Kharar Sabzi Mandi in worst condition : Garcha

ਖਰੜ ਦੀ ਸਬਜ਼ੀ ਮੰਡੀ ਅਕਾਲੀ ਸਰਕਾਰ ਦੇ ਫੋਕੇ ਦਾਅਵਿਆਂ ਦੀ ਕਰ ਰਹੀ ਭੰਡੀ : ਗਰਚਾ

ਖਰੜ, 1 ਸਤੰਬਰ : ‘ਖਰੜ ਦੀ ਸਬਜ਼ੀ ਮੰਡੀ, ਅਕਾਲੀ-ਭਾਜਪਾ ਸਰਕਾਰ ਦੇ ਫੋਕੇ ਦਾਅਵਿਆਂ ਦੀ ਕਰ ਰਹੀ ਭੰਡੀ’| ਇਸ ਤੱਥ ਵਿੱਚ ਕੋਈ ਸ਼ੱਕ ਜਾਂ ਸੰਦੇਹ ਨਹੀਂ ਹੈ| ਵਾਕਿਆ ਹੀ ਖਰੜ ਦੀ ਸਬਜ਼ੀ ਮੰਡੀ ਸਰਕਾਰ ਵੱਲੋਂ ਆੜ੍ਹਤੀਆਂ, ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੰਡੀਆਂ ਵਿੱਚ ਸਹੂਲਤਾਂ ਦੇ ਲਈ ਕੀਤੇ ਜਾਂਦੇ ਫੋਕੇ ਦਾਅਵਿਆਂ ਦੀ ਭੰਡੀ ਕਰਦੀ ਦਿਖਾਈ ਦਿੰਦੀ ਹੈ| ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੀ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖਰੜ ਦੀ ਸਬਜ਼ੀ ਮੰਡੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਮੰਡੀ ਦਾ ਦੌਰਾ ਕਰ ਕੇ ਆੜ੍ਹਤੀਆਂ, ਕਿਸਾਨਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ‘ਤੇ ਪਤਾ ਲੱਗਾ ਕਿ ਸਬਜ਼ੀ ਮੰਡੀ ਖਰੜ ਵਿੱਚ ਸਹੂਲਤਾਂ ਦੀ ਭਾਰੀ ਕਮੀ ਹੈ| ਮੰਡੀ ਵਿੱਚ ਕਿਤੇ ਵੀ ਕੋਈ ਕਿਸਾਨਾਂ ਦੇ ਲਈ ਅਰਾਮ ਘਰ ਨਹੀਂ ਹੈ ਅਤੇ ਨਾ ਹੀ ਕੋਈ ਜਨਤਕ ਪਖਾਨੇ ਆਦਿ ਬਣਾਏ ਗਏ ਹਨ| ਸਰਕਾਰ ਅਤੇ ਮੰਡੀ ਬੋਰਡ ਲਈ ਮੋਟੀ ਆਮਦਨ ਦਾ ਸਾਧਨ ਇਸ ਸਬਜ਼ੀ ਮੰਡੀ ਦੀ ਦੁਖਦ ਹਾਲਤ ਇਹ ਵੀ ਹੈ ਕਿ ਮੰਡੀ ਵਿੱਚ ਸਫ਼ਾਈ ਪੱਚੋਂ ਵੀ ਬੁਰੀ ਹਾਲਤ ਹੈ| ਮੰਡੀ ਵਿੱਚ ਝਾੜੂ ਮਾਰਨ ਵਾਲਾ ਕੋਈ ਨਹੀਂ ਹੈ ਜਿਸ ਕਾਰਨ ਗੰਦਗੀ ‘ਤੇ ਮੱਖੀ ਮੱਛਰ ਆਦਿ ਬੈਠਣ ਨਾਲ ਮੰਡੀ ਵਿੱਚੋਂ ਬਦਬੋ ਮਾਰਦੀ ਰਹਿੰਦੀ ਹੈ ਅਤੇ ਕੋਈ ਨਾ ਕੋਈ ਬਿਮਾਰੀ ਫੈਲਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ|
ਸ੍ਰੀਮਤੀ ਗਰਚਾ ਨੇ ਕਿਸਾਨਾਂ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਦੇ ਰਾਜ ਵਿੱਚ ਸਹੂਲਤਾਂ ਘੱਟ ਅਤੇ ਦਾਅਵੇ ਵੱਧ ਵਾਲੀ ਗੱਲ ਅਕਸਰ ਰਹਿੰਦੀ ਹੈ|  ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸਹਿਯੋਗ ਦੇਣ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਿਆਂਦੀ ਜਾਵੇ ਅਤੇ ਖਰੜ ਦੀ ਮੰਡੀ ਨੂੰ ਆਧੁਨਿਕ ਮੰਡੀ ਦਾ ਰੂਪ ਦਿੱਤਾ ਜਾ ਸਕੇ|
ਵਿਧਾਨ ਸਭਾ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਸਬੰਧੀ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਸ੍ਰੀਮਤੀ ਗਰਚਾ ਨੇ ਕਿਹਾ ਕਿ ਟਿਕਟ ਕਿਸੇ ਦੀ ਜੇਬ ਵਿੱਚ ਨਹੀਂ ਹੈ ਸਗੋਂ ਟਿਕਟ ਦੇਣਾ ਪਾਰਟੀ ਦੀ ਹਾਈਕਮਾਂਡ ਦਾ ਕੰਮ ਹੈ| ਟਿਕਟ ਦੇ ਦਾਅਵੇਦਾਰਾਂ ਦਾ ਪੂਰੀ ਤਰ੍ਹਾਂ ਸਰਵੇ ਅਤੇ ਸਕਰੀਨਿੰਗ ਕਰਵਾ ਕੇ ਦਿੱਤੀ ਜਾਣੀ ਹੈ| ਇਸ ਲਈ ਜੋ ਵੀ ਹਲਕੇ ਵਿੱਚੋਂ ਟਿਕਟ ਲਈ ਮਜ਼ਬੂਤ ਦਾਅਵੇਦਾਰ ਹੋਵੇਗਾ, ਹਾਈਕਮਾਂਡ ਵੱਲੋਂ ਉਸੇ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਜਾਣੀ ਹੈ|
ਇਸ ਮੌਕੇ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ, ਲਖਬੀਰ ਸਿੰਘ ਲੱਕੀ ਸੈਣੀ, ਸੰਜੀਵ ਸ਼ਰਮਾ ਸੰਜੂ, ਮਨਦੀਪ ਪੰਚ ਆੜ੍ਹਤੀ, ਪਰਮਿੰਦਰ ਸੇਠੀ ਆੜ੍ਹਤੀ, ਨਰਿੰਦਰ ਸਿੰਘ ਸੈਣੀ, ਸੁਰਿੰਦਰ ਕੁਮਾਰ ਬਿੱਟੂ, ਵਿਜੇ ਸੂਦ, ਰੋਸ਼ਨ ਲਾਲ, ਗੁਰਲਾਲ ਸਿੰਘ, ਵਿੱਕੀ ਸੈਣੀ, ਪੀਟਰ ਜੋਸਫ਼, ਵਿਸ਼ਾਲ ਬੱਟੂ, ਅਸ਼ੋਕ ਕੋਹਲੀ, ਰੰਗੀ ਸੈਣੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *