Five Buses to take pilgrims to Darbar Sahib Daily from SAS Nagar : Sharma

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸ਼ੁਰੂ ਕੀਤੀ : ਸ਼ਰਮਾ

ਐਸ.ਏ.ਐਸ ਨਗਰ ਜ਼ਿਲ੍ਹੇ ਤੋਂ ਰੋਜ਼ਾਨਾ ਪੰਜ ਬੱਸਾਂ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਿਜਾਇਆ ਕਰਨਗੀਆਂ 

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਡੇਰਾਬਸੀ ਹਲਕੇ ਤੋਂ ਰੋਜ਼ਾਨਾ ਦੋ ਬੱਸਾਂ ਦਰਬਾਰ ਸਾਹਿਬ ਲਈ ਚਲਣਗੀਆਂ 

ਹਲਕੇ ਦੇ 10 ਹਜ਼ਾਰ ਲੋਕ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਕਰ ਸਕਣਗੇ ਦਰਸ਼ਨ ਦੀਦਾਰੇ

ਹਲਕਾ ਵਿਧਾਇਕ ਐਨ.ਕੇ. ਸ਼ਰਮਾ ਅਤੇ ਡਿਪਟੀ ਕਮਿਸ਼ਨਰ ਡੀ.ਐਸ. ਮਾਂਗਟ ਨੇ ਜ਼ੀਰਕਪੁਰ ਤੋਂ ਹਲਕੇ ਦੀ ਸੰਗਤ ਦੀਆਂ ਦੋ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਦਰਬਾਰ ਸਾਹਿਬ ਲਈ ਕੀਤਾ ਰਵਾਨਾ

ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜੈਕਾਰਿਆਂ ਦੀ ਗੂੰਜ ਨਾਲ ਸੰਗਤ ਹੋਈ ਰਵਾਨਾ 

ਜ਼ੀਰਕਪੁਰ, 19 ਅਗਸਤ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਕੇ ਸ਼ੁਰੂ ਕੀਤੀ ਹੋਈ ਹੈ, ਕਿਉਂਕਿ ਪੰਜਾਬ ਸਰਕਾਰ ਹਰੇਕ ਧਰਮ ਦਾ ਸਤਿਕਾਰ ਕਰਦੀ ਹੈ। ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਜਿਥੇ ਰਾਜ ਵਿਚ  ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕੀਤੇ ਹਨ ਉਥੇ ਹੁਣ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਤਹਿਤ ਸਮੁੱਚੇ ਰਾਜ ਵਿਚੋਂ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ ਜਿਸ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ।  ਇਸ ਗੱਲ ਦੀ ਜਾਣਕਾਰੀ ਹਲਕਾ ਵਿਧਾਇਕ ਡੇਰਾਬਸੀ ਸ੍ਰੀ ਐਨ.ਕੇ.ਸ਼ਰਮਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨਾਲ ਜ਼ੀਰਕਪੁਰ ਤੋਂ ਹਲਕਾ ਡੇਰਾਬਸੀ ਦੀਆਂ ਦੋ ਬੱਸਾਂ ਨੂੰ ਸ੍ਰੀ ਦਰਬਾਰ ਸਾਹਿਬ ਲਈ ਹਰੀ ਝੰਡੀ ਵਿਖਾਕੇ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਸ੍ਰੀ ਸ਼ਰਮਾ ਨੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨਾ੍ਹਂ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀਆਂ ਸੰਗਤਾਂ ਲਈ 5 ਬੱਸਾਂ ਅਤੇ ਡੇਰਾਬਸੀ ਹਲਕੇ ਲਈ ਦੋ ਬੱਸਾਂ ਅਲਾਟ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਰੋਜ਼ਾਨਾ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਜਾਣਗੀਆਂ । ਉਨ੍ਹਾਂ ਕਿਹਾ ਕਿ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਡੇਰਾਬਸੀ ਹਲਕੇ ਦੀਆਂ 10 ਹਜ਼ਾਰ ਦੇ ਕਰੀਬ ਸੰਗਤਾਂ ਦਰਬਾਰ ਸਾਹਿਬ ਦਰਸ਼ਨ ਕਰ ਸਕਣਗੀਆਂ । ਉਨਾ੍ਹਂ ਹੋਰ ਕਿਹਾ ਕਿ ਹਲਕੇ ਵਿਚੋਂ ਜਲਦੀ ਹੀ ਸ੍ਰੀ ਵੈਸਨੋ ਦੇਵੀ , ਚਿੰਤਪੁਰਨੀ , ਨੈਣਾਂ ਦੇਵੀ ਅਤੇ ਹੋਰ ਅਸਥਾਨਾਂ ਦੇ ਦਰਸ਼ਨਾਂ ਲਈ ਵੀ  ਮੁਫਤ ਬੱਸਾਂ ਭੇਜੀਆਂ ਜਾਣਗੀਆਂ । ਉਨਾ੍ਹਂ ਹੋਰ ਕਿਹਾ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ਰੇਲ ਗੱਡੀ ਜਲਦੀ ਹੀ ਰਵਾਨਾ ਹੋਵੇਗੀ।

ਬੱਸਾਂ ਰਵਾਨਾ ਹੋਣ ਤੋਂ ਪਹਿਲਾਂ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਤੇ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿਚ ਪਿੰਡ ਇਸਾਪੁਰ ਅਤੇ ਸਰਸਿਣੀ ਦੀਆਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋਈਆਂ । ਸੰਗਤਾਂ ਵਿਚ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਸੀ। ਜਿਥੇ ਉਹ ਇਸ ਯਾਤਰਾ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੀਆਂ ਸਨ ਉਥੇ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ ਉਤਾਵਲੀਆਂ ਸਨ। ਇਸ ਯਾਤਰਾ ਵਿਚ ਕਈ ਬਜ਼ੁਰਗ ਯਾਤਰੀ ਅਜਿਹੇ ਵੀ ਸਨ ਜੋ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ। ਪਿੰਡ ਈਸਾਪੁਰ ਤੋਂ ਬੀਬੀ ਪਰਮਿੰਦਰ ਕੌਰ ਤੇ ਬੀਬੀ ਮਲਕੀਤ ਕੌਰ ਜੋ ਕਿ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਜਾ ਰਹੇ ਸਨ ਨੇ ਵੀ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਐਨ.ਕੇ.ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਤੋਂ ਵੱਡਾ ਉਪਰਾਲਾ ਹੈ।  ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਡੀ. ਐਸ. ਮਾਂਗਟ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਸਕੀਮ ਤਹਿਤ ਦਰਬਾਰ ਜਾਣ ਵਾਲੀ ਸੰਗਤ ਲਈ ਸੁੱਚਜੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨਾ੍ਹਂ ਦੱਸਿਆ ਕਿ ਇਹ ਬੱਸਾਂ ਰੋਜ਼ਾਨਾ ਸਵੇਰੇ 07.00 ਵਜੇ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ ਹੋਣਗੀਆਂ ਅਤੇ ਸ਼ਾਮ ਨੂੰ ਵਾਪਸ ਪਰਤਿਆਂ ਕਰਨਗੀਆਂ।  ਇਸ ਮੌਕੇ ਐਸ.ਡੀ.ਐਮ ਡੇਰਾਬਸੀ ਸ੍ਰੀ ਸ਼ਿਵ ਕੁਮਾਰ, ਨਾਇਬ ਤਹਿਸੀਲਦਾਰ ਸ. ਪਰਮਜੀਤ ਸਿੰਘ, ਸਰਕਲ ਪ੍ਰਧਾਨ  ਸ. ਰਜਿੰਦਰ ਸਿੰਘ ਈਸਾਪੁਰ, ਸਰਕਲ ਪ੍ਰਧਾਨ ਲਾਲੜੂ ਸ. ਸ਼ਿਵਦੇਵ ਸਿੰਘ, ਸਾਬਕਾ ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਸ. ਜਰਨੈਲ ਸਿੰਘ ਝਰਮੜੀ, ਚੇਅਰਮੈਨ ਮਾਰਕੀਟ ਕਮੇਟੀ ਲਾਲੜੂ ਸ. ਸੁਰਜੀਤ ਸਿੰਘ ਟਿਵਾਣਾ ਸਮੇਤ ਹੋਰ ਪੱਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *