Joint Action Committee of Punjab Unaided Colleges met Prof. Chandumajra for their demands

ਪੰਜਾਬ ਦੇ ਅਨਏਡਿਡ ਕਾਲਜਾਂ ਦੀ ਜਾਇੰਟ ਐਕਸ਼ਨ ਕਮੇਟੀ ਦਾ ਵਫਦ ਪ੍ਰੋ. ਚੰਦੂਮਾਜਰਾ ਨੂੰ ਮਿਲਿਆ
ਪ੍ਰੋ. ਚੰਦੂਮਾਜਰਾ ਨੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਗੱਲ ਕਰਕੇ ਮੰਗਾਂ ਹੱਲ ਕਰਨ ਦਾ ਭਰੋਸਾ ਦੁਆਇਆ

ਐਸ ਏ ਐਸ ਨਗਰ, 3 ਅਕਤੂਬਰ : ਪੰਜਾਬ ਦੇ ਸਮੂਹ ਅਨਏਡਿਡ ਕਾਲਜਾਂ ਦੇ ਪ੍ਰਤੀਨਿਧੀਆਂ ਵਲੋਂ ਬਣਾਈ ਗਈ ਜਾਇੰਟ ਐਕਸ਼ਨ ਕਮੇਟੀ ਦੇ ਵਫਦ ਨੇ ਹਲਕਾ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮਿਲਿਆ ਅਤੇ ਆਪਣੀਆ ਮੰਗਾਂ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਹੱਲ ਕਰਨ ਦੀ ਬੇਨਤੀ ਕੀਤੀ| ਜਿਕਰਯੋਗ ਹੈ ਕਿ ਜਾਇੰਟ ਐਕਸ਼ਨ ਕਮੇਟੀ ਨੇ ਮੰਗਾਂ ਹੱਲ ਨਾ ਹੋਣ ਤੇ 7 ਅਕਤੂਬਰ ਨੂੰ ਬੰਦ ਦਾ ਸੱਦਾ ਦਿੱਤਾ ਹੋਇਆ ਹੈ|
ਵਫਦ ਵਿੱਚ ਹਾਜਿਰ ਡਾ. ਜੇ ਐਸ ਧਾਲੀਵਾਲ ਪ੍ਰਧਾਨ ਪੀ.ਯੂ.ਟੀ.ਆਈ.ਏ., ਸ੍ਰ. ਜਗਜੀਤ ਸਿੰਘ ਪ੍ਰਧਾਨ ਫੈਡਰੇਸ਼ਨ ਆਫ ਸੈਲਫ ਫਾਇਨਾਂਸਡ ਬੀ-ਐਡ ਕਾਲਜ ਆਫ ਪੰਜਾਬ, ਸ੍ਰ. ਚਰਨਜੀਤ ਸਿੰਘ ਵਾਲੀਆ, ਪ੍ਰਧਾਨ ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਪੰਜਾਬ, ਡਾ. ਅੰਸ਼ੂ ਕਟਾਰੀਆ ਪ੍ਰਧਾਨ ਪੀ.ਯੂ.ਸੀ.ਏ., ਸ੍ਰੀ ਰਜਿੰਦਰ ਧਨੋਆ, ਪ੍ਰਧਾਨ ਐਸੋਸੀਏਸ਼ਨ ਆਫ ਪਾਲੀਟੈਕਟਿਕ ਕਾਲਜਿਸ ਪੰਜਾਬ, ਸ੍ਰੀ ਅਮਰਜੀਤ ਵਾਲੀਆ ਆਯੁਰਵੇਦਿਕ ਐਸੋਸੀਏਸ਼ਨ, ਡਾ. ਵਿਕਰਮ ਸ਼ਰਮਾ, ਡੈਂਟਲ ਐਸੋਸੀਏਸ਼ਨ, ਈ ਟੀ ਟੀ ਫੈਡਰੇਸ਼ਨ, ਜਸਮੀਤ ਸਿੰਘ, ਬੀ.ਐਡ. ਐਸੋਸੀਏਸ਼ਨ (ਪੰਜਾਬ ਯੂਨੀਵਰਸਿਟੀ), ਗੁਰਮੀਤ ਧਾਲੀਵਾਲ ਚੇਅਰਮੈਨ ਅਕੈਡਮਿਕ ਅਡਵਾਈਜ਼ਰੀ ਫੋਰਮ, ਸੁਖਮੰਦਰ ਸਿੰਘ ਚੱਠਾ, ਪ੍ਰਧਾਨ ਪੰਜਾਬ ਅਨਏਡਿਡ ਡਿਗਰੀ ਕਾਲਜਿਸ ਐਸੋਸੀਏਸ਼ਨਾਂ, ਸ੍ਰੀ ਸ਼ੁਮਾਂਸ਼ੂ ਗੁਪਤਾ ਆਈ ਟੀ ਆਈ ਐਸੋਸੀਏਸ਼ਨਜ਼ ਪੰਜਾਬ ਨੇ ਪ੍ਰੋ. ਚੰਦੂਮਾਜਰਾ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅਨਏਡਿਡ ਕਾਲਜਾਂ ਵਲੋਂ ਐਸ ਸੀ/ਬੀ ਸੀ ਵਿਦਿਆਰਥੀਆਂ ਤੋਂ ਫੀਸ ਨਹੀਂ ਲਈ ਜਾਂਦੀ ਅਤੇ ਪ੍ਰੀਖਿਆ ਫੀਸ ਵੀ ਕਾਲਜਾਂ ਨੇ ਆਪਣੇ ਫੰਡਾਂ ਤੋਂ ਜਮ੍ਹਾਂ ਕਰਵਾਈਆਂ ਹਨ ਪਰ ਹਾਲੇ ਤੱਕ ਸਰਕਾਰ ਨੇ ਕਾਲਜਾਂ ਦੇ ਪੈਸੇ ਨਹੀਂ ਦਿੱਤੇ ਜੋ ਕਿ 480 ਕਰੋੜ ਰੁਪਏ ਬਣਦੇ ਹਨ| ਨੁਮਾਇੰਦਿਆਂ ਨੇ ਕਿਹਾ ਕਿ ਵੱਖ ਵੱਖ ਸਰਕਾਰਾਂ ਜਿਵੇਂ ਹਿਮਾਚਲ ਪ੍ਰਦੇਸ਼, ਬਿਹਾਰ ਆਦਿ ਵਲੋਂ ਓ.ਬੀ.ਸੀ. ਵਿਦਿਆਰਥੀਆਂ ਦੀ ਪੂਰੀ ਫੀਸ ਕਾਲਜਾਂ ਨੂੰ ਦਿੱਤੀ ਜਾ ਚੁੱਕੀ ਹੈ ਪਰ ਪੰਜਾਬ ਵਿੱਚ ਹਾਲੇ ਤੱਕ ਇੱਕ ਰੁਪਿਆ ਵੀ ਸਰਕਾਰ ਨੇ ਨਹੀਂ ਦਿੱਤਾ ਜਿਸ ਕਾਰਨ ਕਾਲਜ ਬੰਦ ਹੋਣ ਦੀ ਕਗਾਰ ਤੇ ਹਨ|
ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਸਨਅਤ ਨੂੰ ਹੋਰਨਾਂ ਵਪਾਰਕ ਸਨਅਤਾਂ ਵਾਂਗ  ਟੈਕਸ ਫ੍ਰੀ ਕਰੇ ਅਤੇ ਕਾਲਜਾਂ ਨੂੰ ਵੈਟ, ਸੀ ਐਲ ਯੂ, ਟ੍ਰਾਂਸਪੋਰਟ, ਉਸਾਰੀ ਸੈਸ ਆਦਿ ਦੇ ਟੈਕਸਾਂ ਤੋਂ ਵੀ ਮੁਕਤ ਕਰੇ ਤਾਂ ਜੋ ਅਨਏਡਿਡ ਕਾਲਜਾਂ ਤੇ ਕਿਸੇ ਤਰ੍ਹਾਂ ਦਾ ਬੋਝ ਨਾ ਪਵੇ|
ਪ੍ਰੋ. ਚੰਦੂਮਾਜਰਾ ਨੇ ਜਾਇੰਟ ਐਕਸ਼ਨ ਕਮੇਟੀ ਦੀਆਂ ਮੰਗਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਉਹ ਇਨ੍ਹਾਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਨਗੇ| ਉਨ੍ਹਾਂ ਨੇ ਜਾਇੰਟ ਐਕਸ਼ਨ ਕਮੇਟੀ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੁਆਇਆ|

Leave a Reply

Your email address will not be published. Required fields are marked *