Fake Secy. of Human Rights mission arrested from Mohali

ਹਿਊਮਨ ਰਾਈਟਸ ਮਿਸ਼ਨ ਦੇ ਬਣੇ ਜਾਅਲੀ ਜੁਆਇੰਟ ਸੈਕਟਰੀ ਗ੍ਰਿਫਤਾਰ
ਨੌਕਰੀਆਂ ਦਾ ਝਾਂਸਾਂ ਦੇ ਕੇ ਪੰਜਾਬ ਸਮੇਤ ਹੋਰਨਾਂ ਰਾਜਾ ਵਿਚ ਵੀ ਮੋਟੀਆਂ ਰਕਮਾਂ ਕਰਦਾ ਸੀ ਵਸੂਲ
ਦੋਸ਼ੀ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਵੀ 9 ਮੁਕੱਦਮੇ ਹਨ ਦਰਜ
ਦੋਸ਼ੀ ਪਾਸੋ ਵੱਖ-ਵੱਖ ਪੋਸਟਾਂ ਦੇ ਜਾਅਲੀ ਸਨਾਖਤੀ ਕਾਰਡ ਵੀ ਹੋਏ ਬ੍ਰਾਮਦ

ਐਸ.ਏ.ਐਸ.ਨਗਰ: 22 ਅਗਸਤ : ਸੀ.ਆਈ.ਏ. ਸਟਾਫ ਮੁਹਾਲੀ ਵੱਲੋਂ ਇੱਕ ਬੜੇ ਸ਼ਾਤਰ ਦਿਮਾਗ ਵਾਲੇ ਵਿਅਕਤੀ (ਜੋ ਹਿਊਮਨ ਰਾਈਟਸ ਮਿਸਨ ਦਾ ਜਾਅਲੀ ਜੁਆਇੰਟ ਸੈਕਟਰੀ ਬਣਿਆ ਹੋਇਆ ਹੈ), ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ  ਦੱਸਿਆ ਕਿ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਦੀ ਨਿਗਰਾਨੀ ਹੇਠ ਏ.ਐਸ.ਆਈ  ਗੁਰਪ੍ਰਤਾਪ ਸਿੰਘ ਸਮੇਤ ਪੁਲੀਸ ਪਾਰਟੀ ਫੇਜ਼-5 ਦੀ ਮਾਰਕੀਟ ਵਿਖੇ ਮੌਜੂਦ ਸੀ ਤਾਂ ਉਸਨੂੰ ਇਤਲਾਹ ਮਿਲੀ ਕਿ ਸਿਕੰਦਰ ਸਿੰਘ ਉਰਫ ਸਨੀ ਵਾਸੀ ਪਿੰਡ ਬੂਰਮਾਜਰਾ ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ ਜੋ ਕਿ ਅੰਡਰਟੇਕਿੰਗ ਮਨਿਸਟਿਰੀ  ਆਫ ਹੋਮ ਅਫੇਅਰਜ਼ ਭਾਰਤ ਸਰਕਾਰ ਦੇ ਹੇਠਾਂ ਹਿਊਮਨ ਰਾਈਟ ਮਿਸ਼ਨ ਬਣਾ ਕੇ ਆਪਣੇ ਆਪ ਨੂੰ ਇਸ ਮਿਸ਼ਨ ਦਾ ਜੂਆਇੰਟ ਸੈਕਟਰੀ ਦਸਦਾ ਹੈ ਅਤੇ ਆਪਣੇ ਆਪ ਹੀ ਇੱਕ ਸਰਕਾਰੀ ਮਹਿਕਮਾ ਬਣਾ ਕੇ ਚਲਾ ਰਿਹਾ ਹੈ, ਨੇ ਅਲੱਗ-ਅਲੱਗ ਪੋਸਟਾਂ ਤੇ ਕੰਮ ਕਰਨ ਲਈ ਨਾਲ ਹੋਰ ਬੰਦੇ ਵੀ ਜੋੜੇ ਹੋਏ ਹਨ ਅਤੇ ਹਿਊਮਨ ਰਾਈਟ ਮਿਸ਼ਨ ਦੇ ਨਾਮ ਨਾਲ ਸਬੰਧਤ ਜਾਅਲੀ ਪਹਿਚਾਣ ਪੱਤਰ ਅਤੇ ਜਾਅਲੀ ਦਸਤਾਵੇਜ ਬਣਾ ਕੇ ਲੋਕਾਂ ਤੋਂ ਪੈਸੇ ਲੈ ਕੇ ਨੌਕਰੀ ਦੇਣ ਦੇ ਨਾਮ ‘ਤੇ ਅਲੱਗ-ਅਲੱਗ ਰਾਜਾਂ ਵਿੱਚ ਅਤੇ ਵੱਖ-ਵੱਖ ਜ਼ਿਲ੍ਹਿਆ ਵਿੱਚ ਲੋਕਾਂ ਨਾਲ ਠੱਗੀਆਂ ਮਾਰੀਆਂ ਹਨ| ਇਸ ਨੇ ਮੁਹਾਲੀ ਵਿਖੇ ਵੀ ਇੱਕ ਦਫਤਰ ਖੋਲਿਆ ਹੋਇਆ ਹੈ| ਖੁਫੀਆ ਇਤਲਾਹ ਦੇ ਆਧਾਰ ਤੇ ਸਿਕੰਦਰ ਸਿੰਘ ਉਰਫ ਸੰਨੀ (ਉਮਰ ਕਰੀਬ 30 ਸਾਲ ਜੋ ਕਿ +2 ਤੱਕ ਪੜ੍ਹਿਆ ਹੋਇਆ ਹੈ), ਵਿਰੁੱਧ ਆਈ ਪੀ ਸੀ ਦੀ ਧਾਰਾ 170, 406,420,467, 468,471, 120 ਅਧੀਨ ਥਾਣਾ ਫੇਜ਼-1 ਮੁਹਾਲੀ ਵਿਖੇ ਮਾਮਲਾ ਦਰਜ ਕਰਕੇ ਉਸ ਨੂੰ ਫੇਜ਼-5 ਮੁਹਾਲੀ ਦੀ ਮਾਰਕਿਟ ਦੇ ਨੇੜੇ ਪਾਰਕ ਵਿਚੋਂ ਗ੍ਰਿਫਤਾਰ ਕੀਤਾ ਗਿਆ|
ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨੇ ਪਲਾਟ ਨੰਬਰ ਈ-253, ਫੇਜ਼-8 ਇੰਡਸਰਟੀਅਲ ਏਰੀਆ, ਮੁਹਾਲੀ ਵਿਖੇ ਇੱਕ ਖੁਲੀ-ਡੁੱਲੀ ਬਿਲਡਿੰਗ ਵਿੱਚ ਆਪਣਾ ਦਫਤਰ ਖੋਲਿਆ ਹੋਇਆ ਹੈ| ਇਹ ਪਲਾਟ ਇਸ ਦੇ ਸਾਥੀ ਜਤਿੰਦਰ ਔਲਖ (ਜੋ ਕਿ ਇਸੇ ਮਿਸ਼ਨ ਦਾ ਜੁਆਇੰਟ ਸੈਕਟਰੀ -2 ਬਣਿਆ ਹੋਇਆ ਹੈ), ਦੇ ਨਾਮ ‘ਤੇ ਕਿਰਾਏ ‘ਤੇ ਹੈ ਅਤੇ ਇਸ ਦਫਤਰ ਦਾ ਕਰੀਬ ਡੇਢ ਲੱਖ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਕਿਰਾਇਆ ਦਿੰਦਾ ਸੀ| ਇਹਨਾਂ ਨੇ ਝੂਠਾ ਦਿਖਾਵਾ ਕਰਨ ਲਈ ਦਫਤਰ ਦੇ ਆਲੇ-ਦੁਆਲੇ ਅਲੱਗ-ਅਲੱਗ ਰਾਜਾ ਦੇ ਝੰਡੇ ਲਗਾਏ ਹੋਏ ਹਨ ਅਤੇ ਇਹ ਪੂਰੇ ਠਾਠ-ਬਾਠ ਨਾਲ ਰਹਿੰਦਾ ਸੀ| ਦੋਸ਼ੀ ਨੇ ਆਪਣੇ ਲਈ ਕਿਰਾਏ ਦੀ ਇੱਕ ਇੰਨੋਵਾ ਗੱਡੀ ਅਤੇ ਪਿਛੇ ਪ੍ਰਾਈਵੇਟ ਜਿਪਸੀ ਐਸਕੋਰਟ ਲਈ ਰੱਖੀ ਹੋਈ ਸੀ| ਇਹ ਆਪਣੇ ਆਪ ਨੂੰ ਹਿਊਮਨ ਰਾਈਟ ਮਿਸ਼ਨ ਦਾ ਜੁਆਇੰਟ ਸੈਕਟਰੀ ਦੱਸਦਾ ਸੀ ਅਤੇ ਲੋਕਾਂ ਨਾਲ ਧੋਖਾਦੇਹੀ ਕਰਕੇ ਮੋਟੀਆਂ ਰਕਮਾਂ ਵਸੂਲ ਕਰਦਾ ਸੀ|
ਐਸ ਐਸ ਪੀ ਨੇ ਦੱਸਿਆ ਕਿ ਇਸ ਵਿਅਕਤੀ ਨੇ ਆਪਣੇ ਦਫਤਰ ਵਿੱਚ ਆਫੀਸਰ ਰੈਂਕ ਤੋਂ ਰਿਟਾਇਰ ਹੋਏ ਵਿਅਕਤੀਆਂ ਨੂੰ ਰੱਖਿਆ ਹੋਇਆ ਸੀ ਅਤੇ ਕਲੈਰੀਕਲ ਕੰਮ ਨੂੰ ਦੇਖਣ ਲਈ ਰਿਟਾਇਰਡ ਅਫਸਰ ਰੱਖੇ ਹੋਏ ਸਨ ਅਤੇ ਹਰ ਜ਼ਿਲ੍ਹੇ ਵਿੱਚ ਇੰਚਾਰਜ ਲਗਾ ਕੇ ਉੁਥੋਂ ਦੇ ਸਟਾਫ ਦੀ ਅਲੱਗ ਭਰਤੀ ਵੀ ਕੀਤੀ ਹੋਈ ਸੀ, ਤਾਂ ਜੋ ਜ਼ਿਲ੍ਹਾ ਵਾਈਜ਼ ਦਫਤਰ ਚਲਾਏ ਜਾ ਸਕਣ| ਕਈਆਂ ਨੂੰ ਤਾਂ ਇਹ ਦੋਸ਼ੀ ਦਿੱਲੀ ਵਿਖੇ ਲਿਜਾ ਕੇ ਟਰੇਨਿੰਗ ਵੀ ਕਰਵਾਉਂਦਾ ਸੀ|
ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਨੇ ਸਾਲ 2013 ਵਿੱਚ ਆਪਣੇ ਆਪ ਹੀ ਇੱਕ ਸਰਬ ਸਿੱਖਿਆ ਅਭਿਆਨ ਦੀ ਸੰਸਥਾ ਬਣਾਈ ਸੀ ਅਤੇ ਆਪਣੇ ਆਪ ਨੂੰ ਇਸ ਸੰਸਥਾ ਦਾ ਕੋਆਰਡੀਨੇਟਰ ਦੱਸਦਾ ਸੀ ਅਤੇ ਇਹ ਲੋਕਾਂ ਨੂੰ ਇਸ ਸੰਸਥਾ ਵਿੱਚ ਨੌਕਰੀ ਦਿਵਾਉਣ ਬਦਲੇ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲ ਕਰਦਾ ਸੀ, ਪ੍ਰੰਤੂ ਇਸ ਨੇ ਕਿਸੇ ਨੂੰ ਕੋਈ ਨੌਕਰੀ ਨਹੀਂ ਲਗਵਾਈ ਸੀ ਅਤੇ ਉਹਨਾਂ ਦੇ ਪੈਸੇ ਹਜ਼ਮ ਕਰ ਲਏ ਸਨ ਜਿਸ ਕਰਕੇ ਇਸ ਵਿਰੁੱਧ ਸਾਲ 2013 ਵਿੱਚ  ਵੱਖ-ਵੱਖ ਜ਼ਿਲ੍ਹਿਆਂ ਵਿੱਚ 9 ਮੁਕੱਦਮੇ ਦਰਜ ਹਨ|
ਐਸ ਐਸ ਪੀ ਨੇ ਦੱਸਿਆ ਕਿ ਸਾਲ 2015 ਵਿੱਚ ਉਕੱਤ ਵਿਅਕਤੀ ਅੰਡਰਟੇਕਿੰਗ ਮਨਿਸਟਿਰੀ  ਆਫ ਹੋਮ ਅਫੇਅਰਜ਼ ਭਾਰਤ ਸਰਕਾਰ ਦੇ ਨਾਮ ਹੇਠ ਹਿਊਮਨ ਰਾਈਟ ਮਿਸ਼ਨ ਬਣਾ ਕੇ ਆਪਣੇ ਆਪ ਨੂੰ ਜੁਆਇੰਟ ਸੈਕਟਰੀ ਦੱਸਣ ਲੱਗ ਪਿਆ ਸੀ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਸਟੇਟ ਪ੍ਰੋਜੈਕਟ ਅਫਸਰ, ਜ਼ਿਲ੍ਹਾ ਪ੍ਰੋਜੈਕਟ ਅਫਸਰ ਅਤੇ ਬਲਾਕ ਪ੍ਰੋਜੈਕਟ ਅਫਸਰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਕ੍ਰਮਵਾਰ 7 ਲੱਖ, 4 ਲੱਖ ਅਤੇ 2 ਜਾਂ ਢਾਈ ਲੱਖ ਰੁਪਏ ਦੇ ਹਿਸਾਬ ਨਾਲ ਪੈਸੇ ਵਸੂਲ ਕਰਨ ਲੱਗ ਪਿਆ ਸੀ|
ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਕੋਲੋਂ ਵੱਖ-ਵੱਖ ਪੋਸਟਾਂ ਦੇ ਜਾਅਲੀ 4 ਸ਼ਨਾਖਤੀ ਕਾਰਡ ਵੀ ਬ੍ਰਾਮਦ ਹੋਏ ਹਨ| ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *