Joint Action of Unaided colleges gave memorandum to DC for release of post matric scholarship

ਮੁਹਾਲੀ ਸਮੇਤ ਟਰਾਈਸਿਟੀ ਦੇ ਪ੍ਰਾਈਵੇਟ ਕਾਲਜਾਂ ਤੇ ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਪੋਸ ਮੈਟ੍ਰਿਕ ਸਕਾਲਰਸ਼ਿਪ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਧਰਨਾ, ਡੀਸੀ ਨੂੰ ਮੰਗ ਪੱਤਰ ਦਿੱਤਾ

ਐਸ.ਏ.ਐਸ. ਨਗਰ, 7 ਅਕਤੂਬਰ ( ) ਸਥਾਨਕ ਸੈਕਟਰ-76 ਸਥਿਤ ਨਵੇਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅੱਜ ਨਰਸਿੰਗ ਟਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਅਤੇ ਸੰਯੁਕਤ ਐਕਸ਼ਨ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਵਾਲੀਆ, ਪੰਜਾਬ ਪੋਲੀਟੈਕਨੀਕਲ ਕਾਲਜ ਆਫ਼ ਐਸੋਸੀਏਸ਼ਨ (ਪੁਟੀਆ) ਦੇ ਪ੍ਰਧਾਨ ਡਾ. ਜੇ.ਐਸ. ਧਾਲੀਵਾਲ ਅਤੇ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦੀ ਸਾਂਝੀ ਅਗਵਾਈ ਹੇਠ ਮੁਹਾਲੀ ਸਮੇਤ ਟਰਾਈਸਿਟੀ ਦੇ ਪ੍ਰਾਈਵੇਟ ਕਾਲਜਾਂ ਅਤੇ ਨਰਸਿੰਗ ਕਾਲਜਾਂ ਦੇ ਪ੍ਰਬੰਧਕਾਂ ਅਤੇ ਨੁਮਾਇੰਦਿਆਂ ਨੇ ਵਿਸ਼ਾਲ ਧਰਨਾ ਦਿੱਤਾ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਖ਼ਿਲਾਫ਼ ਜਬਰਦਸਤ ਤਰੀਕੇ ਨਾਲ ਰੋਸ ਪ੍ਰਗਟ ਕੀਤਾ| ਇਸ ਤੋਂ ਬਾਅਦ ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੂੰ ਮੰਗ ਪੱਤਰ ਸੌਂਪਿਆ ਅਤੇ ਬਕਾਇਆ ਰਾਸ਼ੀ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ|
ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਵਾਲੇ ਪ੍ਰਾਈਵੇਟ ਕਾਲਜ ਅਤੇ ਹੋਰ ਬਹੁਤ ਸਾਰੀਆਂ ਤਕਨੀਕੀ ਸੰਸਥਾਵਾਂ ਅੱਜ ਆਰਥਿਕ ਮੰਦਹਾਲੀ ਦੇ ਦੌਰ ‘ਚੋਂ ਗੁਜ਼ਰ ਰਹੀਆਂ ਹਨ| ਹਾਲਾਂਕਿ ਸਰਕਾਰ ਵੱਲੋਂ ਗ਼ਰੀਬ ਵਰਗ ਦੇ ਵਿਦਿਆਰਥੀਆਂ ਦੀ ਭਲਾਈ ਲਈ ਲਾਗੂ ਕੀਤੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਕਾਮਯਾਬ ਕਰਨ ਵਿੱਚ ਇਨ੍ਹਾਂ ਸੰਸਥਾਵਾਂ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਪ੍ਰੰਤੂ ਸਕਾਲਰਸ਼ਿਪ ਰਾਸ਼ੀ ਸਮੇਂ ਸਿਰ ਨਾ ਜਾਰੀ ਹੋਣ ਕਾਰਨ ਬਹੁਤ ਸਾਰੀਆਂ ਸੰਸਥਾਵਾਂ ਬੰਦ ਹੋਣ ਦੀ ਕਗਾਰ ਤੇ ਹਨ| ਉਨ੍ਹਾਂ ਕਿਹਾ ਕਿ ਇਸ ਵਿੱਤੀ ਸੰਕਟ ਦੇ ਚੱਲਦੇ ਕਾਲਜਾਂ ਦੇ ਪ੍ਰਬੰਧਕ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਕਾਫੀ ਪ੍ਰੇਸ਼ਾਨੀ ਵਿੱਚ ਹਨ|
ਜਾਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲ ਪ੍ਰਾਈਵੇਟ ਕਾਲਜਾਂ ਦਾ ਪੋਸਟ ਮੈਟਰਿਕ ਸਕਾਲਰਸ਼ਿਪ ਦਾ 480 ਕਰੋੜ ਰੁਪਏ ਬਕਾਇਆ ਪੈਂਡਿੰਗ ਹੈ| ਜਿਸ ਕਾਰਨ ਬਹੁਤ ਸਾਰੇ ਪ੍ਰਾਈਵੇਟ ਅਦਾਰੇ ਘਾਟੇ ਵਿੱਚ ਜਾ ਰਹੇ ਹਨ| ਉਨ੍ਹਾਂ ਦੱਸਿਆ ਕਿ ਸਾਲ 2014-15 ਦੇ 80 ਕਰੋੜ ਰੁਪਏ, ਸਾਲ 2015-16 ਦੇ 400 ਕਰੋੜ ਰੁਪਏ ਬਕਾਇਆ ਰਾਸ਼ੀ ਹੁਣ ਤੱਕ ਰਿਲੀਜ਼ ਨਹੀਂ ਕੀਤੀ ਗਈ ਅਤੇ ਮੌਜੂਦਾ ਸੈਸ਼ਨ ਸਾਲ 2016-17 ਦੇ ਅੰਦਾਜ਼ਨ 600 ਕਰੋੜ ਰੁਪਏ ਬਣਦੇ ਹਨ| ਉਨ੍ਹਾਂ ਦੱਸਿਆ ਕਿ ਸਾਲ 2014-15 ਵਿੱਚ ਦੋ ਲੱਖ ਤੋਂ ਵੱਧ ਐਸ ਸੀ, ਬੀ ਸੀ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਗਿਆ ਹੈ ਜਿਨ੍ਹਾਂ ਦੀ ਗਿਣਤੀ ਪਿਛਲੇ ਸੈਸ਼ਨ ਵਿੱਚ ਵੱਧ ਕੇ 3 ਲੱਖ  ਹੋ ਗਈ ਅਤੇ ਮੌਜੂਦਾ ਸੈਸ਼ਨ ਵਿੱਚ ਸਵਾ ਤਿੰਨ ਲੱਖ ਐਸ ਸੀ, ਬੀ ਸੀ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ|
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿੱਚ ਸਿੱਖਿਆ ਉਦਯੋਗ ਨੂੰ ਹੋਰ ਵਪਾਰਕ ਉਦਯੋਗਾਂ ਦੀ ਤਰਜ਼ ‘ਤੇ ਟੈਕਸ ਮੁਕਤ ਕਰਨਾ ਚਾਹੀਦਾ ਹੈ ਅਤੇ ਕਾਲਜਾਂ ਨੂੰ ਵੈਟ, ਸੀ ਐਲ ਯੂ ਅਤੇ ਉਸਾਰੀ ਸਬੰਧੀ ਟੈਕਸਾਂ ਤੋਂ ਛੋਟ ਦੇਣੀ ਚਾਹੀਦੀ ਹੈ|
ਸ੍ਰੀ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਸੰਯੁਕਤ ਐਕਸ਼ਨ ਕਮੇਟੀ ਵੱਲੋਂ ਬੀਤੀ 3 ਅਕਤੂਬਰ ਨੂੰ ਸਮੂਹ ਕਾਲਜ ਪ੍ਰਬੰਧਕਾਂ ਦੀ ਮੀਟਿੰਗ ਵਿੱਚ ਸਾਂਝੇ ਤੌਰ ‘ਤੇ 7 ਅਕਤੂਬਰ ਨੂੰ ਕਾਲਜ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ| ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਦੇ ਸਮੂਹ ਸੈਲਫ ਫਾਇਨਾਂਸਡ ਕਾਲਜ ਜਿਨ੍ਹਾਂ ਵਿੱਚ ਨਰਸਿੰਗ, ਡੈਂਟਲ, ਟੈਕਨੀਕਲ ਕੋਰਸ, ਬੀ.ਐਡ., ਆਯੂਰਵੈਦਿਕ, ਪਾਲੀਟੈਕਨਿਕ, ਈਟੀਟੀ ਸਮੇਤ ਸਮੁੱਚੇ ਪੰਜਾਬ ਭਰ ਦੇ ਕਾਲਜ ਬੰਦ ਰੱਖ ਕੇ ਹੁਕਮਰਾਨਾਂ ਵਿਰੁੱਧ ਰੋਸ ਪ੍ਰਗਟਾਇਆ ਗਿਆ ਹੈ| ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਕੋਈ ਸਕਾਰਾਤਮਕ ਫੈਸਲਾ ਨਹੀਂ ਕੀਤਾ ਤਾਂ ਅਗਲੇ ਹਫ਼ਤੇ ਲੜੀਵਾਰ ਵਿੱਢੇ ਜਾਣ ਵਾਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ|

Leave a Reply

Your email address will not be published. Required fields are marked *