Jaggu case : Family alleged life threatening attack

ਪਿੰਡ ਚਾਓਮਾਜਰਾ ਨਿਵਾਸੀ ਜੱਗੂ ਕਤਲ ਕੇਸ….
ਭੇਦਭਰੇ ਹਾਲਤ ਵਿੱਚ ਮਰ ਚੁੱਕੇ ਜੱਗੂ ਦੇ ਪਰਿਵਾਰ ‘ਤੇ ਕਾਤਿਲਾਨਾ ਹਮਲਾ
– ਪੀੜਤ ਪਰਿਵਾਰ ਨੇ ਆਮ ਆਦਮੀ ਪਾਰਟੀ ਆਗੂ ਸ਼ੇਰਗਿੱਲ ਨੂੰ ਮਿਲ ਕੇ ਲਗਾਈ ਮੱਦਦ ਦੀ ਗੁਹਾਰ

ਐੱਸ.ਏ.ਐੱਸ. ਨਗਰ, 1 ਸਤੰਬਰ : ਲਗਭਗ ਪੰਜ ਕੁ ਮਹੀਨੇ ਪਹਿਲਾਂ 23 ਅਪ੍ਰੈਲ 2016 ਨੂੰ ਜ਼ਿਲ੍ਹਾ ਮੋਹਾਲੀ ਦੇ ਪਿੰਡ ਚਾਓਮਾਜਰਾ ਨਿਵਾਸੀ ਟੈਕਸੀ ਡਰਾਈਵਰ ਜਗਦੀਪ ਸਿੰਘ ਜੱਗੂ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ ਦਾ ਮਾਮਲਾ ਠੰਢਾ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ| ਇਸ ਕੇਸ ਵਿੱਚ ਜੱਗੂ ਦਾ ਮਾਲਿਕ ਰਾਜਪਾਲ ਸਿੰਘ ਵਾਲੀਆ ਪਹਿਲਾਂ  ਹੀ ਜੇਲ੍ਹ ਵਿੱਚ ਚੱਲ ਰਿਹਾ ਹੈ| ਬੀਤੇ ਦਿਨ ਬੁੱਧਵਾਰ ਦੀ ਦੇਰ ਸ਼ਾਮ ਪਿੰਡ ਚਾਓਮਾਜਰਾ ਵਿਖੇ ਮ੍ਰਿਤਕ ਜੱਗੂ ਦੇ ਮਾਤਾ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਉਤੇ ਉਨ੍ਹਾਂ ਦੇ ਹੀ ਪਿੰਡ ਦੇ ਦੋ ਤਿੰਨ ਵਸਨੀਕਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿਚ ਜ਼ਬਰਦਸਤੀ ਦਾਖਿਲ ਹੋ ਕੇ ਕਾਤਿਲਾਨਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਹਮਲੇ ਵਿੱਚ ਜੱਗੂ ਦਾ ਪਿਤਾ ਬਲਵਿੰਦਰ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਸ ਨੂੰ ਪੁਲਿਸ ਨੇ ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ| ਪੀੜਤ ਪਰਿਵਾਰ ਦੇ ਮੈਂਬਰ ਅੱਜ ਇੱਥੇ ਫੇਜ਼ 3 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਹੁੰਚ ਕੇ ‘ਆਪ’ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਿਲੇ ਅਤੇ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ| ਸ਼ੇਰਗਿੱਲ ਨੇ ਪੀੜਤ ਪਰਿਵਾਰ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਿਵਾਇਆ|
ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚੇ ਪਿੰਡ ਚਾਓਮਾਜਰਾ ਨਿਵਾਸੀ ਮ੍ਰਿਤਕ ਜੱਗੂ ਦੀ ਮਾਤਾ ਜਸਵੀਰ ਕੌਰ, ਭੈਣ ਵਰਿੰਦਰ ਕੌਰ, ਦਾਦਾ ਦਾਰਾ ਸਿੰਘ ਅਤੇ ਚਾਚਾ ਧਰਮਿੰਦਰ ਸਿੰਘ ਆਦਿ ਨੇ ਸ਼ੇਰਗਿੱਲ ਨੂੰ ਦੱਸਿਆ ਉਨ੍ਹਾਂ ਦੇ ਬੇਟੇ ਜਗਦੀਪ ਸਿੰਘ ਜੱਗੂ ਦੀ ਮੌਤ ਦੇ ਸਬੰਧ ਵਿੱਚ ਟੈਕਸੀ ਸਟੈਂਡ ਮਾਲਿਕ ਰਾਜਪਾਲ ਸਿੰਘ ਵਾਲੀਆ ਇਸ ਸਮੇਂ ਜੇਲ੍ਹ ਵਿੱਚ ਹੈ| ਉਨ੍ਹਾਂ ਦੇ ਹੀ ਪਿੰਡ ਚਾਓਮਾਜਰਾ ਦਾ ਨਿਵਾਸੀ ਗੁਰਦੀਪ ਸਿੰਘ ਸੇਠੀ ਉਰਫ਼ ਗੰਜਾ ਵਾਲੀਆ ਦੇ ਸਟੈਂਡ ‘ਤੇ ਨੌਕਰੀ ਕਰਦਾ ਹੈ|
ਜੱਗੂ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ ਦੀ ਅਸਲੀਅਤ ਜਾਣਨ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖਿਲਾਫ਼ ਕਤਲ ਕੇਸ ਦਰਜ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਪੈਰਵਾਈ ਤੋਂ ਤੰਗ ਆ ਕੇ ਪਰਿਵਾਰ ਉਤੇ ਪੈਰਵਾਈ ਨੂੰ ਰੋਕਣ ਲਈ ਦਬਾਅ ਬਣਾਇਆ ਜਾ ਰਿਹਾ ਹੈ| ਇਸੇ ਦਬਾਅ ਦੇ ਚਲਦਿਆਂ ਉਨ੍ਹਾਂ ‘ਤੇ ਹਮਲੇ ਕਰਵਾਏ ਜਾ ਰਹੇ ਹਨ ਅਤੇ ਰਸਤੇ ਵਿੱਚ ਘੇਰ ਘੇਰ ਕੇ ਧਮਕਾਇਆ ਜਾਂਦਾ ਹੈ|
ਜਸਵੀਰ ਕੌਰ ਨੇ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਕਰੀਬ ਸਵਾ ਅੱਠ ਵਜੇ ਗੁਰਦੀਪ ਸੇਠੀ ਉਰਫ਼ ਗੰਜਾ, ਭਰਾ ਕਾਲਾ ਅਤੇ ਉਸ ਦਾ ਪਿਤਾ ਦਲਵਿੰਦਰ ਸਿੰਘ ਛੋਟਾ ਨੇ ਦੋ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਪੱਥਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਉਤੇ ਹਮਲਾ ਕਰ ਦਿੱਤਾ| ਉਨ੍ਹਾਂ ਦੇ ਘਰ ਜ਼ਬਰਦਸਤੀ ਵੜ ਕੇ ਉਨ੍ਹਾਂ ਦੀ ਛੋਟੀ ਬੇਟੀ ਵਰਿੰਦਰ ਦੇ ਕੱਪੜੇ ਤੱਕ ਪਾੜ ਦਿੱਤੇ| ਇਸ ਕਾਤਿਲਾਨਾ ਹਮਲੇ ਵਿੱਚ ਜੱਗੂ ਦੇ ਪਿਤਾ ਬਲਵਿੰਦਰ ਸਿੰਘ ਦੇ ਸੱਟਾਂ ਵੱਜੀਆਂ| ਇਸ ਦੀ ਸੂਚਨਾ ਮਿਲਦੇ ਸਾਰ ਆਮ ਆਦਮੀ ਪਾਰਟੀ ਆਗੂ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਸੁਰਿੰਦਰ ਕੌਰ ਅਤੇ ਨਾਜਰ ਸਿੰਘ ਵੀ ਪਿੰਡ ਚਾਓਮਾਜਰਾ ਪਹੁੰਚੇ ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ| ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਖ਼ਮੀ ਬਲਵਿੰਦਰ ਸਿੰਘ ਨੂੰ ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾ ਦਿੱਤਾ| ਅੱਜ ਪਰਿਵਾਰਕ ਮੈਂਬਰ ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਿਲਣ ਲਈ ਪਹੁੰਚੇ|
ਹਿੰਮਤ ਸਿੰਘ ਸ਼ੇਰਗਿੱਲ ਨੇ ਜੱਗੂ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਹਮਲਾਵਰਾਂ ਖਿਲਾਫ਼ ਇਰਾਦਾ ਕਤਲ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਪੂਰਾ ਸੰਘਰਸ਼ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਗਰੀਬ ਵਿਅਕਤੀ ਦੀ ਅਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਸਰਕਾਰ ਆਉਣ ‘ਤੇ ਅਜਿਹੀਆਂ ਧੱਕੇਸ਼ਾਹੀਆਂ ਕਰਨ ਵਾਲਿਆਂ ਖਿਲਾਫ਼ ਸਖ਼ਤੀ ਨਾਲ ਨਿਪਟਿਆ ਜਾਵੇਗਾ| ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਜੱਗੂ ਦੇ ਘਰ ਵਿੱਚ ਵੜ ਕੇ ਪਰਿਵਾਰਕ ਮੈਂਬਰਾਂ ‘ਤੇ ਕਾਤਿਲਾਨਾ ਹਮਲਾ ਕਰਨ ਵਾਲਿਆਂ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ|

Leave a Reply

Your email address will not be published. Required fields are marked *