How do we control increasing number of Road Accidents

ਦਿਨੋਂ-ਦਿਨ ਵੱਧਦੇ ਸੜਕ ਹਾਦਸਿਆਂ ਤੇ ਕਿਵੇਂ ਹੋਵੇ ਕਾਬੂ
ਪਿਛਲੇ ਸਾਲਾਂ ਦੌਰਾਨ ਦੇਸ਼ ਭਰ ਵਿੱਚ ਜਿਵੇਂ-ਜਿਵੇਂ ਵਾਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ, ਉਸਦੇ ਨਾਲ ਨਾਲ ਸੜਕ ਹਾਦਸਿਆਂ ਦੀ ਗਿਣਤੀ ਵੀ ਲਗਾਤਾਰ ਵਧੀ ਹੈ| ਬੀਤੇ ਦਿਨੀਂ  ਫਾਜ਼ਿਲਕਾ ਰੋਡ ਉਪਰ ਪਿੰਡ ਚਾਂਦਮਾਰੀ ਦੇ ਬੱਸ ਅੱਡੇ            ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਹੋਈ 14 ਵਿਅਕਤੀਆਂ ਦੀ ਮੌਤ ਨੇ ਸੜਕ ਸੁਰਖਿਆ ਪ੍ਰਤੀ ਸਰਕਾਰ ਅਤੇ ਵਾਹਨ ਚਾਲਕਾਂ ਦੇ ਰਵਈਏ ਉੱਪਰ ਕਈ ਸਵਾਲ ਖੜੇ ਕਰ ਦਿੱਤੇ ਹਨ|
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਗੱਡੀਆਂ ਅਤੇ ਲਾਸ਼ਾਂ ਦੇ ਪਰਖੱਚੇ ਉਡ ਗਏ| ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਆਏ ਦਿਨ ਅਜਿਹੇ ਦਰਦਨਾਕ ਹਾਦਸੇ ਵਾਪਰਦੇ ਹਨ ਜਿਹਨਾਂ ਵਿੱਚ ਵੱਡੀ ਗਿਣਤੀ ਲੋਕ ਮੌਤ ਦਾ ਸ਼ਿਕਾਰ ਹੁੰਦੇ ਹਨ ਅਤੇ ਉਸ ਤੋਂ ਕਿਤੇ ਵੱਧ ਜਖਮੀ ਹੋ ਜਾਂਦੇ ਹਨ| ਕਈ ਵਿਅਕਤੀ ਤਾਂ ਇਹਨਾਂ ਹਾਦਸਿਆਂ ਵਿੱਚ ਹਮੇਸ਼ਾ ਹੀ ਅੰਗਹੀਣ ਹੋ ਜਾਂਦੇ ਹਨ|
ਲਗਾਤਾਰ ਵੱਧਦੇ ਇਹ ਸੜਕ ਹਾਦਸੇ ਇਸ ਵੇਲੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬਣੇ ਹੋਏ ਹਨ ਅਤੇ ਹਾਲਾਤ ਇਹ ਹਨ ਕਿ               ਦੇਸ਼ ਵਿੱਚ ਸੜਕ ਹਾਦਸਿਆਂ ਕਾਰਨ ਹੁੰਦੀ ਮੌਤਾਂ ਦੀ ਗਿਣਤੀ ਦਾ ਅੰਕੜਾ ਕਿਸੇ ਵੀ ਖਤਰਨਾਕ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਕਈ ਗੁਨਾ ਤਕ ਵੱਧ ਹੈ| ਇਸਦੇ ਬਾਵਜੂਦ ਲਗਾਤਾਰ ਵਾਪਰਦੇ ਇਹਨਾਂ ਸੜਕ ਹਾਦਸਿਆਂ ਤੋਂ ਬਚਾਓ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਨਾਕਾਫੀ ਹੀ ਕਹੇ ਜਾ ਸਕਦੇ ਹਨ| ਹਾਲਾਂਕਿ ਵੱਖ ਵੱਖ ਮੌਸਮਾਂ ਦੌਰਾਨ ਜਿੱਥੇ ਕਈ ਹਾਦਸੇ ਕੁਦਰਤੀ ਕਾਰਨਾਂ                (ਜਿਵੇਂ ਧੁੰਧ, ਬਰਸਾਤ, ਮਿੱਟੀ ਖਿਸਕਨਾ, ਭੂਚਾਲ ਆਦਿ ) ਕਾਰਨ ਵੀ ਵਾਪਰਦੇ ਹਨ ਪਰੰਤੂ ਇਸਦੇ ਨਾਲ ਨਾਲ ਇਹਨਾਂ ਸੜਕ ਹਾਦਸਿਆਂ ਲਈ ਵਾਹਨ ਚਾਲਕਾਂ ਦੀ ਅਣਗਹਿਲੀ ਵੀ ਕਾਫੀ ਹੱਦ ਤਕ ਜਿੰਮੇਵਾਰ ਹੁੰਦੀ ਹੈ| ਅਜਿਹਾ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਕਿਸੇ ਵਾਹਨ ਦਾ ਚਾਲਕ ਸ਼ਰਾਬੀ ਹਾਲਤ ਵਿੱਚ ਸੀ ਅਤੇ ਵਾਹਨ ਤੋਂ ਕਾਬੂ ਖਤਮ ਹੋਣ ਕਾਰਨ ਵਾਹਨ ਹਾਦਸੇ ਦਾ ਫਿਕਾਰ ਹੋ ਜਾਂਦਾ ਹੈ| ਅਜਿਹੇ ਸ਼ਰਾਬੀ ਵਾਹਨ ਚਾਲਕ ਆਪ ਤਾਂ ਮਰਦੇ ਹੀ ਹਨ ਸਗੋਂ ਦੂਜੇ ਲੋਕਾਂ ਨੂੰ ਵੀ ਮਾਰ ਦਿੰਦੇ ਹਨ|
