Garbage dumps in the city question mark on Swachh Bharat Abhiyan

ਸ਼ਹਿਰ ਵਿੱਚ ਫੈਲੀ ਗੰਦਗੀ ਲਗਾ ਰਹੀ ਸਵੱਛ ਭਾਰਤ ਅਭਿਆਨ ‘ਤੇ ਸਵਾਲੀਆ ਨਿਸ਼ਾਨ : ਗਰਚਾ

ਖਰੜ, 7 ਸਤੰਬਰ : ਨਗਰ ਕੌਂਸਲ ਖਰੜ ਨੂੰ ਭਾਵੇਂ ਆਮਦਨ ਪੱਖੋਂ ਪੰਜਾਬ ਦੀਆਂ ਵੱਧ ਆਮਦਨ ਵਾਲੀਆਂ ਨਗਰ ਕੌਂਸਲਾਂ ਵਿੱਚੋਂ ਇੱਕ ਮੰਨਿਆ ਗਿਆ ਹੈ ਪ੍ਰੰਤੂ ਸ਼ਹਿਰ ਵਿੱਚ ਸਫ਼ਾਈ ਪੱਖੋਂ ਜੇਕਰ ਪਿਛਲੀ ਕਤਾਰ ਵਿੱਚ ਗਿਣਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ| ਸ਼ਹਿਰ ਵਿੱਚ ਜਗ੍ਹਾ ਜਗ੍ਹਾ ਫੈਲੀ ਗੰਦਗੀ ਮੋਦੀ ਸਰਕਾਰ ਦੇ ਸਵੱਛ ਭਾਰਤ ਅਭਿਆਨ ‘ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀ ਹੈ| ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਵਿਧਾਨ ਸਭਾ  ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਮਜ਼ਬੂਤ ਦਾਅਵੇਦਾਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਸ਼ਹਿਰ ਖਰੜ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ‘ਤੇ ਸ਼ਹਿਰ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਸ਼ਹਿਰ ਦਾ ਦੌਰਾ ਕਰਨ ‘ਤੇ ਪਤਾ ਚੱਲਿਆ ਕਿ ਸ਼ਹਿਰ ਵਿੱਚ ਗੰਦਗੀ ਦੇ ਢੇਰ ਸ਼ਰੇਆਮ ਦੇਖੇ ਜਾ ਸਕਦੇ ਹਨ| ਵਧੇਰੇ ਡੰਪਿੰਗ ਪੁਆਇੰਟਾਂ ਉਤੇ ਕੂੜਾਦਾਨ ਜਾਂ ਕੋਈ ਡਸਟਬਿਨ ਆਦਿ ਨਾ ਹੋਣ ਕਾਰਨ ਲੋਕੀਂ ਕੂੜਾ ਬਾਹਰ ਹੀ ਸੁਟ ਕੇ ਚਲੇ ਜਾਂਦੇ ਹਨ| ਨਿਗਮ ਵੱਲੋਂ ਕਈ ਕਈ ਦਿਨ ਕੂੜਾ ਨਾ ਚੁੱਕਣ ਕਾਰਨ ਰਸਤਿਆਂ ਤੋਂ ਲੰਘਣ ਵਾਲੇ ਲੋਕੀਂ ਬਦਬੋ ਕਾਰਨ ਪ੍ਰੇਸ਼ਾਨ ਹੁੰਦੇ ਹਨ ਅਤੇ ਇਸੇ ਗੰਦਗੀ ਕਾਰਨ ਕੋਈ ਨਾ ਕੋਈ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ| ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਵਿੱਚ ਬਿਮਾਰੀ ਕਾਰਨ ਸ਼ਹਿਰ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ| ਪ੍ਰੰਤੂ ਫਿਰ ਵੀ ਪ੍ਰਸ਼ਾਸਨ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ| ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਅਤੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ  ਜਾਣ ਅਤੇ ਬਕਾਇਦਾ ਸ਼ਹਿਰ ਵਿੱਚ ਫੌਗਿੰਗ ਸਪਰੇਅ ਆਦਿ ਕਰਵਾਇਆ ਜਾਵੇ ਤਾਂ ਜੋ ਮੱਖੀ ਮੱਛਰ ਪੈਦਾ ਨਾ ਹੋ ਸਕੇ| ਇਸ ਦੇ ਨਾਲ ਹੀ ਕੂੜੇ ਵਾਲੀਆਂ ਥਾਵਾਂ ਉਤੇ ਡੀਡੀਟੀ ਜਾਂ ਕੋਈ ਹੋਰ ਉਚਿਤ ਦਵਾਈ ਦਾ ਛਿੜਕਾਅ ਕੀਤਾ ਜਾਵੇ|
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ| ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਪਿੰਡ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ|
ਇਸ ਮੌਕੇ ਪਰਮਜੀਤ ਸਿੰਘ ਆੜ੍ਹਤੀ, ਮਨਦੀਪ ਪੰਚ, ਪਰਮਿੰਦਰ ਸੇਠੀ ਆੜ੍ਹਤੀ, ਵਿਸ਼ਾਲ ਬੱਟੂ, ਨਰਿੰਦਰ ਸਿੰਘ ਸੈਣੀ, ਸੁਰਿੰਦਰ ਕੁਮਾਰ ਬਿੱਟੂ, ਰੋਸ਼ਨ ਲਾਲ, ਗੁਰਲਾਲ ਸਿੰਘ, ਵਿੱਕੀ ਸੈਣੀ, ਪੀਟਰ ਜੋਸਫ਼, ਲਖਬੀਰ ਸਿੰਘ ਲੱਕੀ ਸੈਣੀ, ਸੰਜੀਵ ਸ਼ਰਮਾ ਸੰਜੂ, ਅਸ਼ੋਕ ਕੋਹਲੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *