Invester alleged illegal homes being sold by Eden Homes Kharar

ਨਗਰ ਕੌਂਸਲ ਤੋਂ ਪ੍ਰੋਜੈਕਟ ਪਾਸ ਕਰਵਾਏ ਬਿਨਾਂ ਹੀ ਈਡਨ ਹੋਮਜ਼ ‘ਚ ਫਲੈਟਾਂ ਲਈ ਪੈਸੇ ਇਕੱਠੇ ਕਰਨ ਦਾ ਦੋਸ਼

ਕੌਂਸਲ ਪ੍ਰਧਾਨ ਮੈਡਮ ਅੰਜੂ ਚੰਦਰਾ ਦੇ ਚਚੇਰੇ ਭਰਾ ਦੀ ਕੰਪਨੀ ਹੈ ਆਰ.ਸੀ. ਬਿਲਡਰਜ਼

ਐੱਸ.ਏ.ਐੱਸ. ਨਗਰ, 5 ਅਗਸਤ : ਨਗਰ ਕੌਂਸਲ ਖਰੜ ਦੀ ਮਿਹਰਬਾਨੀ ਸਦਕਾ ਕੌਂਸਲ ਦੀ ਹੱਦ ਅੰਦਰ ਕਾਲੋਨਾਈਜ਼ਰਾਂ ਵੱਲੋਂ ਕੁਝ ਅਜਿਹੇ ਪ੍ਰਾਈਵੇਟ ਪ੍ਰੋਜੈਕਟਾਂ ਰਾਹੀਂ ਲੋਕਾਂ ਨੂੰ ਫਲੈਟ ਜਾਂ ਪਲਾਟ ਵੇਚ ਕੇ ਮੋਟੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਜਿਨ੍ਹਾਂ ਪ੍ਰੋਜੈਕਟਾਂ ਦੀ ਨਗਰ ਕੌਂਸਲ ਦੇ ਰਿਕਾਰਡ ਵਿੱਚ ਕੋਈ ਹੋਂਦ ਹੀ ਨਹੀਂ ਹੈ ਅਤੇ ਨਾ ਹੀ ਅਜਿਹੇ ਪ੍ਰੋਜੈਕਟਾਂ ਦਾ ਸੀ.ਐਲ.ਯੂ. ਜਾਂ ਕੋਈ ਨਕਸ਼ਾ ਨਗਰ ਕੌਂਸਲ ਵੱਲੋਂ ਪਾਸ ਕੀਤਾ ਗਿਆ ਹੈ| ਅਜਿਹਾ ਹੀ ਇੱਕ ‘ਈਡਨ ਹੋਮਜ਼’ ਨਾਂ ਦਾ ਪ੍ਰੋਜੈਕਟ ਕੌਂਸਲ ਪ੍ਰਧਾਨ ਮੈਡਮ ਅੰਜੂ ਚੰਦਰਾ ਦੇ ਚਚੇਰੇ ਭਰਾ ਦੀ ਕੰਪਨੀ ਆਰ.ਸੀ. ਬਿਲਡਰਜ਼ ਵੱਲੋਂ ਚਲਾਇਆ ਜਾ ਰਿਹਾ ਹੈ| ਇਹ ਖੁਲਾਸਾ ਸਰਹਿੰਦ ਨਿਵਾਸੀ ਸੋਹਣ ਲਾਲ ਨਾਂ ਦੇ ਵਿਅਕਤੀ ਨੇ ਅੱਜ ਇੱਥੇ ਡਿਸਟ੍ਰਿਕਟ ਪ੍ਰੈੱਸ ਕਲੱਬ ਐੱਸ.ਏ.ਐੱਸ. ਨਗਰ ਵਿਖੇ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ| ਉਨ੍ਹਾਂ ਇਸ ਪ੍ਰੋਜੈਕਟ ਵਿੱਚ ਫਲੈਟ ਲੈਣ ਲਈ ਬਿਆਨਾ ਰਕਮ ਸੱਤ ਲੱਖ ਰੁਪਏ ਦਿੱਤੇ ਸੀ ਪ੍ਰੰਤੂ ਜਦੋਂ ਪਤਾ ਲੱਗਾ ਕਿ ਇਸ ਪ੍ਰੋਜੈਕਟ ਦਾ ਨਕਸ਼ਾ ਹੀ ਕੌਂਸਲ ਕੋਲੋਂ ਪਾਸ ਨਹੀਂ ਹੈ ਤਾਂ ਉਨ੍ਹਾਂ ਆਰ.ਟੀ.ਆਈ. ਰਾਹੀਂ ਨਗਰ ਕੌਂਸਲ ਕੋਲੋਂ ਇਹ ਜਾਣਕਾਰੀ ਹਾਸਿਲ ਕੀਤੀ|
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੋਹਣ ਲਾਲ ਨਿਵਾਸੀ ਸਰਹਿੰਦ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਉਨ੍ਹਾਂ ਦੇ ਜਵਾਈ ਸੁਖਵਿੰਦਰ ਸਿੰਘ ਸੁੱਖੀ ਨਿਵਾਸੀ ਮੁੰਡੀਖਰੜ ਨੇ ਦੱਸਿਆ ਕਿ ਉਨ੍ਹਾਂ ਆਰ.ਸੀ. ਬਿਡਲਰਜ਼ ਕੋਲੋਂ ਈਡਨ ਹੋਮਜ਼ ਪ੍ਰੋਜੈਕਟ ਵਿਖੇ 17 ਅਕਤੂਬਰ 2014 ਨੂੰ ਮੁੰਡੀਖਰੜ ਵਿਖੇ ਇੱਕ ਫਲੈਟ ਖਰੀਦਣ ਲਈ ਸੱਤ ਲੱਖ ਰੁਪਏ ਬਿਆਨਾ ਰਾਸ਼ੀ ਦਿੱਤੀ ਸੀ ਅਤੇ ਬਕਾਇਦਾ ਐਗਰੀਮੈਂਟ ਕੀਤਾ ਸੀ| ਇਸ ਕੰਪਨੀ ਦੇ ਮਾਲਿਕ ਰਿਤੇਸ਼ ਚੌਧਰੀ ਹਨ ਜੋ ਕਿ ਕੌਂਸਲ ਪ੍ਰਧਾਨ ਮੈਡਮ ਅੰਜੂ ਚੰਦਰਾ ਦੇ ਚਚੇਰੇ ਭਰਾ ਹਨ| ਇਸ ਦੀ ਰਜਿਸਟਰੀ 30 ਅਪ੍ਰੈਲ 2016 ਨੂੰ ਹੋਣੀ ਸੀ| ਜਦੋਂ ਬੈਂਕ ਤੋਂ ਕਰਜ਼ਾ ਲੈਣ ਦੀ ਗੱਲ ਚੱਲੀ ਤਾਂ ਪਤਾ ਲੱਗਾ ਕਿ ਇਸ ਪ੍ਰੋਜੈਕਟ ਦਾ ਤਾਂ ਨਕਸ਼ਾ ਹੀ ਨਗਰਪਾਲਿਕਾ ਤੋਂ ਪਾਸ ਨਹੀਂ ਹੋਇਆ| ਨਗਰ ਕੌਂਸਲ ਖਰੜ ਕੋਲੋਂ ਆਰ.ਟੀ.ਆਈ. ਵਿੱਚ ਜਾਣਕਾਰੀ ਮੰਗੀ ਤਾਂ ਇਸ ਗੱਲ ਦਾ ਖੁਲਾਸਾ ਹੋਇਆ| ਉਨ੍ਹਾਂ ਇਸ ਦੀ ਸ਼ਿਕਾਇਤ ਖਰੜ ਪੁਲਿਸ ਸਟੇਸ਼ਨ, ਡੀਜੀਪੀ ਪੰਜਾਬ, ਡਾਇਰੈਕਟਰ ਸਥਾਨਕ ਸਰਕਾਰ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ, ਅਨਿਲ ਜੋਸ਼ੀ ਮੰਤਰੀ ਸਥਾਨਕ ਸਰਕਾਰ ਆਦਿ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਉਕਤ ਬਿਲਡਰ ਕੰਪਨੀ ਦੀ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕਰਵਾਉਣ ਦੀ ਮੰਗ ਕੀਤੀ| ਇਸ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਹੈ| ਪੁਲਿਸ ਸਿਰਫ਼ ਉਨ੍ਹਾਂ ਦੇ ਬਿਆਨ ਦਰਜ ਕਰ ਕੇ ਡੰਗ ਟਪਾ ਰਹੀ ਹੈ ਜਦਕਿ ਬਿਲਡਰ ਕੰਪਨੀ ਵੱਲੋਂ ਪ੍ਰੋਜੈਕਟ ਦਾ ਨਾਂ ਬਦਲ ਕੇ ਹੋਰਨਾਂ ਲੋਕਾਂ ਨੂੰ ਵੀ ਗੁੰਮਰਾਹ ਕਰਕੇ ਫਲੈਟ ਵੇਚਣ ਦੇ ਨਾਂ ‘ਤੇ ਠੱਗੀ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ|
ਇਸ ਸਬੰਧ ਵਿੱਚ ਸੰਪਰਕ ਕਰਨ ‘ਤੇ ਕੌਂਸਲ ਪ੍ਰਧਾਨ ਅੰਜੂ ਚੰਦਰਾ ਨੇ ਕਿਹਾ ਕਿ ਉਕਤ ਬਿਲਡਰ ਕੰਪਨੀ ਉਨ੍ਹਾਂ ਦੇ ਚਚੇਰੇ ਭਰਾ ਦੀ ਜ਼ਰੂਰ ਹੈ ਪ੍ਰੰਤੂ ਇਨ੍ਹਾਂ ਦੋਵੇਂ ਪਾਰਟੀਆਂ ਦਾ ਝਗੜਾ ਸਾਲ 2014 ਦਾ ਹੈ ਜਦਕਿ ਉਹ ਕੌਂਸਲ ਪ੍ਰਧਾਨ 2015 ਵਿੱਚ ਬਣੇ ਸਨ| ਉਨ੍ਹਾਂ ਕਿਹਾ ਕਿ ਉਕਤ ਸ਼ਿਕਾਇਤਕਰਤਾ ਦੀ ਸ਼ਿਕਾਇਤ ‘ਤੇ ਅਮਲ ਕਰਨ ਲਈ ਉਨ੍ਹਾਂ ਨਗਰ ਕੌਂਸਲ ਦੇ ਈ.ਓ. ਨੂੰ ਲਿਖਿਆ ਵੀ ਹੋਇਆ ਹੈ| ਇਸ ਲਈ ਕਾਰਵਾਈ ਕੌਂਸਲ ਵੱਲੋਂ ਕੀਤੀ ਜਾਣੀ ਹੈ|
ਦੂਜੇ ਪਾਸੇ ਇਸ ਸਬੰਧ ਵਿੱਚ ਸੰਪਰਕ ਕਰਨ ‘ਤੇ ਆਰ.ਸੀ. ਬਿਲਡਰਜ਼ ਕੰਪਨੀ ਦੇ ਡਾਇਰੈਕਟਰ ਰਿਤੇਸ਼ ਚੌਧਰੀ ਨੇ ਦੱਸਿਆ ਕਿ ਮੁੰਡੀਖਰੜ ਨਿਵਾਸੀ ਸੁਖਵਿੰਦਰ ਸਿੰਘ ਸੁੱਖੀ ਨਾਂ ਦਾ ਉਕਤ ਵਿਅਕਤੀ ਉਸ ਦਾ ਪੁਰਾਣਾ ਦੋਸਤ ਸੀ| ਉਨ੍ਹਾਂ ਦੱਸਿਆ ਕਿ ਸੁੱਖੀ ਨੇ ਉਨ੍ਹਾਂ ਨਾਲ ਪਾਰਟਰਨਰਸ਼ਿਪ ਵਿੱਚ ਈਡਨ ਹੋਮਜ਼ ਪ੍ਰੋਜੈਕਟ ਰਾਹੀਂ ਪ੍ਰਾਪਰਟੀ ਜਾਂ ਫਲੈਟ ਵੇਚਣ ਦਾ ਕੰਮ ਕਰਨ ਦੀ ਯੋਜਨਾ ਬਣਾਈ ਸੀ| ਇਸ ਯੋਜਨਾ ਦੇ ਸ਼ੁਰੂ ਵਿੱਚ ਸੁੱਖੀ ਨੇ ਆਪਣੇ ਸਹੁਰਾ ਸਾਹਿਬ ਸੋਹਣ ਲਾਲ ਕੋਲੋਂ ਸੱਤ ਲੱਖ ਰੁਪਏ ਇਨਵੈਸਟ ਕਰਵਾ ਕੇ ਫਲੈਟ ਬੁੱਕ ਕਰਵਾ ਲਿਆ ਤਾਂ ਕਿ ਉਹ ਲਾਭ ਕਮਾ ਸਕੇ| ਬਾਅਦ ਵਿੱਚ ਸੁੱਖੀ ਨੇ ਕੁਝ ਅਜਿਹੀਆਂ ਹਰਕਤਾਂ ਕੀਤੀਆਂ ਜਿਸ ਕਾਰਨ ਉਨ੍ਹਾਂ ਸੁੱਖੀ ਨੂੰ ਆਪਣੇ ਬਿਜ਼ਨਸ ਵਿੱਚੋਂ ਹਟਾ ਦਿੱਤਾ| ਉਨ੍ਹਾਂ ਦਾ ਪ੍ਰੋਜੈਕਟ ਨਗਰ ਕੌਂਸਲ ਵੱਲੋਂ ਪਾਸ ਹੋ ਰੱਖਿਆ ਹੈ ਅਤੇ ਸੋਹਣ ਲਾਲ ਦਾ ਫਲੈਟ ਵੀ ਬਕਾਇਦਾ ਤਿਆਰ ਹੈ| ਇਸੇ ਰੰਜਿਸ਼ ਦੇ ਚਲਦਿਆਂ ਸੁਖਵਿੰਦਰ ਸਿੰਘ ਸੁੱਖੀ ਹੁਣ ਆਪਣੇ ਸਹੁਰਾ ਸਾਹਿਬ ਸੋਹਣ ਲਾਲ ਨੂੰ ਢਾਲ ਬਣਾ ਕੇ ਉਨ੍ਹਾਂ ਨੂੰ ਜਾਣ ਬੁੱਝ ਕੇ ਬਦਨਾਮ ਕਰ ਰਿਹਾ ਹੈ|

Leave a Reply

Your email address will not be published. Required fields are marked *