ਇਸ ਤਂੋ ਇਲਾਵਾ ਕੁੱਝ ਵਾਹਨ ਚਾਲਕ ਅਜਿਹੇ ਵੀ ਹੁੰਦੇ ਹਨ ਜਿਹਨਾਂ ਉੱਪਰ ਹੋਰਨਾਂ ਵਾਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਲੰਘਣ ਦਾ ਜਨੂਨ ਜਿਹਾ ਸਵਾਰ ਹੁੰਦਾ ਹੈ ਅਤੇ ਕਿਸੇ ਵਾਹਨ ਤੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਉਹ ਅਕਸਰ ਸਾਹਮਣੇ ਤੋਂ ਆਉਂਦੇ ਵਾਹਨ ਨਾਲ ਟਕਰਾ ਜਾਂਦੇ ਹਨ| ਦੋ ਕੁ ਸਾਲ ਪਹਿਲਾਂ ਵੀ ਸਰਹੰਦ ਨੇੜੇ ਨਹਿਰ ਵਿੱਚ ਇਕ ਰੋਡਵੇਜ ਦੀ ਬੱਸ ਰਾਤ ਸਮੇਂ ਨਹਿਰ ਵਿੱਚ ਡਿੱਗ ਗਈ ਸੀ ਜਿਸ ਕਾਰਨ 40 ਦੇ ਕਰੀਬ ਲੋਕ ਮਾਰੇ ਗਏ ਸਨ, ਇਹ ਬੱਸ ਨਹਿਰ ਦੇ ਪਾਣੀ ਵਿੱਚ ਹੀ ਦੋ ਕਿਲੋਮੀਟਰ ਰੁੜਦੀ ਚਲੀ ਗਈ ਸੀ| ਜਿਸਤੋਂ ਇਸ ਹਾਦਸੇ ਦੀ ਭਿਆਨਕਤਾ ਦਾ ਪਤਾ ਚਲ ਜਾਂਦਾ ਹੈ|
ਸੜਕ ਹਾਦਸਿਆਂ ਵਿੱਚ ਹੁੰਦੇ ਵਾਧੇ ਦਾ ਇੱਕ ਕਾਰਨ ਨਾਬਾਲਿਗ ਅਤੇ ਅਕੁਸ਼ੁਲ ਵਿਅਕਤੀਆਂ ਵਲੋਂ ਵਾਹਨ ਚਲਾਉਣਾ ਵੀ ਹੈ| ਅਜਿਹੇ ਵਾਹਨ ਚਾਲਕ ਵਾਹਨ ਬਹੁਤ ਤੇਜ ਭਜਾਉਂਦੇ ਹਨ ਅਤੇ ਅਕਸਰ ਹੀ ਕਿਸੇ ਨਾ ਕਿਸੇ ਨੂੰ ਟੱਕਰ ਮਾਰ ਦਿੰਦੇ ਹਨ| ਵਾਹਨਾਂ ਦੀ ਤੇਜ ਰਫਤਾਰ ਨੂੰ ਹੀ ਸੜਕ ਹਾਦਆਿਂ ਲਈ ਸਭ ਤੋਂ ਵੱਧ                 ਜਿੰਮੇਵਾਰ ਮੰਨਿਆ ਜਾਂਦਾ ਹੈ ਕਿਉਂਕਿ ਧੀਮੀ ਰਫਤਾਰ ਵਿੱਚ ਵਾਹਨ ਚਲਾਉਣ ਵਾਲੇ ਵਾਹਨ ਚਾਲਕ ਤਾਂ ਫਿਰ ਵੀ ਕਾਫੀ ਹੱਦ ਤਕ ਖੁਦ ਨੂੰ ਕਿਸੇ ਹਾਦਸੇ ਤੋਂ ਬਚਾ ਲੈਂਦੇ ਹਨ ਪਰੰਤੂ ਵਾਹਨ ਦੀ ਤੇਜ ਰਫਤਾਰ ਤੁਰੰਤ ਕਾਬੂ ਵਿੱਚ ਨਹੀਂ ਆਉਂਦੀ ਅਤੇ ਰੁਕਦੇ ਰੁਕਦੇ ਵੀ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਸਖਤ ਨਿਯਮ ਬਣਾਏ ਜਾਣ ਅਤੇ ਟ੍ਰੈਫਿ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦਾ ਪ੍ਰਬੰਧ ਕੀਤਾ ਜਾਵੇ| ਇਸਦੇ ਨਾਲ ਨਾਲ ਜਿੱਥੇ ਨਾਬਾਲਗ, ਅਕੁਸ਼ਲ ਅਤੇ ਸ਼ਰਾਬੀ ਵਾਹਨ ਚਾਲਕਾਂ ਦੇ ਖਿਲਾਫ ਵੀ ਸਖਤ ਕਾਰਵਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਉੱਥੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਲਗਾਤਾਰ ਵੱਧਦੇ ਸੜਕਾ ਹਾਦਸਿਆਂ ਵਿੱਚ ਹੁੰਦੇ ਜਾਨ ਅਤੇ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ               ਸਕੇ|

Leave a Reply

Your email address will not be published. Required fields are marked *