Jaggu’s death : Dharna by AAP to register murder case against culprits

ਭੇਦਭਰੇ ਹਾਲਤ ਵਿੱਚ ਮਰ ਚੁੱਕੇ ਜੱਗੂ ਦੀ ਮੌਤ ਦਾ ਮਾਮਲਾ….
ਮੁਲਜ਼ਮਾਂ ਖਿਲਾਫ਼ ਕਤਲ ਕੇਸ ਦੀਆਂ ਧਾਰਾਵਾਂ ਸ਼ਾਮਿਲ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਧਰਨਾ

ਐੱਸ.ਏ.ਐੱਸ. ਨਗਰ, 8 ਸਤੰਬਰ : ਪੁਲੀਸ ਸਟੇਸ਼ਨ ਸੋਹਾਣਾ ਦੇ ਨਜ਼ਦੀਕ ਇੱਕ ਦਰੱਖ਼ਤ ਨਾਲ ਲਟਕ ਰਹੀ ਪਿੰਡ ਚਾਓਮਾਜਰਾ ਨਿਵਾਸੀ ਟੈਕਸੀ ਡਰਾਈਵਰ ਜਗਦੀਪ ਸਿੰਘ ਜੱਗੂ ਦੀ ਲਾਸ਼ ਮਿਲਣ ਦੇ ਮਾਮਲੇ ਤੋਂ ਬਾਅਦ 31 ਅਗਸਤ ਨੂੰ ਪਿੰਡ ਚਾਓਮਾਜਰਾ ਵਿਖੇ ਕੁਝ ਵਿਅਕਤੀਆਂ ਵੱਲੋਂ ਜੱਗੂ ਦੇ ਪਰਿਵਾਰ ਉਤੇ ਕਾਤਿਲਾਨਾ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕੋਈ ਕਾਰਵਾਈ ਨਾ ਕਰਨ ਤੋਂ ਖਫ਼ਾ ਹੋ ਕੇ ਅੱਜ ਜੱਗੂ ਦੇ ਪਰਿਵਾਰਕ ਮੈਂਬਰਾਂ ਨੇ ਆਮ ਆਦਮੀ ਪਾਰਟੀ ਪਾਰਟੀ ਦੀ ਆਗੂ ਸੁਰਿੰਦਰ ਕੌਰ, ਸ੍ਰੀ ਆਨੰਦਪੁਰ ਸਾਹਿਬ ਤੋਂ ਜ਼ੋਨ ਇੰਚਾਰਜ ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਐਸ.ਐਸ.ਪੀ. ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ ਅਤੇ ਹਮਲਾਵਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ| ਇਸ ਮੌਕੇ ਧਰਨਾ ਸਥਾਨ ‘ਤੇ ਪਹੁੰਚੇ ਮੁਹਾਲੀ ਦੇ ਐਸ.ਪੀ. ਗੁਰਸੇਵਕ ਸਿੰਘ ਬਰਾੜ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ|
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰ ਕੌਰ, ਦਰਸ਼ਨ ਸਿੰਘ ਧਾਲੀਵਾਲ, ਜੱਗੂ ਦੀ ਮਾਤਾ ਜਸਵੀਰ ਕੌਰ, ਭੈਣ ਵਰਿੰਦਰ ਕੌਰ, ਦਾਦਾ ਦਾਰਾ ਸਿੰਘ ਅਤੇ ਚਾਚਾ ਧਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਜੱਗੂ ਦੀ ਲਾਸ਼ ਪੁਲੀਸ ਸਟੇਸ਼ਨ ਸੋਹਾਣਾ ਦੇ ਨੇੜੇ ਇੱਕ ਦਰੱਖ਼ਤ ਨਾਲ ਲਟਕਦੀ ਹੋਈ ਮਿਲੀ ਸੀ| ਇਸ ਕੇਸ ਵਿੱਚ ਜੱਗੂ ਦਾ ਮਾਲਿਕ ਰਾਜਪਾਲ ਸਿੰਘ ਵਾਲੀਆ ਪਹਿਲਾਂ  ਹੀ ਜੇਲ੍ਹ ਵਿੱਚ ਚੱਲ ਰਿਹਾ ਹੈ| ਉਸ ਤੋਂ ਬਾਅਦ ਹੁਣ 31 ਅਗਸਤ ਨੂੰ ਪਿੰਡ ਚਾਓਮਾਜਰਾ ਵਿਖੇ ਮ੍ਰਿਤਕ ਜੱਗੂ ਦੇ ਮਾਤਾ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਉਤੇ ਉਨ੍ਹਾਂ ਦੇ ਹੀ ਪਿੰਡ ਦੇ ਦੋ ਤਿੰਨ ਵਸਨੀਕਾਂ ਗੁਰਦੀਪ ਸੇਠੀ ਉਰਫ਼ ਗੰਜਾ, ਭਰਾ ਕਾਲਾ ਅਤੇ ਉਸ ਦਾ ਪਿਤਾ ਦਲਵਿੰਦਰ ਸਿੰਘ ਛੋਟਾ ਨੇ ਦੋ ਤਿੰਨ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ
ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਪੱਥਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਉਤੇ ਹਮਲਾ ਕਰ ਦਿੱਤਾ ਸੀ| ਉਨ੍ਹਾਂ ਦੇ ਘਰ ਜ਼ਬਰਦਸਤੀ ਵੜ ਕੇ ਉਨ੍ਹਾਂ ਦੀ ਛੋਟੀ ਬੇਟੀ ਵਰਿੰਦਰ ਦੇ ਕੱਪੜੇ ਤੱਕ ਪਾੜ ਦਿੱਤੇ| ਇਸ ਹਮਲੇ ਵਿੱਚ ਜੱਗੂ ਦਾ ਪਿਤਾ ਬਲਵਿੰਦਰ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਸ ਨੂੰ ਪੁਲੀਸ ਨੇ ਸੈਕਟਰ 32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਸੀ|
ਉਨ੍ਹਾਂ ਕਿਹਾ ਕਿ ਜੱਗੂ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ ਦੀ ਅਸਲੀਅਤ ਜਾਣਨ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਖਿਲਾਫ਼ ਕਤਲ ਕੇਸ ਦਰਜ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਪੈਰਵਾਈ ਤੋਂ ਤੰਗ ਆ ਕੇ ਪਰਿਵਾਰ ਉਤੇ ਪੈਰਵਾਈ ਨੂੰ ਰੋਕਣ ਲਈ ਦਬਾਅ ਬਣਾਇਆ ਜਾ ਰਿਹਾ ਹੈ| ਇਸੇ ਦਬਾਅ ਦੇ ਚਲਦਿਆਂ ਉਨ੍ਹਾਂ ‘ਤੇ ਹਮਲੇ ਕਰਵਾਏ ਜਾ ਰਹੇ ਹਨ ਅਤੇ ਰਸਤੇ ਵਿੱਚ ਘੇਰ ਘੇਰ ਕੇ ਧਮਕਾਇਆ ਜਾਂਦਾ ਹੈ| ਉਨ੍ਹਾਂ ਮੰਗ ਕੀਤੀ ਕਿ ਜੱਗੂ ਕਤਲ ਕੇਸ ਦੀ ਪੋਸਟਮਾਰਟਮ ਰਿਪੋਰਟ ਜਲਦੀ ਲੈ ਕੇ ਉਸ ਦੀ ਮੌਤ ਦੇ ਸਬੰਧ ਵਿੱਚ ਦੋਸ਼ੀਆਂ ਖਿਲਾਫ਼ ਕਤਲ ਕੇਸ ਦੀਆਂ ਧਾਰਾਵਾਂ ਸ਼ਾਮਿਲ ਕੀਤੀਆਂ ਜਾਣ|

Leave a Reply

Your email address will not be published. Required fields are marked *