Councilor Ashok Jha inaugurated the work of park in Shahimajra

8jha

ਸ਼ਾਹੀ ਮਾਜਰਾ ਦੇ ਕੌਂਸਲਰ ਅਸ਼ੋਕ ਝਾ ਵਲੋਂ ਪਿੰਡ ਸ਼ਾਹੀ ਮਾਜਰਾ ਵਿੱਚ ਪਾਰਕ ਦੀ ਉਸਾਰੀ ਦੇ ਕੰਮ ਦਾ ਉਦਘਾਟਨ
ਕੁੰਭੜਾ, ਕਾਹਲੋਂ, ਕੰਗ, ਰੂਬੀ, ਰੋਡਾ ਦੀ ਹਾਜਰੀ ਵਿੱਚ ਕੰਮ ਹੋਇਆ ਸ਼ੁਰੂ

ਐਸ.ਏ.ਐਸ.ਨਗਰ, 8 ਸਤੰਬਰ : ਪਿੰਡ ਸ਼ਾਹੀ ਮਾਜਰਾ ਦੇ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਸ੍ਰੀ ਅਸ਼ੋਕ ਝਾ ਨੇ ਅੱਜ ਉਦਯੋਗਿਕ ਖੇਤਰ ਦੇ ਨਾਲ ਖਾਲੀ ਪਈ 4 ਏਕੜ ਜਗ੍ਹਾ ਵਿੱਚ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਪਾਰਕ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਕੀਤਾ| ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰ. ਬਲਜੀਤ ਸਿੰਘ ਕੁੰਭੜਾ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰੀ ਮਤੀ ਕੁਲਦੀਪ ਕੌਰ ਕੰਗ, ਸ੍ਰ. ਕਮਲਜੀਤ ਸਿੰਘ ਰੂਬੀ, ਸ੍ਰ. ਸੁਰਿੰਦਰ ਸਿੰਘ ਰੋਡਾ (ਸਾਰੇ ਕੌਂਸਲਰ) ਵੀ ਹਾਜਿਰ ਸਨ|
ਇੱਥੇ ਜਿਕਰਯੋਗ ਹੈ ਕਿ ਇਸ ਪਾਰਕ ਦੀ ਉਸਾਰੀ ਲਈ ਸ੍ਰੀ ਅਸ਼ੋਕ ਝਾ ਪਿਛਲੇ ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਸਨ ਅਤੇ ਉਨ੍ਹਾਂ ਨੇ ਗਮਾਡਾ ਦੇ ਉੱਚ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਸਬੰਧੀ ਪੱਤਰ ਲਿਖੇ ਸਨ| ਉਨ੍ਹਾਂ ਕਿਹਾ ਕਿ ਅੱਜ ਇਸ ਪਾਰਕ ਦੀ ਉਸਾਰੀ ਸ਼ੁਰੂ ਹੋਣ ਨਾਲ ਇਲਾਕੇ ਦੇ ਵਸਨੀਕਾਂ ਦੀ ਬਹੁਤ ਵੱਡੀ ਮੰਗ ਪੂਰੀ ਹੋਈ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇੱਥੇ ਇੱਕ ਸਕੂਲ ਅਤੇ ਕਮਿਊਨਟੀ ਸੈਂਟਰ ਦੀ ਉਸਾਰੀ ਦੀ ਮੰਗ ਵੀ ਕੀਤੀ ਹੋਈ ਹੈ|
ਪਾਰਕ ਸਬੰਧੀ ਉਨ੍ਹਾਂ ਕਿਹਾ ਕਿ ਪਾਰਕ ਵਿਚ ਸੈਰ ਕਰਨ ਲਈ 8 ਫੁੱਟ ਦਾ ਟ੍ਰੈਕ ਬਣਾਇਆ ਜਾਵੇਗਾ ਅਤੇ ਹੋਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ|

ਪਰਮਦੀਪ ਬੈਦਵਾਨ ਦੀ ਅਗਵਾਈ ਹੇਠ ਪਾਰਕ ਵਿੱਚ ਖੇਡ ਗ੍ਰਾਉਂਡ, ਕਮਿਊਨਟੀ ਸੈਂਟਰ ਦੀ ਉਸਾਰੀ ਦੀ ਮੰਗ
ਇਸ ਮੌਕੇ ਪਿੰਡ ਦੇ ਕੁਝ ਵਸਨੀਕਾਂ ਵੱਲੋਂ ਮੰਗ ਕੀਤੀ ਗਈ ਕਿ ਇਸ ਥਾਂ ਤੇ  ਪਾਰਕ ਦੇ ਨਾਲ ਨਾਲ ਬੱਚਿਆਂ ਲਈ ਖੇਡ ਮੈਦਾਨ ਅਤੇ ਕਮਿਉਨਿਟੀ ਸੈਂਟਰ ਦੀ ਉਸਾਰੀ ਵੀ ਕਰਵਾਈ ਜਾਵੇ| ਇਸ ਮੌਕੇ ਹਾਜਿਰ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਇੱਕ ਏਕੜ ਜਮੀਨ ਪਾਰਕ ਲਈ ਬਹੁਤ ਹੈ ਅਤੇ ਬਾਕੀ ਥਾਂ ਤੇ ਖੇਡ ਮੈਦਾਨ ਅਤੇ ਕਮਿਉਨਟੀ ਸੈਂਟਰ ਉਸਾਰਿਆ ਜਾ ਸਕਦਾ ਹੈ| ਇਸ ਮੌਕੇ ਸ੍ਰ. ਬੈਦਵਾਨ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿਚ ਪਹਿਲਾਂ ਹੀ ਇਕ ਪਾਰਕ ਬਣਿਆ ਹੋਇਆ ਹੈ ਪਰ ਉੱਥੇ ਬਚਿਆਂ ਨੂੰ ਖੇਡਣ ਨਹੀਂ ਦਿੱਤਾ ਜਾਂਦਾ| ਪਿੰਡ ਵਿੱਚ ਬੱਚਿਆਂ ਦੇ ਖੇਡਣ ਲਈ ਹੋਰ ਥਾਂ ਵੀ ਨਹੀਂ ਹੈ, ਇਸ ਲਈ ਨਵਾਂ ਪਾਰਕ ਬਣਾਉਣ ਦੀ ਥਾਂ ਉੱਥੇ ਕਮਿਉਨਿਟੀ ਸੈਂਟਰ ਦੇ ਨਾਲ  ਖੇਡ ਮੈਦਾਨ ਬਣਾਇਆ ਜਾਵੇ|

Leave a Reply

Your email address will not be published. Required fields are marked *