Fortify villages on Punjab Border instead of Vacating villages under threat : Col. Sohi

ss-sohi

ਪਿੰਡਾਂ ਦੇ ਲੋਕਾਂ ਦੀ ਹਿਜਰਤ ਦੀ ਥਾਂ ਬਾਰਡਰ ਦੀ ਮਜਬੂਤ ਕਿਲ੍ਹਾਬੰਦ ਕਰੇ ਭਾਰਤ ਅਤੇ ਪੰਜਾਬ ਸਰਕਾਰ : ਲੈਫ. ਕਰਨਲ ਸੋਹੀ

ਐਸ ਏ ਐਸ ਨਗਰ, 3 ਅਕਤੂਬਰ : ਐਕਸ ਸਰਵਿਸਮੈਨ ਗ੍ਰੀਵੈਂਸਿਜ ਸੈਲ ਦੇ ਪ੍ਰਧਾਨ ਲੈਫ. ਕਰਨਲ ਐਸ ਐਸ ਸੋਹੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਬਾਰਡਰ ਏਰੀਆ ਵਿੱਚੋਂ ਇੱਕ ਹਜਾਰ ਦੇ ਲਗਭਗ ਪਿੰਡਾਂ ਵਿੱਚੋਂ ਲੋਕਾਂ ਦੀ ਹਿਜਰਤ ਕਰਵਾਉਣ ਦੀ ਥਾਂ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਕਿਲ੍ਹੇਬੰਦੀ ਕਰਕੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਆ ਦਿੱਤੀ ਜਾਵੇ| ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਨਹੀਂ ਆਉਂਦੀ ਕਿ ਬਾਰਡਰ ਤੋਂ ਪਾਰ ਜਾ ਕੇ ਜਿਸ ਦੇਸ਼ ਦੇ ਫੌਜੀ ਜਵਾਨ 40 ਦੇ ਲਗਭਗ ਅੱਤਵਾਦੀਆਂ ਨੂੰ ਮਾਰ ਮੁਕਾਉਂਦੇ ਹਨ ਉਨ੍ਹਾਂ ਦੇ ਆਪਣੇ ਮੁਲਕ ਦੇ ਲੱਖਾਂ ਲੋਕਾਂ ਨੂੰ ਇਸ ਕਾਰਨ ਕਰਕੇ ਆਪਣੇ ਘਰਾਂ ਤੋਂ ਹਿਜਰਤ ਕਰਨੀ ਪੈਂਦੀ ਹੈ|
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਭਾਰਤ ਸਰਕਾਰ ਪੰਜਾਬ ਬਾਰਡਰ ਤੇ ਅਜਿਹੀ ਕਿਲ੍ਹਾਬੰਦੀ ਕਰੇ ਕਿ ਦੁਸ਼ਮਣ ਇਸ ਪਾਸੇ ਮੂੰਹ ਵੀ ਨਾ ਕਰ ਸਕੇ| ਉਨ੍ਹਾਂ ਕਿਹਾ ਕਿ ਉਹ ਖੁਦ ਇਜ਼ਰਾਈਲ-ਅਰਬ ਬਾਰਡਰ ਤੇ ਇੱਕ ਸਾਲ ਰਹੇ ਹਨ ਅਤੇ ਇਜ਼ਰਾਈਲ ਨੇ ਆਪਣੇ ਬਾਰਡਰ ਦੇ ਪਿੰਡਾਂ ਲਈ ਮਜਬੂਤ ਕਿਲ੍ਹੇਬੰਦੀ ਕੀਤੀ ਹੋਈ ਹੈ ਜਿਸ ਵਿੱਚ ਕੰਡੇਦਾਰ ਤਾਰ ਤੋਂ ਇਲਾਵਾ ਸਾਬਕਾ ਫੌਜੀਆਂ ਨੁੰ ਪਿੰਡਾਂ ਦੇ  ਵਾਸੀਆਂ ਦੀ ਸੁਰੱਖਿਆ ਲਈ ਤੈਨਾਤ ਕੀਤਾ ਹੋਇਆ ਹੈ| ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਸਰਕਾਰ ਵਲੋਂ ਖਰਚਾ ਕਰਕੇ ਸਾਬਕਾ ਫੌਜੀਆਂ ਨੂੰ ਇਨ੍ਹਾਂ ਪਿੰਡਾਂ ਦੀ ਸੁਰੱਖਿਆ ਤੇ ਲਗਾਉਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਇਹ ਤਾਂ ਰੋਜ ਦੀ ਹੀ ਗੱਲ ਹੋ ਗਈ ਹੈ ਕਿ ਭਾਰਤ-ਪਾਕਿ ਵਿਚਾਲੈ ਤਣਾਅ ਵੱਧਦਾ ਹੈ ਤਾਂ ਪਿੰਡਾਂ ਦੇ ਲੋਕਾਂ ਦੀ ਹਿਜਰਤ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ| ਉਨ੍ਹਾਂ ਕਿਹਾ ਕਿ ਮਸਲੇ ਦਾ ਹੱਲ ਹਿਜਰਤ ਨਹੀਂ ਸਗੋਂ ਮਜਬੂਤ ਕਿਲ੍ਹਾਬੰਦੀ ਹੀ ਹੈ ਅਤੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਫੌਰੀ ਧਿਆਨ ਦੇਣਾ ਚਾਹੀਦਾ ਹੈ|

Leave a Reply

Your email address will not be published. Required fields are marked *