Estimates Worth Rs. 6.55 Crore Passed in M.C Meeting

ਨਗਰ ਨਿਗਮ ਦੀ ਮੀਟਿੰਗ ਵਿੱਚ ਸਾਢੇ 6 ਕਰੋੜ ਰੁਪਏ ਦੇ ਵਿਕਾਸ ਮਤੇ ਪਾਸ, ਵਿਧਾਇਕ ਸਿੱਧੂ ਦਾ ਹੋਇਆ ਵਿਸ਼ੇਸ਼ ਸਵਾਗਤ

ਸ਼ਹਿਰ ਵਿੱਚ ਪਾਣੀ ਸਪਲਾਈ ਲਈ 60 ਕਰੋੜ ਦਾ ਪ੍ਰੋਜੈਕਟ ਮੰਜੂਰ, ਸੀਵਰੇਜ ਲਈ 82 ਕਰੋੜ ਦਾ ਪ੍ਰੋਜੈਕਟ ਵਿਚਾਰ ਅਧੀਨ : ਮੇਅਰ
ਐਸ. ਏ. ਐਸ. ਨਗਰ, 3 ਅਪ੍ਰੈਲ (ਸ.ਬ.) ਨਗਰ ਨਿਗਮ ਐਸ. ਏ . ਐਸ. ਨਗਰ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਵਿਧਾਇਕ  ਬਣਨ ਤੋਂ ਬਾਅਦ ਪਹਿਲੀ ਵਾਰ ਮੀਟਿੰਗ ਵਿੱਚ ਸ਼ਾਮਿਲ ਹੋਣ ਤੇ ਨਿਗਮ ਦੇ ਮੇਅਰ , ਕੌਂਸਲਰਾਂ ਅਤੇ ਅਧਿਕਾਰੀਆਂ ਵਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਇਸ ਦੌਰਾਨ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਨਾਲ ਜੁੜੇ ਸਾਢੇ 6 ਕਰੋੜ ਰੁਪਏ ਦੇ ਮਤੇ ਵੀ ਪਾਸ ਕੀਤੇ               ਗਏ|
ਮੀਟਿੰਗ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਨਿਗਮ ਦੇ ਕਮਿਸ਼ਨਰ ਸ੍ਰੀ              ਰਾਜੇਸ਼ ਧੀਮਾਨ ਵਲੋਂ ਸ੍ਰ. ਬਲਬੀਰ ਸਿੰਘ ਸਿੱਧੂ ਦੇ ਤੀਜੀ ਵਾਰ ਹਲਕਾ ਵਿਧਾਇਕ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਨਗਰ ਨਿਗਮ ਦੇ ਦਫਤਰ ਪਹੁੰਚਣ ਤੇ ਜੀ ਆਇਆ ਨੂੰ ਆਖਿਆ| ਉਹਨਾਂ ਕੌਂਸਲਰਾਂ ਨੂੰ ਅਪੀਲ  ਕੀਤੀ ਕਿ ਉਹ ਰਾਜਨੀਤੀ ਤੋਂ ਉੱਪਰ ਉਠ ਕੇ ਸ਼ਹਿਰ ਦੇ ਵਿਕਾਸ ਲਈ ਇੱਕਜੁਟ ਹੋ ਕੇ ਕੰਮ ਕਰਨ ਤਾਂ ਜੋ ਸ੍ਰ. ਸਿੱਧੂ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ|
ਇਸ ਮੌਕੇ ਬੋਲਦਿਆਂ ਮੇਅਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਾਵੇਂ ਹਰ ਸਿਆਸੀ ਆਗੂ ਵਲੋਂ ਵੱਖਰੀ ਸੁਰ ਅਪਣਾਈ ਗਈ ਹੋਵੇ ਪਰੰਤੂ ਚੋਣਾਂ ਤੋਂ ਬਾਅਦ ਜਿੱਤੇ ਹੋਏ ਵਿਧਾਇਕ ਨੇ ਪੂਰੇ ਹਲਕੇ ਦੀ ਅਗਵਾਈ ਕਰਨੀ ਹੁੰਦੀ ਹੈ ਅਤੇ ਆਸ ਹੈ ਕਿ ਸ੍ਰ. ਸਿੱਧੂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ| ਉਹਨਾਂ ਕਿਹਾ ਕਿ ਸ੍ਰ. ਸਿੱਧੂ ਹਲਕੇ ਦੇ ਸੀਨੀਅਰ ਆਗੂ ਹਨ ਅਤੇ ਲਗਾਤਾਰ ਤੀਜੀ ਵਾਰ ਚੋਣ ਜਿੱਤਣ ਉਪਰੰਤ ਹੁਣ ਉਹਨਾਂ  ਦੇ ਮੰਤਰੀ ਬਣਨ ਦੀ ਵੀ ਆਸ ਹੈ| ਉਹਨਾਂ ਕਿਹਾ ਕਿ ਭਾਵੇਂ ਨਗਰ ਨਿਗਮ ਹੋਵੇ, ਨਗਰ ਕੌਂਸਲ ਜਾਂ ਪੰਚਾਇਤਾਂ, ਇਹਨਾਂ ਵਿਚੋਂ ਕੋਈ ਵੀ ਅਦਾਰਾ ਸਰਕਾਰ ਦੇ ਲੜੀਂਦੇ ਸਹਿਯੋਗ ਬਿਨਾ ਠੀਕ ਢੰਗ ਨਾਲ ਕੰਮ ਨਹੀਂ ਕਰ ਸਕਦਾ ਅਤੇ ਉਹਨਾਂ ਨੂੰ ਪੂਰੀ ਆਸ ਹੈ ਕਿ ਸ੍ਰ. ਸਿੱਧੂ ਵਲੋਂ  ਆਪਣਾ ਰਸੂਖ ਵਰਤ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਆਉਣ ਵਾਲੀਆਂ ਸਰਕਾਰੀ ਪੱਧਰ ਦੀਆਂ ਰੁਕਾਵਟਾਂ ਨੂੰ ਦੂਰ ਕਰਵਾਇਆ ਜਾਵੇਗਾ| ਉਹਨਾਂ ਕਿਹਾ ਕਿ ਨਗਰ ਨਿਗਮ ਦੇ ਸਮੂਹ ਕੌਂਸਲਰ ਸ਼ਹਿਰ ਦੀ ਭਲਾਈ ਲਈ ਉਹਨਾਂ ਨਾਲ ਪੂਰਨ ਸਹਿਯੋਗ ਕਰਣਗੇ|
ਇਸ ਮੌਕੇ ਬੋਲਦਿਆਂ ਸ੍ਰ. ਬਲਬੀਰ ਸਿੰਘ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਅਤੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਹਲਕੇ ਦੇ ਵਿਕਾਸ ਦੇ ਕੰਮਾਂ ਅਤੇ ਲੋਕਾਂ ਦੀ ਭਲਾਈ ਨਾਲ ਜੁੜੇ ਮੱਦਿਆਂ ਤੇ ਉਹ ਹਮੇਸ਼ਾ ਹਾਜਿਰ ਹਨ| ਉਹਨਾਂ ਕਿਹਾ ਕਿ ਸ਼ਹਿਰ ਦੇ  ਵਿਕਾਸ ਕਾਰਜਾਂ  ਨੂੰ ਯੋਜਨਾ ਬੱਧ ਢੰਗ ਨਾਲ ਨਾਲ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਹ ਪਾਰਟੀ ਪੱਧਰ ਤੋਂ ਉੱਪਰ ਉਠ ਕੇ ਨਿਗਮ ਦੇ ਸਮੂਹ ਕੌਂਸਲਰਾਂ ਦੇ ਨਾਲ ਮਿਲ ਕੇ ਕੰਮ ਕਰਣਗੇ ਤਾਂ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਵੇਖੇ ਸੁਫਨੇ ਨੂੰ ਪੂਰਾ ਕੀਤਾ ਜਾ           ਸਕੇ|
ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਵਿਕਾਸ ਕਾਰਜਾਂ ਦੇ ਸਾਢੇ 6 ਕਰੋੜ ਰੁਪਏ ਦੇ ਮਤਿਆਂ ਦੇ ਨਾਲ ਨਾਲ ਕਰਮਚਾਰੀਆਂ ਦੇ ਕੰਮਾਂ ਨਾਲ ਜੁੜੇ ਸਾਰੇ ਅਤੇ ਸਰਵਸੰਮਤੀ ਨਾਲ ਪਾਸ ਕਰ ਦਿੱਤੇ          ਗਏ| ਇਹਨਾਂ ਵਿੱਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਅਤੇ ਵਾਰਵਾਰ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਉਣ ਤੇ ਉਹਨਾਂ ਦੇ ਪਾਣੀ ਦੇ ਕੰਨੈਕਸ਼ਨ ਕੱਟਣ ਦਾ ਮਤਾ ਵੀ ਸ਼ਾਮਿਲ ਹੈ|
ਮੀਟਿੰਗ ਦੌਰਾਨ ਕੌਂਸਲਰਾਂ ਵਿੱਚ ਸ਼ਹਿਰ ਦੇ ਵੱਖ ਵੱਖ ਮਸਲਿਆਂ ਨੂੰ ਲੈ ਕੇ ਭਰਵੀ ਬਹਿਸ ਹੋਈ| ਇਸ ਮੌਕੇ ਕੌਂਸਲਰ ਸ੍ਰ. ਫੂਲਰਾਜ ਸਿੰਘ ਨੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦਾ ਮੁੱਦਾ ਚੁੱਕਿਆ| ਉਹਨਾਂ ਕਿਹਾ ਕਿ ਉਹਨਾਂ ਪਸ਼ੂਆਂ ਦਾ ਦੁੱਧ ਕੱਢ ਕੇ ਇਹਨਾਂ ਨੂੰ ਸ਼ਹਿਰ ਵਿਚ ਛੱਡ ਦਿੱਤਾ ਜਾਂਦਾ ਹੈ ਅਤੇ ਜਿਹੜੇ ਲੋਕਾਂ ਨੇ ਇਹ ਪਸ਼ੂ ਪਾਲੇ ਹੋਏ ਹਨ ਉਹਨਾਂ ਨੂੰ ਹੀ ਠੇਕੇਦਾਰ ਵਲੋਂ ਆਵਾਰਾ ਪਸ਼ੂ ਫੜਣ ਦੇ ਕੰਮ ਤੇ ਲਗਾਇਆ ਜਾਂਦਾ ਹੈ| ਉਹਨਾਂ ਕਿਹਾ ਕਿ ਇਸ ਠੇਕੇਦਾਰ ਦਾ ਠੇਕਾ ਰੱਦ ਕੀਤਾ ਜਾਵੇ ਅਤੇ ਇਸ ਸਮੱਸਿਆ ਦੇ ਹਲ ਲਈ ਕਾਰਵਾਈ ਕੀਤੀ ਜਾਵੇ ਇਸ ਮੌਕੇ ਮੇਅਰ ਨੇ ਵੀ ਮੰਨਿਆ ਕਿ ਇਹ ਸਮੱਸਿਆ ਬਹੁਤ ਗੰਭੀਰ ਹਾਲਤ ਵਿੱਚ ਹੈ ਅਤੇ ਪਿੰਡ ਮਟੌਰ ਅਤੇ ਕੁੰਭੜਾ ਵਿਚ ਸਿਰਫ ਗਿਣਤੀ ਦੇ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਪਸ਼ੂ ਰੱਖੇ ਹੋਏ ਹਨ ਜਿਹਨਾਂ ਨੂੰ ਇਹ ਲੋਕ ਸ਼ਹਿਰ ਵਿੱਚ ਛੱਡ ਦਿੰਦੇ ਹਨ ਅਤੇ ਇਹਨਾਂ ਲੋਕਾਂ ਵਲੋਂ ਨਿਗਮ ਦੇ ਸਟਾਫ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ| ਇਸ ਮੌਕੇ ਕੌਂਸਲਰਾਂ ਨੇ ਮੰਗ ਕੀਤੀ ਕਿ ਡੰਗਰ ਪਾਲਣ ਵਾਲੇ ਇਹਨਾਂ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਪੁਲੀਸ ਮਾਮਲੇ ਦਰਜ ਹੋਣ| ਇਸ ਸੰਬੰਧੀ ਹਲਕਾ ਵਿਧਾਇਕ ਸ੍ਰ. ਸਿੱਧੂ ਨੇ ਕਿਹਾ ਕਿ ਇੱਕ ਵਾਰ ਇਹਨਾਂ ਵਿਅਕਤੀਆਂ ਨੂੰ ਨੋਟਿਸ ਭੇਜੇ ਜਾਣ ਅਤੇ ਜੇਕਰ ਫਿਰ ਵੀ ਮਸਲਾ ਹਲ ਨਹੀਂ ਹੁੰਦਾ ਤਾਂ ਉਹਨਾਂ ਖਿਲਾਫ ਪੁਲੀਸ ਕਾਰਵਾਈ ਕੀਤੀ ਜਾਵੇ|
ਮੀਟਿੰਗ ਵਿੱਚ ਕੌਂਸਲਰ ਅਰੁਣ ਸ਼ਰਮਾ ਨੇ ਗਊਸ਼ਾਲਾ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਉਥੇ ਪਸ਼ੂਆਂ ਲਈ ਤਾਂ ਚਾਰਾ ਤਕ ਨਹੀਂ ਹੈ ਅਤੇ ਮੇਅਰ ਨੂੰ ਇੱਕ ਵਾਰ ਉਥੋਂ ਦਾ ਦੌਰਾ ਕਰਨਾ ਚਾਹੀਦਾ ਹੈ ਸਟ੍ਰੀਟ ਵੈਂਡਿੰਗ ਕਮੇਟੀ ਦਾ ਮੁੱਦਾ ਚੁੱਕਦਿਆ ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ 46 ਰਹੇੜੀਆਂ ਦੱਸੀਆ ਗਈਆਂ ਸਨ ਜਦੋਂ ਕਿ ਸਿਰਫ 15 ਲੱਗੀਆਂ ਮਿਲੀਆਂ ਅਤੇ ਇਹਨਾਂ ਵਿੱਚੋਂ ਵੀ 2 ਵਿਅਕਤੀ ਅਜਿਹੇ ਸਨ ਜਿਹੜੇ ਚੰਡੀਗੜ੍ਹ ਤੋਂ ਆ ਕੇ ਰਹੇੜੀਆਂ ਲਗਾਉਂਦੇ  ਹਨ|
ਕੌਂਸਲਰ ਹਰਦੀਪ ਸਿੰਘ ਸਾਰਉਂ ਨੇ ਸੈਕਟਰ ਫੇਜ਼-10, 11 ਸੈਕਟਰ 48 ਦੇ ਰੋਡ ਨੇੜੇ ਸੜਕ ਕਿਨਾਰੇ ਇਕ ਮਲਬਾ  ਵੇਚਣ ਵਾਲੇ ਅਤੇ ਇੱਕ ਟੈਂਪੂ ਸਟੈਂਡ ਵਾਲਿਆਂ ਦੇ ਨਾਜਾਇਜ ਕਬਜਿਆਂ ਦਾ ਜਿਕਰ ਕਰਦਿਆਂ ਉਸਨੂੰ ਹਟਾਉਣ ਦੀ ਮੰਗ ਕੀਤੀ | ਉਹਨਾਂ ਕਿਹਾ ਕਿ           ਫੇਜ਼ 10 ਵਿੱਚ ਇਕ ਵਿਅਕਤੀ ਵਲੋਂ ਗ੍ਰੀਨ ਬੈਲਟ ਤੇ ਹੀ ਕਬਜਾ ਕਰ ਲਿਆ ਗਿਆ ਹੈ| ਜਿਸ ਨੂੰ ਖਾਲੀ ਕਰਵਾਇਆ ਜਾਣਾ ਚਾਹੀਦਾ ਹੈ|
ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਗੰਦਗੀ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਦਰਖਤਾਂ ਤੋਂ ਵੱਡੀ ਗਿਣਤੀ ਵਿੱਚ ਝੜਦੇ ਪੱਤਿਆਂ ਨੂੰ ਚੁਕਵਾਉਣ ਲਈ ਵੱਧ ਟ੍ਰਾਲੀਆਂ ਦਾ ਪ੍ਰਬੰਧ ਹੋਵੇ|
ਕੌਂਸਲਰ ਜਸਪ੍ਰੀਤ ਕੌਰ ਨੇ ਕੁਝ ਸਮਾਂ ਪਹਿਲਾਂ ਫੇਜ਼ -2 ਵਿਚ ਇਕ ਬੱਚੇ ਨੂੰ ਅਵਾਰਾ ਕੁੱਤਿਆਂ ਵਲੋਂ ਵੱਢਣ ਦਾ ਮੁੱਦਾ ਚੁਕਦਿਆਂ ਕਿਹਾ ਕਿ ਪੀੜਿਤ ਬੱਚੇ ਦੀ ਪਲਾਸਟਿਕ ਸਰਜਰੀ ਹੋਣੀ ਹੈ ਜਿਸਦਾ ਖਰਚਾ ਨਿਗਮ ਵਲੋਂ ਕੀਤਾ ਜਾਣਾ ਚਾਹੀਦਾ ਹੈ| ਕੌਂਸਲਰ ਦਮਨਜੀਤ ਸਿੰਘ ਰੂਬੀ ਨੇ  ਚਾਰ ਮਹੀਨੇ ਪਹਿਲਾਂ ਪਾਸ ਕੀਤੇ ਕੰਮਾਂ ਬਾਰੇ ਪੁੱਛਿਆ ਕਿ ਉਹਨਾ ਦੇ ਕੰਮ ਕਦੋਂ ਸ਼ੁਰੂ ਹੋਣਗੇ | ਜਿਸ ਤੇ ਮੇਅਰ ਨੇ ਦੱਸਿਆ ਕਿ ਚੋਣ ਜਾਬਤੇ ਕਰਨ ਉਹਨਾ ਕੰਮਾਂ ਨੂੰ ਮੰਜੂਰੀ ਨਹੀਂ ਮਿਲੀ ਸੀ ਅਤੇ ਹੁਣ ਜਦੋਂ ਮੰਜੂਰੀ ਮਿਲ ਜਾਵੇਗੀ ਉਹਨਾਂ ਦੇ ਟੈਂਡਰ ਲਗਾ  ਦਿੱਤੇ                 ਜਾਣਗੇ|
ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਦਾ ਸੀਵਰੇਜ ਸਿਸਟਮ ਪੁਰਾਣਾ ਪੈ ਗਿਆ ਹੈ ਅਤੇ ਪਾਣੀ ਸਪਲਾਈ ਦਾ ਵੀ ਬੁਰਾ ਹਾਲ ਹੈ| ਇਸ ਮੌਕੇ ਮੇਅਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਾਫ ਪਾਣੀ ਦੀ ਸਪਲਾਈ ਵਾਸਤੇ ਸਰਕਾਰ ਵਲੋਂ 60 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮੰਜੂਰੀ ਦੇ ਦਿੱਤੀ ਗਈ ਹੈ ਇਸ ਨਾਲ ਇਥੇ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਟ ਲਗਾਏ ਜਾਣਗੇ ਸ਼ਹਿਰ ਦੇ ਚੋਣਵੇਂ ਪਾਰਕਾਂ ਵਿੱਚ ਵੱਡਾ ਟੈਂਕ ਬਣਾ ਕੇ ਪਾਣੀ ਸਟੋਰ ਕੀਤਾ ਜਾਵੇਗਾ| ਜਿਥੋਂ ਇਹ ਅੱਕੇ ਸਪਲਾਈ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਨਵੇਂ ਪਿਸਰੇ ਤੋਂ ਸੀਵਰੇਜ ਸਿਸਟਮ ਲਾਗੂ ਕਰਨ ਲਈ ਸਰਕਾਰ ਨੂੰ 82 ਕਰੋੜ ਰੁਪਏ ਦੀ ਯੋਜਨਾ ਭੇਜੀ ਗਈ ਹੈ| ਜਿਸ ਦੇ ਪਾਸ ਹੋਣ ਤੇ ਸ਼ਹਿਰ ਦੇ ਪੁਰਾਣੇ ਸੀਵਰੇਜ ਸਿਸਟਮ ਦੀ ਥਾਂ ਨਵਾਂ ਸਿਸਟਮ ਪਾਇਆ ਜਾਵੇਗਾ|
ਇਸ ਮੌਕੇ ਕੌਂਸਲਰਾਂ ਵਲੋਂ ਕਮਿਉਨਿਟੀ ਹਾਲਾਂ ਦਾ ਮੁੱਦਾ ਵੀ ਚੁੱਕਿਆ ਗਿਆ ਜਿਸ ਤੇ ਮੇਅਰ ਨੇ ਕਿਹਾ ਕਿ ਕਮਿਉਨਟੀ ਸੈਂਟਰ ਹੁਣ ਨਿਗਮ ਦੇ ਅਧੀਨ ਆ ਗਏ ਹਨ ਅਤੇ ਇਹਨਾਂ ਦੀ ਬੁਰਿੰਗ ਦੀ ਕੰਮ ਨਿਗਮ ਵਿਖੇ ਹੀ ਹੋਵੇਗਾ| ਉਹਨਾਂ ਕਿਹਾ ਇਸ ਸੰਬੰਧੀ ਨਿਗਮ ਵਿੱਚ ਵਿਸ਼ੇਸ਼ ਕਾਉਂਟਰ ਵੀ ਬਣਾਇਆ ਜਾ ਰਿਹਾ ਹੈ ਜਿਥੇ ਬੁਕਿੰਗ ਦਾ ਇਹ ਕੰਮ ਹੋਵੇਗਾ|
