Kumbra Panchayat Members laid allegations against police employee

ਪੰਚਾਇਤ ਮੈਂਬਰਾਂ ਨੇ ਸਿਪਾਹੀ ਵੱਲੋਂ ਥਾਣੇ ਵਿੱਚ ਲਗਾਏ ਬਦਸਲੂਕੀ ਕਰਨ ਦੇ ਦੋਸ਼
ਐਸ.ਐਸ.ਪੀ. ਮੁਹਾਲੀ ਨੂੰ ਮਿਲ ਕੇ ਲੋਕਤੰਤਰ ਦੀ ਮੁਢਲੀ ਇਕਾਈ ਪੰਚਾਇਤ ਮੈਂਬਰਾਂ ਦੀ ਬੇਇਜ਼ਤੀ ਕਰਨ ਵਾਲੇ ਸਿਪਾਹੀ ਖਿਲਾਫ਼ ਕਾਰਵਾਈ ਕਰਨ ਲਈ ਦਿੱਤੀ ਸ਼ਿਕਾਇਤ

ਐੱਸ.ਏ.ਐੱਸ. ਨਗਰ, 1 ਸਤੰਬਰ : ਜ਼ਿਲ੍ਹਾ ਮੁਹਾਲੀ ਦੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਕਈ ਪੰਚਾਇਤ ਮੈਂਬਰਾਂ ਨੇ ਪੁਲੀਸ ਸਟੇਸ਼ਨ ਮੁੱਲਾਂਪੁਰ ਵਿਖੇ ਤਾਇਨਾਤ ਪੁਲਿਸ ਕਾਂਸਟੇਬਲ ਹਰਮਿੰਦਰ ਸਿੰਘ ਵੱਲੋਂ ਥਾਣੇ ਵਿੱਚ ਉਨ੍ਹਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਏ ਹਨ| ਇਸੇ ਸਬੰਧ ਵਿੱਚ ਇਨ੍ਹਾਂ ਪੰਚਾਇਤ ਮੈਂਬਰਾਂ ਨੇ ਅੱਜ ਐਸ.ਐਸ.ਪੀ. ਮੁਹਾਲੀ ਨੂੰ ਮਿਲ ਕੇ ਕਾਂਸਟੇਬਲ ਖਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ|
ਐਸ.ਐਸ.ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਪੰਚਾਇਤ ਮੈਂਬਰਾਂ ਗੁਰਸ਼ਰਨ ਸਿੰਘ ਪੰਚ, ਦਿਆਲ ਸਿੰਘ ਪੰਚ, ਗੁਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਹੋਰ ਮੋਹਤਬਰ ਵਿਅਕਤੀਆਂ ਕੁਲਬੀਰ ਸਿੰਘ, ਅਰਵਿੰਦ ਕੁਮਾਰ ਬਿੰਦੂ ਅਤੇ ਅਰਵਿੰਦਰ ਪੁਰੀ ਪ੍ਰਧਾਨ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਨੇ ਦੱਸਿਆ ਕਿ ਉਹ ਬੀਤੇ ਦਿਨ 31 ਅਗਸਤ ਨੂੰ ਪਿੰਡ ਦੇ ਵਸਨੀਕ ਬਲਜਿੰਦਰ ਸਿੰਘ ਦੇ ਝਗੜੇ ਵਿੱਚ ਪੰਚਾਇਤੀ ਫੈਸਲਾ ਕਰਵਾਉਣ ਲਈ ਮੁੱਲਾਂਪੁਰ ਗਰੀਬਦਾਸ ਥਾਣੇ ਵਿੱਚ ਗਏ ਸਨ| ਥਾਣੇ ਵਿੱਚ ਇੰਚਾਰਜ ਸਤਵਿੰਦਰ ਸਿੰਘ ਏ.ਐਸ.ਆਈ. ਵੱਲੋਂ ਦੋਵੇਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾ ਰਹੀ ਕਿ ਅਚਾਨਕ ਕਾਂਸਟੇਬਲ ਹਰਮਿੰਦਰ ਸਿੰਘ ਉਥੇ ਆਇਆ ਅਤੇ ਪੰਚਾਇਤ ਮੈਂਬਰਾਂ ਨਾਲ ਬਦਸਲੂਕੀ ਕਰਨ ਲੱਗਾ ਅਤੇ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਨਿਕਲਣ ਲਈ ਕਿਹਾ|
ਉਨ੍ਹਾਂ ਦੱਸਿਆ ਕਿ ਕਾਂਸਟੇਬਲ ਹਰਮਿੰਦਰ ਸਿੰਘ ਨੇ ਪੰਚਾਇਤ ਮੈਂਬਰਾਂ ਨਾਲ ਅਜਿਹਾ ਇਸ ਲਈ ਕੀਤਾ ਕਿਉਂਕਿ ਲਗਭਗ ਇੱਕ ਮਹੀਨਾ ਪਹਿਲਾਂ ਹਰਮਿੰਦਰ ਸਿੰਘ ਜੋ ਕਿ ਪਿੰਡ ਮੁੱਲਾਂਪੁਰ ਗਰੀਬਦਾਸ ਹੀ ਰਹਿਣ ਵਾਲਾ ਹੈ, ਨੇ ਪਿੰਡ ਦੇ ਸ਼ਿਵ ਮੰਦਰ (ਖੇੜਾ ਚੌਂਕ) ਦੇ ਨਾਲ ਲਗਦੀ ਪੰਚਾਇਤੀ ਜ਼ਮੀਨ ਉਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ| ਇਨ੍ਹਾਂ ਪੰਚਾਇਤ ਮੈਂਬਰਾਂ ਨੇ ਮੌਕੇ ‘ਤੇ ਜਾ ਕੇ ਉਸ ਵੱਲੋਂ ਕੀਤਾ ਜਾ ਰਿਹਾ ਕਬਜ਼ਾ ਬੰਦ ਕਰਵਾ ਦਿੱਤਾ ਸੀ| ਇਸੇ ਰੰਜ਼ਿਸ਼ ਦੇ ਚਲਦਿਆਂ ਉਕਤ ਕਾਂਸਟੇਬਲ ਨੇ ਉਨ੍ਹਾਂ ਨੂੰ ਥਾਣੇ ਵਿੱਚ ਭੱਦੀ ਸ਼ਬਦਾਵਲੀ ਵਰਤ ਕੇ ਜ਼ਲੀਲ ਕੀਤਾ ਅਤੇ ਥਾਣੇ ਤੋਂ ਬਾਹਰ ਨਿਕਲਣ ਲਈ ਕਿਹਾ|
ਇਸ ਮੌਕੇ ਐਸ.ਐਸ.ਪੀ. ਦਫ਼ਤਰ ਉਕਤ ਪੰਚਾਇਤ ਮੈਂਬਰਾਂ ਦੇ ਨਾਲ ਗਏ ਆਮ ਆਦਮੀ ਪਾਰਟੀ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਲੋਕਤੰਤਰ ਦੀ ਮੁਢਲੀ ਇਕਾਈ ਮੰਨੀ ਜਾਂਦੀ ਪੰਚਾਇਤ ਦੇ ਮੈਂਬਰਾਂ ਨਾਲ ਥਾਣੇ ਵਿੱਚ ਕਿਸੇ ਕਾਂਸਟੇਬਲ ਵੱਲੋਂ ਕੀਤੀ ਜਾਂਦੀ ਬਦਸਲੂਕੀ ਬਹੁਤ ਹੀ ਘਟੀਆ ਹਰਕਤ ਹੈ| ਉਨ੍ਹਾਂ ਕਿਹਾ ਕਿ ਜੇਕਰ ਕਾਂਸਟੇਬਲ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਤਿੰਨ ਦਿਨਾਂ ਦੇ ਅੰਦਰ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਮੁੱਲਾਂਪੁਰ ਗਰੀਬਦਾਸ ਥਾਣੇ ਦਾ ਘਿਰਾਓ ਕੀਤਾ ਜਾਵੇਗਾ ਅਤੇ ਲੋੜ ਪੈਣ ‘ਤੇ ਮਾਨਯੋਗ ਅਦਾਲਤ ਦਾ ਸਹਾਰਾ ਵੀ ਲਿਆ ਜਾਵੇਗਾ|

Leave a Reply

Your email address will not be published. Required fields are marked *