Farmers of Gujrat will be my election campaigners from Mohali Constityuency : Himmat Sherghil

ਬਾਦਲ-ਮੋਦੀ ਕਿਸਾਨ ਵਿਰੋਧੀ….
ਗੁਜਰਾਤ ਦੇ ਕਿਸਾਨ ਚੋਣਾਂ ਦੌਰਾਨ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਕਿਸਾਨ ਵਿਰੋਧੀ ਹੋਣ ਦਾ ਪ੍ਰਚਾਰ ਕਰਨਗੇ : ਸ਼ੇਰਗਿੱਲ
– ਆਮ ਆਦਮੀ ਪਾਰਟੀ ਤੋਂ ਬਿਨਾਂ ਕਿਸੇ ਵੀ ਰਾਜਨੀਤਕ ਜਾਂ ਧਾਰਮਿਕ ਪਾਰਟੀ ਨੇ ਗੁਜਰਾਤ ‘ਚ ਕਿਸਾਨਾਂ ਦੀ ਬਾਂਹ ਨਹੀਂ ਪਕੜੀ : ਗੁਜਰਾਤੀ ਕਿਸਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਅਕਤੂਬਰ : ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਰਹਿ ਰਹੇ ਪੰਜਾਬੀ ਕਿਸਾਨਾਂ ਨੂੰ ਨਾਲ ਲੈ ਕੇ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇਵੇਗੀ। ਇਹ ਵਿਚਾਰ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਫੇਜ਼ 3ਬੀ2 ਸਥਿਤ ਪਾਰਟੀ ਦੇ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਗੁਜਰਾਤ ਦੇ ਜ਼ਿਲ੍ਹਾ ਭੁੱਜ ਕੱਛ ਤੋਂ ਆਏ ਕਿਸਾਨ ਪਿਰਥੀ ਸਿੰਘ ਅਤੇ ਸੁਰਿੰਦਰ ਸਿੰਘ ਭੁੱਲਰ ਆਦਿ ਸਮੇਤ ਕਈ ਕਿਸਾਨ ਵੀ ਮੌਜੂਦ ਸਨ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਡਵੋਕੇ

ਸ਼ੇਰਗਿੱਲ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਵਿੱਚ ਵਸਦੇ ਪੰਜਾਬ ਦੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਜਾੜਨ ‘ਤੇ ਲੱਗੀ ਹੋਈ ਹੈ। ਸਾਲ 2012 ਵਿੱਚ ਗੁਜਰਾਤ ਹਾਈਕੋਰਟ ਵੱਲੋਂ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਾਣ ਦੇ ਬਾਵਜੂਦ ਵੀ ਮੋਦੀ ਸਰਕਾਰ ਵੱਲੋਂ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਉਜਾੜਨ ਦੀ ਮਨਸ਼ਾ ਨਾਲ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵਿਖੇ ਅਪੀਲ ਦਾਇਰ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਮੰਨਦੇ ਤਾਂ ਉਹ ਸੁਪਰੀਮ ਕੋਰਟ ਤੋਂ ਕੇਸ ਤੁਰੰਤ ਵਾਪਿਸ ਲੈ ਸਕਦੇ ਸੀ ਪ੍ਰੰਤੂ ਮੋਦੀ ਨੇ ਅਜਿਹਾ ਨਾ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ।

ਉਨ੍ਹਾਂ ਕਿਹਾ ਕਿ ਲਗਭਗ 16 ਸਾਲ ਪਹਿਲਾਂ ਪੰਜਾਬ ਦੇ ਛੋਟੇ ਅਤੇ ਮਿਹਨਤਕਸ਼ ਕਿਸਾਨਾਂ ਨੇ ਗੁਜਰਾਤ ਵਿੱਚ ਜਾ ਕੇ ਜ਼ਮੀਨਾਂ ਖਰੀਦੀਆਂ ਅਤੇ ਉਥੋਂ ਦੀ ਬੰਜਰ ਜ਼ਮੀਨ ਨੂੰ ਆਪਣੀ ਮਿਹਨਤ ਨਾਲ ਖੇਤੀਯੋਗ ਬਣਾਇਆ। ਉਸ ਤੋਂ ਬਾਅਦ ਮੋਦੀ ਸਰਕਾਰ ਕਾਨੂੰਨ ਦੀ ਪਰਿਭਾਸ਼ਾ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਪੰਜਾਬੀ ਕਿਸਾਨਾਂ ਨੂੰ ਉਥੋਂ ਕੱਢਣਾ ਸ਼ੁਰੂ ਕਰ ਦਿੱਤਾ ਜੋ ਕਿ ਗੁਜਰਾਤ ਵਿੱਚੋਂ ਪੰਜਾਬੀ ਕਿਸਾਨਾਂ ਦਾ ਉਜਾੜਾ ਹੁਣ ਤੱਕ ਵੀ ਲਗਾਤਾਰ ਜਾਰੀ ਹੈ।