ਕੌਂਸਲਰ ਪਰਮਿੰਦਰ ਸੋਹਣਾ ਨੇ ਪਿੰਡ ਦੀ ਧਰਮਸ਼ਾਲਾ ਦੀ ਤਿੰਨ ਲੱਖ ਦੀ ਗ੍ਰਾਂਟ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਕ ਸਾਲ ਹੋ ਜਾਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਹੋਇਆ ਹੈ| ਕੌਂਸਲਰ ਜਸਵੀਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਇਕ ਕੰਪਨੀ ਵਲੋਂ ਫੁਟਪਾਥ ਦੀ ਥਾਂ ਤੇ ਮੇਨਹੋਲ ਬਣਾ ਦਿੱਤਾ ਗਿਆ ਹੈ ਪਰੰਤੂ ਸ਼ਿਕਾਇਤ ਦੇ ਬਾਵਜੂਦ ਨਿਗਮ ਦੇ ਅਧਿਕਾਰੀ ਕਾਰਵਾਈ ਨਹੀਂ ਕਰ           ਰਹੇ| ਕੌਂਸਲਰ ਪਰਮਿੰਦਰ ਸੋਹਣਾ ਵਲੋਂ ਵਿਧਾਇਕ ਸ੍ਰ. ਸਿੱਧੂ ਨੂੰ ਮੰਗ ਕੀਤੀ ਗਈ ਕਿ ਪਿੰਡਾਂ ਦੇ ਬਾਈਲਾਜ ਬਣਾਏ ਜਾਵੇ ਤਾਂ ਜੋ ਪਿੰਡਾਂ ਦੇ ਨਕਸ਼ੇ ਪਾਸ ਹੋਣ ਅਤੇ ਉਹਨਾਂ ਨੂੰ ਪ੍ਰਾਪਰਟੀ ਟੈਕਸ ਤੋਂ ਛੋਟ ਮਿਲੇ ਜਿਸਤੇ ਸ੍ਰ. ਸਿੱਧੂ ਨੇ ਕਿਹਾ ਕਿ ਹਾਊਸ ਵਲੋਂ ਮਤਾ ਪਾਸ ਕੀਤਾ ਜਾਵੇ ਕਿ ਚੰਡੀਗੜ੍ਹ ਪੈਟਰਨ ਤੇ ਪਿੰਡਾਂ ਨੂੰ ਸਹੂਲਤਾਂ ਦਿੱਤੀਆਂ ਜਾਣ|
ਕੌਂਸਲਰ ਕੁਲਜੀਤ ਸਿੰਘ ਬੇਦੀ ਵਲੋਂ ਇਸ ਮੌਕੇ ਸ੍ਰ. ਸਿੱਧੂ ਨੂੰ ਤੀਜੀ ਵਾਰ ਵਿਧਾਇਕ ਚੁਣੇ ਜਾਣ ਤੇ ਵਧਾਈ ਦਿੰਦਿਆਂ ਅਕਾਲੀ ਕੌਂਸਲਰਾਂ ਤੇ ਵਿਅੰਗ ਕੀਤਾ ਕਿ ਅਕਾਲੀ ਦਲ ਨੂੰ ਵੀ ਸ੍ਰ. ਸਿੱਧੂ ਨੂੰ ਰਸਮੀ ਵਧਾਈ ਦਿੱਤੀ ਜਾਣੀ ਚਾਹੀਦੀ ਸੀ| ਉਹਨਾਂ ਕਿਹਾ ਕਿ ਸ੍ਰ. ਸਿੱਧੂ ਸ਼ਹਿਰ ਦੇ ਚੱਪੇ ਚੱਪੇ ਦੇ ਵਾਕਫ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਸ਼ਹਿਰ ਦਾ ਭਰਪੂਰ ਵਿਕਾਸ ਹੋਵੇਗਾ| ਉਹਨਾਂ ਸ੍ਰ. ਸਿੱਧੂ ਨੂੰ ਮੰਗ ਕੀਤੀ ਕਿ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹਲ ਲਈ ਕਜੌਲੀ ਤੋਂ ਆਉਣ ਵਾਲੀ ਪਾਈਪ ਲਾਈਨ ਨੂੰ  ਮੁਕੰਮਲ ਕੀਤਾ ਜਾਵੇ|

Leave a Reply

Your email address will not be published. Required fields are marked *