High Level Meeting to commemorate 50th anniversary of Punjabi Suba

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਪ੍ਰੋਗਰਾਮਾਂ ਦੀ ਰੂਪਾ-ਰੇਖਾ ਉਲੀਕਣ ਲਈ ਉੱਚ ਪੱਧਰੀ ਕਮੇਟੀ ਦੀ ਹੋਈ ਮੀਟਿੰਗ 

ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ, ਮਾਂ-ਬੋਲੀ, ਸਾਹਿਤ, ਸੱਭਿਆਚਾਰ ਤੇ ਪੰਜਾਬੀਆਂ ਦੇ ਯੋਗਦਾਨ ਤੋਂ ਜਾਣੂੰ ਕਰਵਾਇਆ ਜਾਵੇਗਾ: ਡਾ.ਚੀਮਾ

ਸਾਰੇ ਵਿਭਾਗਾਂ ਵੱਲੋਂ ਪ੍ਰੋਗਰਾਮਾਂ ਸਬੰਧੀ ਵਿਸਥਾਰ ਵਿੱਚ ਕੀਤੀਆਂ ਗਈਆਂ ਵਿਚਾਰਾਂ

ਚੰਡੀਗੜ੍ਹ, 16 ਅਗਸਤ (ਕੁਲਦੀਪ ਸਿੰਘ) ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਪ੍ਰਭਾਵਸ਼ਾਲੀ ਅਤੇ ਗੌਰਵਮਈ ਤਰੀਕੇ ਨਾਲ ਵੱਡੇ ਪੱਧਰ ‘ਤੇ ਮਨਾਉਣ ਲਈ ਅੱਜ ਇਥੇ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਕਮੇਟੀ ਦੀ ਮੀਟਿੰਗ ਹੋਈ| ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਵੱਡੇ ਪੱਧਰ ‘ਤੇ ਸਮਾਗਮ ਕਰਵਾਉਣ ਲਈ ਲਈ ਇਹ ਉਚ ਪੱਧਰੀ ਕਮੇਟੀ ਸਾਰੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕ ਰਹੀ ਹੈ|
ਮੀਟਿੰਗ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਡਾ.ਚੀਮਾ ਨੇ ਕਿਹਾ ਕਿ ਮੀਟਿੰਗ ਵਿੱਚ ਗੰਭੀਰ ਵਿਚਾਰ ਚਰਚਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਇਹ ਅਜਿਹਾ ਮੌਕਾ ਹੈ ਜਦੋਂ ਪੂਰੀ ਦੁਨੀਆਂ ਨੂੰ ਪੰਜਾਬੀਆਂ ਦਾ ਬਹਾਦਰੀ ਭਰਿਆ ਸ਼ਾਨਾਮੱਤੀ ਇਤਿਹਾਸ, ਅਮੀਰ ਵਿਰਸਾ ਤੇ ਸੱਭਿਆਚਾਰ, ਗੌਰਵਮਈ ਸਾਹਿਤ, ਮਾਂ-ਬੋਲੀ, ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦਾ ਯੋਗਦਾਨ, ਖੇਡਾਂ ਅਤੇ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਪੰਜਾਬੀਆਂ ਦੇ ਯੋਗਦਾਨ ਬਾਰੇ ਜਾਣੂੰ ਕਰਵਾਇਆ ਜਾਵੇ| ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾਵਾਂ, ਸੱਭਿਆਚਾਰ ਮਾਮਲੇ ਅਤੇ ਖੇਡ ਵਿਭਾਗ ਵੱਲੋਂ ਇਸ ਸਬੰਧੀ ਵਿਸ਼ਾਲ ਸਮਾਗਮ ਕਰਵਾਏ ਜਾਣਗੇ|
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸਮਾਗਮ ਕਰਵਾਉਣ ਸਬੰਧੀ ਵਿਚਾਰ ਪੇਸ਼ ਕਰਦਿਆਂ ਪੇਸ਼ਕਾਰੀਆਂ ਦਿਖਾਈਆਂ| ਉਨ੍ਹਾਂ ਕਿਹਾ ਕਿ ਸਾਰਿਆਂ ਦਾ ਵਿਚਾਰ ਸੀ ਕਿ ਇਹ ਇਕ ਇਤਿਹਾਸਕ ਮੌਕਾ ਹੈ ਜਦੋਂ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ, ਮਾਂ-ਬੋਲੀ, ਸਾਹਿਤ, ਸੱਭਿਆਚਾਰ, ਵਿਰਾਸਤੀ ਖੇਡਾਂ, ਵਿਰਾਸਤੀ ਮੇਲੇ ਤੇ ਤਿਉਹਾਰਾਂ ਨਾਲ ਜੋੜਿਆ ਜਾ ਸਕਦਾ ਹੈ| ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਵੱਲੋਂ ਆਪਣੇ ਪੱਧਰ ‘ਤੇ ਕਰਵਾਏ ਜਾਣ ਵਾਲੇ ਪ੍ਰੋਗਰਾਮ ਵੀ ਦੱਸੇ ਗਏ ਅਤੇ ਅਗਲੀ ਮੀਟਿੰਗ ਦੌਰਾਨ ਸਾਰੇ ਵਿਭਾਗਾਂ ਵੱਲੋਂ ਇਨ੍ਹਾਂ ਪ੍ਰੋਗਰਾਮ ਦੀਆਂ ਤਾਰੀਕਾਂ ਤੇ ਸਥਾਨ ਦੱਸੇ ਜਾਣਗੇ ਜਿਸ ਤੋਂ ਬਾਅਦ ਪੰਜਾਬੀ ਸੂਬੇ ਦੇ ਸਮਾਗਮਾਂ ਦਾ ਕੈਲੰਡਰ ਜਾਰੀ ਕੀਤਾ ਜਾਵੇਗਾ|
ਮੀਟਿੰਗ ਦੌਰਾਨ ਸ੍ਰੀ ਐਸ.ਕੇ.ਸੰਧੂ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ, ਪੰਜਾਬ ਸ੍ਰੀ ਸੰਜੇ ਕੁਮਾਰ, ਪ੍ਰਮੁੱਖ ਸਕੱਤਰ, ਪਰਵਾਸੀ ਭਾਰਤੀ ਮਾਮਲੇ, ਸ੍ਰੀਮਤੀ ਅੰਜਲੀ ਭਾਵੜਾ, ਪ੍ਰਮੁੱਖ ਸਕੱਤਰ, ਸੱਭਿਆਚਾਰ ਮਾਮਲੇ, ਸ੍ਰੀ ਰਾਹੁਲ ਤਿਵਾੜੀ, ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਸ੍ਰੀ ਵੀ.ਪੀ. ਸਿੰਘ, ਸਕੱਤਰ, ਖੇਡਾਂ ਤੇ ਯੁਵਾ ਮਾਮਲੇ, ਸ੍ਰੀਮਤੀ ਰੁਪਾਂਜਲੀ ਕਾਰਤਿਕ, ਵਧੀਕ ਸਕੱਤਰ, ਸ਼ਿਕਾਇਤ ਨਿਵਾਰਨ, ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਸੈਕੰਡਰੀ ਸਿੱਖਿਆ), ਮੈਡਮ ਸਾਧਨਾ ਸੰਗਰ, ਸੰਯੁਕਤ ਡਾਇਰੈਕਟਰ, ਡੀ.ਪੀ.ਆਈ. ਕਾਲਜਾਂ, ਸ੍ਰੀ ਕੇ.ਐਲ.ਮਲੋਹਤਰਾ, ਐਫ.ਸੀ.ਐਸ., ਸੈਰ ਸਪਾਟਾ ਤੇ ਸੱਭਿਆਚਾਰ ਮਾਮਲੇ, ਸ੍ਰੀ ਮੇਵਾ ਸਿੰਘ, ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ), ਡਾ.ਗਿੰਨੀ ਦੁੱਗਲ, ਡਿਪਟੀ ਡਾਇਰੈਕਟਰ, ਐਸ.ਸੀ.ਈ.ਆਰ.ਟੀ. ਵੀ ਹਾਜ਼ਰ ਹੋਏ|

Leave a Reply

Your email address will not be published. Required fields are marked *