Kejriwal promised to make doctors and teachers regular

ਕੇਜਰੀਵਾਲ ਵੱਲੋਂ ਡਾਕਟਰਾਂ ਤੇ ਅਧਿਆਪਕਾਂ ਨੂੰ ਕੰਟਰੈਕਟ ’ਤੇ ਰੱਖਣ ਦੀ ਥਾਂ ਉਨਾਂ ਨੂੰ ਨਿਯਮਤ ਕਰਨ ਦਾ ਵਾਅਦਾ
ਚੰਡੀਗੜ/ਪਟਿਆਲਾ, 11 ਸਤੰਬਰ : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੈਡੀਕਲ ਅਤੇ ਸਿੱਖਿਆ ਖੇਤਰਾਂ ਨਾਲ ਜੁੜੇ ਭਾਈਚਾਰਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਨਾਂ ਦੀ ਪਾਰਟੀ ਸੱਤਾ ’ਚ ਆਉਣ ਤੋਂ ਬਾਅਦ ਪੰਜਾਬ ਵਿੱਚ ਉਨਾਂ ਨਾਲ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਉਨਾਂ ਨੂੰ ਕੰਟਰੈਕਟ-ਆਧਾਰ ’ਤੇ ਰੋਜ਼ਗਾਰ ਦੇਣ ਦੀ ਪ੍ਰਣਾਲੀ ਦਾ ਖ਼ਾਤਮਾ ਕਰ ਦੇਵੇਗੀ।
ਕੇਜਰੀਵਾਲ ਨੇ ਸਾਰੇ ਡਾਕਟਰਾਂ ਅਤੇ ਅਧਿਆਪਕਾਂ ਨੂੰ ਇਸ ਸਬੰਧੀ ਸਪੱਸ਼ਟ ਕਰਦਿਆਂ ਆਖਿਆ,‘‘ਕੰਟਰੈਕਟ ਭਾਵ ਠੇਕਾ ਪ੍ਰਣਾਲੀ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ ਅਤੇ ਸਾਰੇ ਨਿਯੁਕਤ ਮੈਡੀਕੋਜ਼ ਅਤੇ ਅਧਿਆਪਕਾਂ ਨੂੰ ਨਿਯਮਤ ਪੇਅ-ਰੋਲ ’ਤੇ ਲਿਆਂਦਾ ਜਾਵੇਗਾ।’’ ਉਨਾਂ ਕਿਹਾ ਕਿ ਸਾਰੇ ਡਾਕਟਰ ਅਤੇ ਅਧਿਆਪਕ ਨਿਯਮਤ ਆਧਾਰ ’ਤੇ ਨਿਯੁਕਤ ਕੀਤੇ ਜਾਣਗੇ ਤੇ ਉਨਾਂ ਨੂੰ ਸਨਮਾਨਜਨਕ ਮਾਸਿਕ ਤਨਖ਼ਾਹਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਪੰਜਾਬ ਦੀ ਜਨਤਾ ਦੀ ਸੇਵਾ ਕਰ ਸਕਣ।
ਕੇਜਰੀਵਾਲ ਨੇ ਅੱਗੇ ਕਿਹਾ,‘‘ਅਧਿਆਪਕ ਜਿੱਥੇ ਰਾਸ਼ਟਰ-ਨਿਰਮਾਤਾ ਹੁੰਦੇ ਹਨ, ਉੱਥੇ ਡਾਕਟਰ ਸਮਾਜ ਨੂੰ ਮਜ਼ਬੂਤ ਬਣਾਉਣ ਅਤੇ ਨਾਗਰਿਕਾਂ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੇ ਹਨ, ਇਸ ਲਈ ਸਾਨੂੰ ਕਿਸੇ ਮੌਜੂਦਾ ਪ੍ਰਣਾਲੀ ਰਾਹੀਂ ਉਨਾਂ ਦਾ ਸ਼ੋਸ਼ਣ ਨਹੀਂ ਹੋਣ ਦੇਣਾ ਚਾਹੀਦਾ।’’
ਦਿੱਲੀ ਦੇ ਮੁੱਖ ਮੰਤਰੀ ਨੇ ਪਟਿਆਲਾ ’ਚ ਡਾਕਟਰਾਂ ਅਤੇ ਅਧਿਆਪਕਾਂ ਨਾਲ ਸਾਂਝੀ ਗੱਲਬਾਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਤੇ ਡਾਕਟਰਾਂ ਨੂੰ ਬਿਹਤਰ ਤਨਖ਼ਾਹਾਂ ਅਤੇ ਸਹੂਲਤਾਂ ਮੁਹੱਈਆ ਕਰਵਾਉਣਾ ਇੱਕ ਤਰਾਂ ਸਮਾਜ ਦੀ ਭਵਿੱਖ ਦੀ ਪੀੜੀ ਲਈ ਨਿਵੇਸ਼ ਕਰਨ ਵਾਂਗ ਹੈ ਅਤੇ ਇਸ ਨਾਲ ਸਰਕਾਰੀ ਖ਼ਜ਼ਾਨੇ ’ਤੇ ਕਿਸੇ ਤਰਾਂ ਦਾ ਕੋਈ ਬੋਝ ਨਹੀਂ ਪਵੇਗਾ।
ਕੇਜਰੀਵਾਲ ਨੇ ਵਾਅਦਾ ਕੀਤਾ,‘‘ਸਾਡਾ ਚੋਣ ਮੈਨੀਫ਼ੈਸਟੋ ਹੋਰਨਾਂ ਪਾਰਟੀਆਂ ਵਾਂਗ ਕੋਈ ‘ਚੁਣਾਵੀ ਜੁਮਲਾ’ ਨਹੀਂ ਹੋਵੇਗਾ, ਸਗੋਂ ਅਸੀਂ ਮੈਨੀਫ਼ੈਸਟੋ ’ਚ ਪੰਜਾਬ ਦੀ ਜਨਤਾ ਨਾਲ ਜੋ ਵੀ ਵਾਅਦੇ ਕਰ ਰਹੇ ਹਾਂ, ਉਹ ਸਾਰੇ ਪੂਰੇ ਕਰਾਂਗੇ।’’
ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਆਪਣੇ ਪਹਿਲੇ ਬਜਟ ਵਿੱਚ ਹੀ ਸਿੱਖਿਆ ਤੇ ਸਿਹਤ ਜਿਹੇ ਖੇਤਰਾਂ ਲਈ ਕੁੱਲ ਬਜਟ ਦਾ 25 ਫ਼ੀ ਸਦੀ ਰੱਖਿਆ ਸੀ ਅਤੇ ਮੁਹੱਲਆਂ ਵਿੱਚ ਕਲੀਨਿਕ ਸਥਾਪਤ ਕਰਨ ਜਿਹੀ ਪਹਿਲਕਦਮੀ ਕੀਤੀ ਗਈ ਸੀ ਅਤੇ ਇਸ ਵਰੇ 31 ਦਸੰਬਰ ਤੱਕ ਅਜਿਹੇ ਕਲੀਨਿਕਾਂ ਦੀ ਗਿਣਤੀ 1,000 ਤੱਕ ਪੁੱਜ ਜਾਵੇਗੀ।
ਮੁਹੱਲਾ ਕਲੀਨਿਕ ਦੀ ਧਾਰਨਾ ਦੀ ਸ਼ਲਾਘਾ ਵਿਸ਼ਵ ਪੱਧਰ ’ਤੇ ਹੋਈ ਹੈ ਅਤੇ ਅਮਰੀਕਾ ਜਿਹੇ ਦੇਸ਼ ਵਿੱਚ ‘ਵਾਸ਼ਿੰਗਟਨ ਪੋਸਟ’ ਤੇ ‘ਸ਼ਿਕਾਗੋ ਟਾਈਮਜ਼’ ਵਰਗੇ ਅਖ਼ਬਾਰਾਂ ਰਾਹੀਂ ਇਹ ਮੁਲਾਂਕਣ ਕਰਨ ਲਈ ਇੱਕ ਬਹਿਸ ਅਰੰਭੀ ਗਈ ਸੀ ਦਿੱਲੀ ਵਾਂਗ ਅਮਰੀਕਾ ਵਿੱਚ ਵੀ ਮੁਹੱਲਾ ਕਲੀਨਿਕ ਕਿਵੇਂ ਸਥਾਪਤ ਕੀਤੇ ਜਾ ਸਕਦੇ ਹਨ।
ਕੇਜਰੀਵਾਲ ਨੇ ਦੱਸਿਆ ਕਿ ਮੁਹੱਲਾ ਕਲੀਨਿਕਾਂ ਦਾ ਇਹ ਸਫ਼ਲ ਮਾਡਿਯੂਲ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ, ਤਾਂ ਜੋ ਆਮ ਲੋਕਾਂ ਨੂੰ ਟੈਸਟ ਤੇ ਦਵਾਈਆਂ ਸਮੇਤ ਮੁਫ਼ਤ ਮੈਡੀਕਲ ਇਲਾਜ ਮੁਹੱਈਆ ਹੋ ਸਕੇ।
ਸਰਕਾਰੀ ਸਕੂਲਾਂ ਦੇ ਮਿਆਰ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਤੇ ਉਨਾਂ ਨੂੰ ਨਿਜੀ ਸਕੂਲਾਂ ਦੇ ਹਾਣ ਦੇ ਬਣਾਇਆ ਗਿਆ ਹੈ ਅਤੇ ਪੰਜਾਬ ਵਿੱਚ ਵੀ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਨੂੰ ਮਜ਼ਬੂਤ ਕਰਨ ਲਈ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਉਜਾਗਰ ਕਰਦਿਆਂ ਸਕੂਲਾਂ ਦੇ ਸਿਲੇਬਸ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਕੁਝ ਡਾਕਟਰਾਂ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਚੱਲ ਰਹੇ ਨਰਸਿੰਗ ਹੋਮਜ਼ ਨੂੰ ਨਿਯਮਤ ਕਰਨ ਦੀ ਮੰਗ ਕੀਤੀ ਅਤੇ ਕੇਜਰੀਵਾਲ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਆਉਣ ਵਾਲੀ ਸਰਕਾਰ ਇਸ ਬਾਰੇ ਵੀ ਸਕਾਰਾਤਮਕ ਢੰਗ ਨਾਲ ਵਿਚਾਰ ਕਰੇਗੀ।
ਕੁਝ ਡਾਕਟਰਾਂ ਨੇ ਚਿੰਤਾ ਪ੍ਰਗਟਾਈ ਕਿ ਮੈਡੀਕਲ ਕਾਲਜਾਂ ਵੱਲੋਂ ਬਹੁਤ ਜ਼ਿਆਦਾ ਫ਼ੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ ਅਤੇ ਉਨਾਂ ਇਹ ਵੀ ਦਾਅਵਾ ਕੀਤਾ ਕਿ ਐਮ.ਬੀ.ਬੀ.ਐਸ. ਲਈ ਸਾਲਾਨਾ ਫ਼ੀਸ ਪਿੱਛੇ ਜਿਹੇ 13,000 ਰੁਪਏ ਤੋਂ ਵਧਾ ਕੇ ਇੱਕ ਲੱਖ ਰੁਪਏ ਕਰ ਦਿੱਤੀ ਗਈ ਹੈ ਅਤੇ ਡੀਮਡ ਯੂਨੀਵਰਸਿਟੀਜ਼ ਭਿ੍ਰਸ਼ਟਾਚਾਰ ਦੇ ਗੜ ਬਣ ਕੇ ਰਹਿ ਗਈਆਂ ਹਨ ਕਿਉਕਿ ਉਹ ਦਾਖ਼ਲੇ ਦੇ ਨਾਂਅ ’ਤੇ ਮੋਟੇ ਡੋਨੇਸ਼ਨ ਲੈ ਰਹੀਆਂ ਹਨ। ਕੇਜਰੀਵਾਲ ਨੇ ਇਸ ਮਾਮਲੇ ’ਤੇ ਵੀ ਵਿਚਾਰ ਕਰਨ ਦਾ ਵਾਅਦਾ ਕੀਤਾ।
ਇਸੇ ਤਰਾਂ ਕੇਜਰੀਵਾਲ ਨੇ ਇਹ ਭਰੋਸਾ ਵੀ ਦਿਵਾਇਆ ਕਿ ਜੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ, ਤਾਂ ਹਰੇਕ ਵਿਭਾਗ ’ਚ ਖ਼ਾਲੀ ਪਈਆਂ ਆਸਾਮੀਆਂ ਵੀ ਭਰੀਆਂ ਜਾਣਗੀਆਂ ਅਤੇ ਨਾਲ ਹੀ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਕੀਤਾ ਜਾਵੇਗਾ।
ਮੌਜੂਦ ਇਕੱਠ ਵਿੱਚੋਂ ਕਈਆਂ ਨੇ ਮੌਜੂਦਾ ਪ੍ਰਣਾਲੀ ਪ੍ਰਤੀ ਕੁਝ ਗਿਲਾ ਪ੍ਰਗਟਾਉਦਿਆਂ ਕਿਹਾ ਕਿ ਅਧਿਆਪਕਾਂ ਅਤੇ ਡਾਕਟਰਾਂ ਨੂੰ ਅਕਸਰ ਚੋਣ ਸੂਚੀਆਂ ਤਿਆਰ ਕਰਨ ਜਾਂ ਮਰਦਮਸ਼ੁਮਾਰੀ ਕਰਨ ਜਿਹੇ ਵਾਧੂ ਕੰਮਾਂ ’ਤੇ ਵੀ ਲਾ ਦਿੱਤਾ ਜਾਂਦਾ ਹੈ; ਤਦ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ,‘‘ਡਾਕਟਰਾਂ ਅਤੇ ਅਧਿਆਪਕਾਂ ਦੀਆਂ ਸੇਵਾਵਾਂ ਉਨਾਂ ਦੇ ਬੁਨਿਆਦੀ ਕੰਮ, ਜਿਸ ਲਈ ਸਰਕਾਰ ਨੇ ਉਨਾਂ ਨੂੰ ਰੱਖਿਆ ਹੈ, ਤੋਂ ਇਲਾਵਾ ਹੋਰ ਕਿਸੇ ਕੰਮ ਲਈ ਨਹੀਂ ਲਈਆਂ ਜਾਣਗੀਆਂ ਅਤੇ ਦਿੱਲੀ ਸਰਕਾਰ ਨੇ ਅਜਿਹੇ ਹੁਕਮ ਪਹਿਲਾਂ ਹੀ ਜਾਰੀ ਕਰ ਦਿੱਤੇ ਹੋਏ ਹਨ।’’
ਉੱਘੇ ਮਹਿਲਾ ਡਾਕਟਰ ਕੀਰਤੀ ਸਿਬੀਆ ਨੇ ਇਸ ਮੌਕੇ ਨਸ਼ਿਆਂ ਦੀ ਵਰਤੋਂ ਦੀ ਸਮੱਸਿਆ ਅਤੇ ਨਸ਼ਾ-ਪੀੜਤਾਂ ਦੇ ਮੁੜ-ਵਸੇਬੇ ਬਾਰੇ ਆਪਣਾ ਇੱਕ ਮਾਡਿਯੂਲ ਪੇਸ਼ ਕੀਤਾ। ਉਨਾਂ ਸੁਝਾਅ ਦਿੱਤਾ,‘‘ਨਸ਼ਿਆਂ ਦੀ ਸਪਲਾਈ ਦੀ ਲੜੀ ਤੋੜਨ ਤੋਂ ਇਲਾਵਾ, ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦੇ ਮੁੜ-ਵਸੇਬੇ ਲਈ ਇੱਕ ਖ਼ਾਕਾ ਤਿਆਰ ਕੀਤਾ ਜਾਣਾ ਚਾਹੀਦਾ ਹੈ।’’
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦੇ ਮੁੜ-ਵਸੇਬੇ ਲਈ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਡੀਕੋਜ਼ ਦੀ ਮਦਦ ਦੀ ਲੋੜ ਪਵੇਗੀ ਅਤੇ ਜਵਾਬ ਵਿੱਚ ਸਮੁੱਚੇ ਮੈਡੀਕੋਜ਼ ਭਾਈਚਾਰੇ ਨੇ ਆਪਣੇ ਹੱਥ ਖੜੇ ਕਰ ਕੇ ਸੰਕਲਪ ਲਿਆ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਉਨਾਂ ਦੇ ਇਲਾਜ ਮੁਫ਼ਤ ਕਰਨਗੇ ਅਤੇ ਉਨਾਂ ਦੇ ਮੁੜ-ਵਸੇਬੇ ਵਿੱਚ ਇੰਝ ਮਦਦ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਮੈਨੀਫ਼ੈਸਟੋ ਕਮੇਟੀ ਦੇ ਮੁਖੀ ਕੰਵਰ ਸੰਧੂ, ਲੀਗਲ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ, ਮਹਿਲਾ ਵਿੰਗ ਦੇ ਮੁਖੀ ਪ੍ਰੋ. ਬਲਜਿੰਦਰ ਕੌਰ ਅਤੇ ਇਲਾਕੇ ’ਚ ਆਮ ਆਦਮੀ ਪਾਰਟੀ ਦੇ ਐਲਾਨੇ ਸਾਰੇ ਉਮੀਦਵਾਰ ਤੇ ਆਗੂ ਮੌਜੂਦ ਸਨ।

Leave a Reply

Your email address will not be published. Required fields are marked *