ ਗਈ| ਇਸੇ ਦੌਰਾਨ 18 ਸਤੰਬਰ 2014 ਨੂੰ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ|
ਮਹਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਉਕਤ ਹੈਲਥਕੇਅਰ ਕੰਪਨੀ ਅਤੇ ਕੰਪਨੀ ਦੇ ਸਟਾਫ਼ ਦੀ ਲਾਪਰਵਾਹੀ ਕਾਰਨ ਪਿਤਾ ਦੀ ਹੋਈ ਮੌਤ ਸਬੰਧੀ ਉਨ੍ਹਾਂ ਨੇ ਡਿਸਟ੍ਰਿਕਟ ਕੰਜ਼ਿਊਮਰ ਡਿਸਪਯੂਟਸ ਰਿਡਰੈਸਲ ਫੋਰਮ ਮੋਹਾਲੀ ਵਿਖੇ 9 ਜੂਨ 2016 ਨੂੰ ਕੰਪਨੀ ਖਿਲਾਫ ਕੇਸ ਦਾਇਰ ਕੀਤਾ ਸੀ| ਮਾਨਯੋਗ ਫੋਰਮ ਵੱਲੋਂ ਇਸ ਕੇਸ ਵਿੱਚ ਫੈਸਲਾ ਸੁਣਾਉਂਦੇ ਹੋਏ ਕੰਪਨੀ ਨੂੰ ਦਸ ਲੱਖ ਰੁਪਏ ਮੁਆਵਜੇ ਦੀ ਸਜਾ ਸੁਣਾਈ ਹੈ| ਇਹ ਮੁਆਵਜਾ ਸ਼ਿਕਾਇਤਕਰਤਾ ਨੂੰ 45 ਦਿਨਾਂ ਦੇ ਅੰਦਰ ਅੰਦਰ ਦੇਣ ਲਈ ਵੀ ਕੰਪਨੀ ਨੂੰ ਪਾਬੰਦ ਕੀਤਾ ਗਿਆ ਹੈ|

Leave a Reply

Your email address will not be published. Required fields are marked *