ਐਡਵੋਕੇਟ ਸ਼ੇਰਗਿੱਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਅਕਾਲੀ-ਭਾਜਪਾ ਸਰਕਾਰ ਦੇ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਕਰਦੇ ਹਨ ਪ੍ਰੰਤੂ ਕੇਂਦਰ ਵਿੱਚ ਆਪਣੀ ਭਾਈਵਾਲੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਉਹ ਗੁਜਰਾਤ ਵਿੱਚ ਵਸਦੇ ਹਜ਼ਾਰਾਂ ਪੰਜਾਬੀ ਕਿਸਾਨਾਂ ਬਾਰੇ ਕੁਝ ਨਹੀਂ ਕਰ ਸਕੇ।

ਗੁਜਰਾਤ ਤੋਂ ਆਏ ਕਿਸਾਨ ਪਿਰਥੀ ਸਿੰਘ ਅਤੇ ਸੁਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੁਜਰਾਤ ਵਿੱਚ ਪੰਜਾਬੀ ਕਿਸਾਨਾਂ ਨੂੰ  ਉਜਾੜਨ ਲਈ ਪੂਰੀ ਤਰ੍ਹਾਂ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਸ਼ਰੇਆਮ ਗੁੰਡਾ ਅਨਸਰ ਕਿਸਾਨਾਂ ਨੂੰ ਗੁਜਰਾਤ ਛੱਡ ਜਾਣ ਦੀਆਂ ਧਮਕੀਆਂ ਦਿੰਦੇ ਹਨ। ਗੁੰਡਾ ਅਨਸਰਾਂ ਦੀਆਂ ਧਮਕੀਆਂ ਅਤੇ ਜ਼ਮੀਨ ਖੁੱਸ ਜਾਣ ਦੇ ਸਦਮੇ ਕਾਰਨ ਕਈ ਕਿਸਾਨ ਮੌਤ ਦੇ ਮੂੰਹ ਵਿੱਚ ਜਾ ਪਏ ਅਤੇ ਕਈ ਆਪਣੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਵੇਚ ਕੇ ਵਾਪਿਸ ਪੰਜਾਬ ਆ ਗਏ।

ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਪੰਜਾਬੀ ਕਿਸਾਨ ਉਜਾੜੇ ਦੇ ਸਬੰਧ ਵਿੱਚ ਨਾ ਤਾਂ ਕਿਸੇ ਰਾਜਨੀਤਕ ਪਾਰਟੀ ਨੇ ਅਤੇ ਨਾ ਹੀ ਕਿਸੇ ਧਾਰਮਿਕ ਪਾਰਟੀ ਨੇ  ਉਨ੍ਹਾਂ ਦੀ ਬਾਂਹ ਪਕੜੀ। ਜਦਕਿ ਸਿੱਧੇ ਢੰਗ ਨਾਲ ਗੁਜਰਾਤ ਵਿੱਚ ਪੰਜਾਬ ਦੇ ਸਿੱਖ ਕਿਸਾਨਾਂ ਨੂੰ ਉਥੋਂ ਉਜਾੜਨ ਦੀ ਕੋਝੀ ਸਾਜਿਸ਼ ਹੈ। ਸਰਕਾਰੀ ਰਿਕਾਰਡ ਵਿੱਚ ਉਥੇ ਵਸਦੇ ਪੰਜਾਬੀ ਕਿਸਾਨਾਂ ਦੇ ਨਾਮ ਨਾਲ ਸਿੱਖ ਸ਼ਬਦ ਲਿਖਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਦੇ ਸੰਯੋਜਕ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਗੁਜਰਾਤ ਵਿੱਚ ਬੈਠੇ ਪੰਜਾਬੀ ਕਿਸਾਨਾਂ ਦੀ ਬਾਂਹ ਪਕੜੀ।

ਉਕਤ ਕਿਸਾਨਾਂ ਨੇ ਕਿਹਾ ਕਿ ਬਾਦਲ ਸਰਕਾਰ ਅਤੇ ਮੋਦੀ ਸਰਕਾਰ ਦੋਵੇਂ ਕਿਸਾਨ ਵਿਰੋਧੀ ਹਨ। ਪੰਜਾਬ ਵਿੱਚ ਸਾਲ 2017 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਨਾਲ ਜਾ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਦਲ ਸਰਕਾਰ ਦੇ ਕਿਸਾਨ ਵਿਰੋਧੀ ਹੋਣ ਦੇ ਬਾਰੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਦੱਸਣਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜ਼ੋਨਲ ਇੰਚਾਰਜ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਬੀਰ, ਇਕਬਾਲ ਸਿੰਘ, ਨਾਜਰ ਸਿੰਘ, ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *