Krishanpal Sharma Honoured by Distt. Press Club SAS Nagar

ਜਿਲ੍ਹਾ ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਦਾ ਜਿਲ੍ਹਾ ਪ੍ਰੈਸ ਕਲੱਬ  ਐਸ ਏ ਐਸ ਨਗਰ ਵਲੋਂ ਸਨਮਾਨ

ਐਸ ਏ ਐਸ ਨਗਰ, 26 ਸਤੰਬਰ (ਕੁਲਦੀਪ ਸਿੰਘ) ਪੱਤਰਕਾਰੀ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟ ਚੁੱਕੇ ਨਵਨਿਯੁਕਤ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਦੇ ਅਹੁਦੇ ਤੱਕ ਪਹੁੰਚੇ ਸ੍ਰੀ ਕ੍ਰਿਸ਼ਨਪਾਲ ਸ਼ਰਮਾ ਦਾ ਅੱਜ ਜਿਲ੍ਹਾ ਪ੍ਰੈਸ ਕਲੱਬ ਵਲੋਂ ਸ਼ਾਲ ਅਤੇ ਯਾਦ ਨਿਸ਼ਾਨੀ ਦੇ ਕੇ ਸਨਮਾਨ ਕੀਤਾ ਗਿਆ| ਇਸ ਮੌਕੇ ਵਿਸ਼ੇਸ਼ ਤੌਰ ਤੇ ਮੇਅਰ ਸ੍ਰ. ਕੁਲਵੰਤ ਸਿੰਘ ਅਤੇ ਨੌਜਵਾਨ ਆਗੂ ਸ੍ਰੀ ਅਸ਼ਵਨੀ ਸੰਭਾਲਕੀ ਵੀ ਹਾਜਿਰ ਸਨ|

ਇਸ ਮੌਕੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ ਨੂੰ ਜਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ| ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸ਼ਨਪਾਲ ਸ਼ਰਮਾ ਨੇ ਮੁਹਾਲੀ ਅਤੇ ਡੇਰਾਬੱਸੀ ਹਲਕੇ ਵਿੱਚ ਪਹਿਲਾਂ ਵੀ ਬਹੁਤ ਕੰਮ ਕੀਤਾ ਹੈ ਅਤੇ ਉਹ ਜਿਲ੍ਹੇ ਦੀਆਂ ਸਮੱਸਿਆਵਾਂ ਤੋਂ ਜਾਣੂੰ ਹਨ| ਉਨ੍ਹਾਂ ਕਿਹਾ ਕਿ ਭਾਵੇਂ ਸ੍ਰੀ ਕ੍ਰਿਸ਼ਨਪਾਲ ਸ਼ਰਮਾ ਨੂੰ ਕਾਫੀ ਘੱਟ ਸਮਾਂ ਮਿਲਿਆ ਹੈ ਪਰ ਉਹ ਇਸ ਸਮੇਂ ਦੇ ਦੌਰਾਨ ਵੀ ਜਿਲ੍ਹਾ ਮੁਹਾਲੀ ਦੇ ਵਿਕਾਸ ਕਾਰਜਾਂ ਲਈ ਵਧੀਆ ਕੰਮ  ਕਰਨਗੇ| ਉਨ੍ਹਾਂ ਨਗਰ ਨਿਗਮ ਵਲੋਂ ਸ੍ਰੀ ਸ਼ਰਮਾ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ|
20 ਰੁਪਏ ਵਿੱਚ ਖਾਲੀ ਕੀਤਾ ਹੈ 400 ਫੁੱਟ ਰੇਤੇ ਦਾ ਟਰੱਕ : ਆਪਣੇ ਤਜਰਬੇ ਸਾਂਝੇ ਕਰਦਿਆਂ ਸ੍ਰੀ ਕ੍ਰਿਸ਼ਨਪਾਲ ਸ਼ਰਮਾ ਨੇ ਕਿਹਾ ਕਿ ਉਹ ਸਾਧਾਰਨ ਪਰਿਵਾਰ ਤੋਂ ਹਨ ਅਤੇ ਜਮੀਨ ਨਾਲ ਜੁੜੇ ਹੋਏ ਹਨ| ਉਨ੍ਹਾਂ ਕਿਹਾ ਕਿ ਗ੍ਰੈਜੁਏਸ਼ਨ ਕਰਨ ਤੋਂ ਬਾਅਦ ਵੀ ਉਨ੍ਹਾਂ ਨੇ 20 ਰੁਪਏ ਵਿੱਚ 400 ਫੁੱਟ ਰੇਤੇ ਦੇ ਟੱਕ ਖਾਲੀ ਕੀਤੇ ਹਨ|
ਉਨ੍ਹਾਂ ਕਿਹਾ ਕਿ ਉਹ 1997 ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਰਹੇ ਹਨ ਅਤੇ ਪੱਤਰਕਾਰਤਾ ਦੇ ਪੇਸ਼ੇ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਔਕੜਾਂ ਤੋਂ ਜਾਣੂੰ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਸਭ ਤੋਂ ਜਿਆਦਾ ਖੁਸ਼ੀ ਹੈ ਕਿ ਮੁਹਾਲੀ ਵਿੱਚ ਆਉਣ ਤੇ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਨਮਾਨ ਉਨ੍ਹਾਂ ਦੇ ਆਪਣੇ ਭਾਈਚਾਰੇ ਨੇ ਹੀ ਕੀਤਾ ਹੈ|
ਉਨ੍ਹਾਂ ਇਸ ਮੌਕੇ ਸ੍ਰੀ ਐਨ ਕੇ ਸ਼ਰਮਾ ਵਿਧਾਇਕ ਡੇਰਾਬੱਸੀ ਅਤੇ ਮੇਅਰ ਸ੍ਰ. ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਰਫ ਇਨ੍ਹਾਂ ਦੋਹਾਂ ਆਗੂਆਂ ਦੀ ਬਦੌਲਤ ਹੀ ਅੱਜ ਉਨ੍ਹਾਂ ਨੂੰ ਇਹ ਅਹੁਦਾ ਮਿਲਿਆ ਹੈ|
ਇਸ ਤੋਂ ਪਹਿਲਾਂ ਜਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਸ੍ਰ. ਦਰਸ਼ਨ ਸਿੰਘ ਸੋਢੀ ਨੇ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ, ਸ੍ਰ. ਕੁਲਵੰਤ ਸਿੰਘ ਅਤੇ ਸ੍ਰੀ ਅਸ਼ਵਨੀ ਸ਼ਰਮਾ ਦਾ ਕਲੱਬ ਦੇ ਦਫਤਰ ਵਿੱਚ ਆਉਣ ਤੇ ਜੀ ਆਇਆਂ ਨੂੰ ਕਿਹਾ ਅਤੇ ਆਪਣੀ ਟੀਮ ਦੇ ਨਾਲ ਨਿੱਘਾ ਸਵਾਗਤ ਕੀਤਾ| ਵਾਈਸ ਚੇਅਰਮੈਨ ਬਲਜੀਤ ਸਿੰਘ ਮਰਵਾਹਾ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *