HOROSCOPE

ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਬਣੇ ਆਟੋ ਰਿਕਸ਼ਾ ਸਟੈਂਡਾਂ ਦੇ ਕਬਜੇ ਦੂਰ ਕਰਵਾਏ ਪ੍ਰਸ਼ਾਸ਼ਨ
ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਸ਼ਹਿਰ ਵਾਸੀ ਕਾਫੀ ਤੰਗ ਹਨ ਅਤੇ ਉਹ ਇਸਦੀ ਆਮ ਸ਼ਿਕਾਇਤ ਵੀ ਕਰਦੇ ਹਨ ਪਰੰਤੂ ਇਸ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਜਰ ਨਹੀਂ ਆਉਂਦੀ| ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਵਿੱਚ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਟ੍ਰੈਫਿਕ ਲਾਈਟਾਂ ਜਾਂ ਚੌਂਕਾਂ ਨੇੜੇ ਆਟੋ ਰਿਕਸ਼ੇ ਵਾਲਿਆਂ ਵਲੋਂ ਕਾਇਮ ਕੀਤੇ ਗਏ ਅਣਅਧਿਕਾਰਤ ਸਟੈਂਡ ਹੋਰ ਵੀ ਵਾਧਾ ਕਰਦੇ ਹਨ| ਇਹਨਾਂ ਅਣਅਧਿਕਾਰਤ ਆਟੋ ਸਟੈਡਾਂ ਤੇ ਖੜ੍ਹ ਕੇ ਇਹ ਆਟੋ ਚਾਲਕ ਸਵਾਰੀਆਂ ਦੀ ਉਡੀਕ ਕਰਦੇ ਹਨ ਅਤੇ ਪਿਛਲੇ ਕੁੱਝ ਸਾਲਾਂ ਦੌਰਾਨ ਆਟੋ ਚਾਲਕਾਂ ਵਲੋਂ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਤੇ ਆਪਣੇ ਅਣਅਧਿਕਾਰਤ ਸਟੈਂਡ ਕਾਇਮ ਕੀਤੇ ਜਾ ਚੁੱਕੇ ਹਨ|
ਮੁੱਖ ਸੜਕਾਂ ਦੇ ਕਿਨਾਰੇ ਕਾਇਮ ਕੀਤੇ ਗਏ ਇਹਨਾਂ ਆਟੋ ਰਿਕਸ਼ਾ ਸਟੈਂਡਾਂ ਕਾਰਨ ਜਿੱਥੇ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ ਉੱਥੇ ਇਹਨਾਂ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਵੀ ਕਰਣਾ ਪੈਂਦਾ ਹੈ| ਫੇਜ਼ 7 ਦੇ ਅੰਬਾਂ ਵਾਲੇ ਚੌਂਕ ਦੇ ਨਾਲ ਲੱਗਦੀ ਮਾਰਕੀਟ ਦੇ ਬਾਹਰਵਾਰ, ਇਸੇ ਚੌਂਕ ਤੇ ਪੈਟਰੋਲ ਪੰਪ ਦੇ ਨਾਲ ਬਣੀ ਸਲਿਪ ਸੜਕ ਅਤੇ ਸੜਕ ਦੇ ਪਾਰ ਦੁਸ਼ਹਿਰਾ ਮੈਦਾਨ ਵਾਲੇ ਪਾਸੇ ਵਾਲੀ ਸਲਿਪ ਸੜਕ ਤੇ ਸਾਰਾ ਦਿਨ ਵੱਡੀ ਗਿਣਤੀ ਵਿੱਚ ਥ੍ਰੀ ਵਹੀਲਰ ਖੜ੍ਹੇ ਹੁੰਦੇ ਹਨ| ਇਸੇ ਤਰ੍ਹਾਂ ਫੇਜ਼ 3-5 ਦੇ ਚੌਂਕ ਅਤੇ ਚਾਵਲਾ ਚੌਂਕ ਤੋਂ ਚੰਡੀਗੜ੍ਹ ਵੱਲ ਜਾਂਦੀ ਸੜਕ ਤੇ ਵੀ ਇਹ ਥ੍ਰੀ ਵਹੀਲਰ ਖੜ੍ਹੇ ਆਮ ਵੇਖੇ ਜਾ ਸਕਦੇ ਹਨ| ਫੇਜ਼ 6 ਵਿੱਚ ਮੰਦਰ ਦੇ ਨੇੜੇ, ਫੇਜ਼ 11 ਵਿੱਚ ਮਾਰਕੀਟ ਦੇ ਨਾਲ ਅਤੇ ਸ਼ਹਿਰ ਵਿੱਚ ਹੋਰਨਾਂ ਕਈ ਥਾਂਵਾਂ ਤੇ ਵੀ ਆਟੋ ਚਾਲਕਾਂ ਵਲੋਂ ਅਜਿਹੇ ਅਣਅਧਿਕਾਰਤ ਸਟੈਂਡ ਕਾਇਮ ਕੀਤੇ ਜਾ ਚੁੱਕੇ ਹਨ|
ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਬਣਾਏ ਇਹਨਾਂ ਅਣਅਧਿਕਾਰਤ ਸਟੈਂਡਾਂ ਤੇ ਖੜ੍ਹਦੇ ਆਟੋ ਰਿਕਸ਼ੇ ਸ਼ਹਿਰ ਵਿੱਚ ਸੜਕ ਹਾਦਸਿਆਂ ਦਾ ਵੀ ਕਾਰਨ ਬਣਦੇ ਹਨ| ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਤਾਂ ਵੈਸੇ ਹੀ ਚਰਚਾ ਦਾ ਕੇਂਦਰ ਰਹਿੰਦੀ ਹੈ ਅਤੇ ਸ਼ਹਿਰ ਦੀਆ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਕਿਨਾਰੇ ਕਾਇਮ ਹੋ ਚੁੱਕੇ ਇਹ ਅਣਅਧਿਕਾਰਤ ਆਟੋ ਸਟੈਂਡ ਆਮ ਵਾਹਨ ਚਾਲਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ| ਮੁੱਖ ਸੜਕਾਂ ਦੇ ਕਿਨਾਰੇ ਬਣੇ ਇਹਨਾਂ ਸਟੈਂਡਾਂ ਦੇ ਨੇੜੇ ਨੇੜੇ ਚਾਹ, ਪਕੌੜੇ ਅਤੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲਿਆਂ ਦੀਆਂ ਫੜੀਆਂ ਵੀ ਲੱਗਦੀਆਂ ਹਨ| ਇਹ ਆਟੋ ਚਾਲਕ ਇੱਕ ਦੂਜੇ ਤੋਂ ਪਹਿਲਾਂ ਸਵਾਰੀ ਚੁੱਕਣ ਜਾਂ ਪਹਿਲਾਂ ਜਾਣ ਦੇ ਮੁੱਦੇ ਤੇ ਕਈ ਵਾਰ ਆਪਸ ਵਿੱਚ ਲੜ ਵੀ ਪੈਂਦੇ ਹਨ ਅਤੇ ਚਾਰ ਸਾਲ ਪਹਿਲਾਂ ਫੇਜ਼ 11 ਵਿੱਚ ਬਣੇ ਅਜਿਹੇ ਹੀ ਇੱਕ ਆਟੋ ਸਟੈਂਡ ਤੇ ਇੱਕ ਆਟੋ ਚਾਲਕ ਵਲੋਂ ਆਟੋ ਯੂਨੀਅਨ ਦੇ ਪ੍ਰਧਾਨ ਨੂੰ ਗੋਲੀਆਂ ਮਾਰ ਕੇ ਕਤਲ ਤੱਕ ਕਰ ਦਿੱਤਾ ਗਿਆ ਸੀ|
ਸਾਡੇ ਸ਼ਹਿਰ ਦੀ ਟ੍ਰੈਫਿਕ ਪੁਲੀਸ ਵਲੋਂ ਭਾਵੇਂ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਣ ਵਾਲੇ ਵਾਹਨਾਂ ਦੇ ਖਿਲਾਫ ਕਦੇ ਕਦਾਰ ਕਾਰਵਾਈ ਕਰਦਿਆਂ ਇਹਨਾਂ ਗੱਡੀਆਂ ਦੇ ਚਾਲਾਨ ਕੱਟਣ ਦੀ ਕਾਰਵਾਈ ਕੀਤੀ ਜਾਂਦੀ ਹੈ ਪਰੰਤੂ ਟ੍ਰੈਫਿਕ ਪੁਲੀਸ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਅਣ ਅਧਿਕਾਰਤ ਤੌਰ ਤੇ ਕਬਜਾ ਕਰਕੇ ਆਟੋ ਰਿਕਸ਼ਾ ਸਟੈਂਡ ਕਾਇਮ ਕਰਨ ਵਾਲੇ ਆਟੋ ਚਾਲਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਹੋਰਨਾਂ ਸੜਕਾਂ ਤੇ ਵੀ ਅਜਿਹੇ ਸਟੈਂਡ ਬਣਦੇ ਜਾ ਰਹੇ ਹਨ| ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਵਾਲੀ ਥਾਂ ਰੋਕ ਕੇ ਟ੍ਰੈਫਿਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਇਹਨਾਂ ਆਟੋ ਚਾਲਕਾਂ ਦੇ ਖਿਲਾਫ ਟ੍ਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ|
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਅਣਅਧਿਕਾਰਤ ਤੌਰ ਤੇ ਕਾਇਮ ਹੋਏ ਇਹਨਾਂ ਆਟੋ ਰਿਕਸ਼ਾ ਸਟੈਂਡਾਂ ਦੇ ਰੂਪ ਵਿੱਚ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਨੂੰ ਖਤਮ ਕਰਵਾਉਣ ਲਈ ਸਖਤ ਕਦਮ ਚੁੱਕੇ ਜਾਣ ਅਤੇ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਲੋੜੀਂਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸਮੱਸਿਆ ਦੇ ਹੱਲ ਲਈ ਸੰਬੰਧਿਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਸਮਾਂਬੱਧ ਕਾਰਵਾਈ ਨੂੰ ਯਕੀਨੀ ਬਣਾਉਣ, ਤਾਂ ਜੋ ਇਸ ਸਮੱਸਿਆ ਨੂੰ ਪ੍ਰਭਾਵੀ ਢੰਗ ਨਾਲ ਹੱਲ ਕੀਤਾ ਜਾ ਸਕੇ|

Leave a Reply

Your email address will not be published. Required fields are marked *