Deputy Mayor wrote to Chief Secy against MC officials for giving undue advantage to pvt. company on construction of Bus Que shelters

Manjeet S Sethi

ਡਿਪਟੀ ਮੇਅਰ ਨੇ ਬੱਸ ਕਿਊ ਸ਼ੈਲਟਰਾਂ ਸਬੰਧੀ ਨਿਗਮ ਅਧਿਕਾਰੀਆਂ ਤੇ ਲਗਾਏ ਨਿੱਜੀ ਕੰਪਨੀ ਨੂੰ ਫਾਇਦਾ ਦੇਣ ਦੇ ਦੋਸ਼

ਕੁਲਦੀਪ ਸਿੰਘ
ਐਸ ਏ ਐਸ ਨਗਰ, 22 ਅਗਸਤ

ਮੁਹਾਲੀ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਦੋ ਦਿਨ ਪਹਿਲਾਂ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੈਕੇਨਾਈਜ਼ਡ ਸਫਾਈ ਕਰਨ ਵਾਲੀ ਕੰਪਨੀ ਨੂੰ ਨਿੱਜੀ ਫਾਇਦਾ ਦੇਣ ਦੇ ਸਬੰਧ ਵਿੱਚ ਨਿਗਮ ਅਧਿਕਾਰੀਆਂ ਦੇ ਖਿਲਾਫ ਵਿਜੀਲੈਂਸ ਜਾਂਚ ਦੀ ਮੰਗ ਤੋਂ ਬਾਅਦ ਅੱਜ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੇ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਮੁਹਾਲੀ ਵਿੱਚ ਬਣਾਏ ਗਏ ਬੱਸ ਕਿਊ ਸ਼ੈਲਟਰਾਂ ਦੇ ਮਾਮਲੇ ਵਿੱਚ ਨਿਗਮ ਅਧਿਕਾਰੀਆਂ ਤੇ ਦੋਸ਼ ਲਗਾਇਆ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਨੂੰ ਨਿੱਜੀ ਫਾਇਦਾ ਦੇਣ ਲਈ ਬਿਨਾਂ ਗਮਾਡਾ ਦੇ ਤਕਨੀਕੀ ਅਫਸਰ ਤੋਂ ਇਜਾਜਤ ਹਾਸਿਲ ਕੀਤਿਆਂ ਹੀ ਇਹ ਸ਼ੈਲਟਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਬਣਾ ਦਿੱਤੇ ਗਏ ਹਨ| ਉਨ੍ਹਾਂ ਕਿਹਾ ਕਿ ਨਾ ਤਾਂ ਗਮਾਡਾ ਦੇ ਇੰਜਨੀਅਰਿੰਗ ਵਿੰਗ ਨਾ ਹੀ ਨਿਗਮ ਦੇ ਇੰਜਨੀਅਰਿੰਗ ਵਿੰਗ ਤੋਂ ਇਹ ਇਜਾਜਤ ਲਈ ਗਈ ਕਿ ਜਿੱਥੇ ਜਿੱਥੇ ਸ਼ੈਲਟਰ ਤੋੜੇ ਗਏ ਸਨ, ਉੱਥੇ ਹੀ ਇਹ ਬਸ ਕਿਊ ਸ਼ੈਲਟਰ ਬਣਨੇ ਹਨ ਜਾਂ ਨਵੀਆਂ ਥਾਵਾਂ ਤੇ ਬਣਾਏ ਜਾ ਸਕਦੇ ਹਨ|
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿਰਫ ਅਤੇ ਸਿਰਫ ਇਸ਼ਹਾਰਬਾਜੀ ਨੂੰ ਮੁੱਖ ਰੱਖ ਕੇ ਨਿੱਜੀ ਕੰਪਨੀ ਨੂੰ ਠੇਕਾ ਦੇ ਕੇ ਜਿੱਥੇ ਦਿਲ ਕੀਤਾ, ਉੱਥੇ ਹੀ ਇਹ ਸ਼ੈਲਟਰ ਬਣਾ ਦਿੱਤੇ ਗਏ ਹਨ ਜਿਸ ਨਾਲ ਸ਼ਹਿਰ ਵਿੱਚ ਇਨ੍ਹਾਂ ਦੇ ਫਾਇਦੇ ਦੀ ਥਾਂ ਤੇ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ| ਇਹੀ ਨਹੀਂ ਕੁੱਝ ਅਜਿਹੇ
ਖੇਤਰਾਂ ਵਿੱਚ ਬਸ ਕਿਊ ਸ਼ੈਲਟਰ ਬਣਾ ਦਿੱਤੇ ਗਏ ਹਨ ਜਿੱਥੇ ਕਈ ਸਾਲਾਂ ਤੋਂ ਬੱਸ ਸੇਵਾ ਬੰਦ ਪਈ ਹੈ| ਕਈ ਅਜਿਹੀਆਂ ਥਾਵਾਂ ਤੇ ਬੱਸ ਕਿਊ ਸ਼ੈਲਟਰ ਉਸਾਰੇ ਗਏ ਹਨ ਜਿੱਥੇ ਟ੍ਰੈਫਿਕ ਜਿਆਦਾ ਹੋਣ ਕਾਰਨ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ|
ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਇਸ ਸਬੰਧੀ ਸਥਾਨਕ ਸਰਕਾਰ ਦੇ ਸਕੱਤਰ, ਡਾਇਰੈਕਟਰ ਅਤੇ ਨਿਗਮ ਦੇ ਕਮਿਸ਼ਨਰ ਨੂੰ ਕਈ ਪੱਤਰ ਲਿਖ ਕੇ ਇਹ ਜਾਣਕਾਰੀ ਮੰਗੀ ਹੈ ਕਿ ਕਿਹੜੇ ਤਕਨੀਕੀ ਅਧਿਕਾਰੀ ਤੋਂ ਇਨ੍ਹਾਂ ਸ਼ੈਲਟਰਾਂ ਦੀ ਸਪੈਸੀਫਿਕੇਸ਼ਨ ਲਈ ਗਈ ਹੈ ਪਰ ਕੋਈ ਜਵਾਬ  ਨਹੀਂ ਮਿਲਿਆ| ਉਨ੍ਹਾਂ ਕਿਹਾ ਕਿ ਸਾਫ ਜਾਹਿਰ ਹੈ ਕਿ ਇੱਕ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੀ ਨੀਅਤ ਨਾਲ ਸ਼ਹਿਰ ਦਾ ਵੀ ਨੁਕਸਾਨ ਕੀਤਾ ਗਿਆ ਹੈ ਅਤੇ ਇਸਦੇ ਨਾਲ ਨਾਲ ਨਿਗਮ ਨੂੰ ਆਉਣ ਵਾਲੇ ਮਾਲੀਏ ਦਾ ਵੀ ਨੁਕਸਾਨ ਕੀਤਾ ਗਿਆ ਹੈ| ਉਨ੍ਹਾਂ ਮੁੱਖ ਸਕੱਤਰ ਤੋਂ ਮੰਗ ਕੀਤੀ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇ ਅਤੇ ਇਸ ਸਬੰਧੀ ਜੋ ਕਦਮ ਚੁੱਕੇ ਜਾਣ, ਉਸਦੀ ਜਾਣਕਾਰੀ ਉਨ੍ਹਾਂ ਨੂੰ ਵੀ (ਡਿਪਟੀ ਮੇਅਰ) ਮੁਹਈਆ ਕਰਵਾਈ ਜਾਵੇ|

Leave a Reply

Your email address will not be published. Required fields are marked *