Main Bazar street of Machhlikalan in poor condition

ਮੱਛਲੀਕਲਾਂ ਦੀ ਮੇਨ ਬਾਜਾਰ ਵਾਲੀ ਗਲੀ ਦੀ ਮਾੜੀ ਹਾਲਤ, ਬਿਮਾਰੀਆਂ ਫੈਲਣ ਦਾ ਖਤਰਾ

ਐਸ ਏ ਐਸ ਨਗਰ, 12 ਸਤੰਬਰ : ਨਜਦੀਕੀ ਪੈਂਦੇ ਪਿੰਡ ਮੱਛਲੀ ਕਲਾਂ ਦੀ ਮੇਨ ਬਾਜਾਰ ਵਾਲੀ ਗਲੀ (ਜੋ ਕਿ ਸਰਕਾਰੀ ਸਕੂਲ ਵਾਲੇ ਪਾਸੇ ਪਿੰਡ ਦੀ ਫਿਰਨੀ ਨਾਲ ਆ ਕੇ ਮਿਲਦੀ ਹੈ) ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਨਰਕ ਨਾਲੋਂ ਵੀ ਭੈੜੀ ਹੋਣ ਕਾਰਨ ਲੋਕਾਂ ਨੂੰ ਭਾਰੀ ਮ੍ਹੁਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਲੋਕਾਂ ਦਾ ਕਹਿਣਾ ਹੈ ਕਿ ਇਸ ਗਲੀ ‘ਚੋਂ ਰੋਜਾਨਾ ਹੀ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਪਿੰਡ ਵਾਸੀ ਅਤੇ ਛੋਟੇ ਛੋਟੇ ਬੱਚੇ ਸਕੂਲ ਪੜਨ ਲਈ ਆਉਂਦੇ ਤੇ ਜਾਂਦੇ ਹਨ| ਪਰ ਇਸ ਗਲੀ ਦੀ ਹਾਲਤ ਬਹੁਤ ਜਿਆਦਾ ਮਾੜੀ ਹੋਣ ਕਾਰਨ ਅਕਸਰ ਹੀ ਲੋਕਾਂ ਦੇ ਕਪੜੇ ਗੰਦੇ ਹੋ ਜਾਂਦੇ ਹਨ ਅਤੇ ਕਈ ਵਾਰ ਛੋਟੇ ਛੋਟੇ ਬੱਚੇ ਇੱਥੇ ਖੜ੍ਹੇ ਗੰਦੇ ਪਾਣੀ ਵਿੱਚ ਡਿੱਗ ਕੇ ਸੱਟਾਂ ਖਾ ਬੈਠੇ ਹਨ|
ਅੱਜ ਮੁਹੱਲਾ ਨਿਵਾਸੀਆਂ ਜਿਨ੍ਹਾਂ ਵਿੱਚ ਚੌਧਰੀ ਸ਼ੀਸਪਾਲ ਸਾਬਕਾ ਪੰਚ, ਚੌਧਰੀ ਜੈਪਾਲ ਸਿੰਘ, ਚੌਧਰੀ ਜਗਦੀਸ਼ ਸਿੰਘ, ਨਰਿੰਦਰ ਸਿੰਘ, ਪ੍ਰੀਤਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮੁਹੱਲਾ ਨਿਵਾਸੀਆਂ ਨੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਅਤੇ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੁਹਾਲੀ ਦੇ ਮੈਂਬਰ ਹਰਕੇਸ਼ ਚੰਦ ਸ੍ਹਰਮਾ ਮੱਛਲੀ ਕਲਾਂ ਨੂੰ ਇਸ ਗਲੀ ਦੀ ਮਾੜੀ ਹਾਲਤ ਤੋਂ ਜਾਣੂੰ ਕਰਵਾਇਆ|
ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਗਲੀ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰ ਸਮੇਂ ਹੀ ਇਸ ਗਲੀ ਵਿੱਚ ਪਾਣੀ ਦਾ ਛੱਪੜ ਲੱਗਿਆ ਰਹਿੰਦਾ ਹੈ ਅਤੇ ਖੜ੍ਹੇ ਗੰਦੇ ਪਾਣੀ ਵਿੱਚ ਮੱਛਰ, ਮੱਖੀਆਂ ਆਦਿ ਭਿਣਕਦੇ ਰਹਿੰਦੇ ਹਨ ਅਤੇ ਜੇਕਰ ਥੋੜ੍ਹੀ ਜਿਹੀ ਬਾਰਿਸ਼ ਪੈ ਜਾਵੇ ਤਾਂ ਇਸ ਗਲੀ ਵਿੱਚ ਬਹੁਤ ਜਿਆਦਾ ਪਾਣੀ ਇੱਕਠਾ ਹੋ ਜਾਂਦਾ ਹੈ| ਪਰ ਹੁਣ ਤਾਂ ਬਿਨ੍ਹਾਂ ਬਾਰਿਸ਼ ਤੋਂ ਹੀ ਇਸ ਗਲੀ ਵਿੱਚ ਗੋਡੇ ਗੋਡੇ ਗੰਦਾ ਪਾਣੀ ਖੜ੍ਹਿਆ ਹੈ ਅਤੇ ਜਿਸਦੇ ਵਿੱਚ ਬਹੁਤ ਜਿਆਦਾ ਗੰਦੀ ਚੀਕ ਵੀ ਬਣ ਚੁੱਕੀ ਹੈ|
ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਇਥੇ ਖੜ੍ਹੇ ਗੰਦੇ ਪਾਣੀ ਵਿੱਚ ਫੈਲ ਰਹੇ ਮੱਛਰਾਂ ਕਾਰਨ ਪਿੰਡ ਅੰਦਰ ਡੇਂਗੂ, ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ ਅਤੇ ਜੇਕਰ ਇਹ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਮਿਕਸ ਹੋ ਜਾਂਦਾ ਹੈ ਤਾਂ ਇਥੇ ਕਿਸੇ ਵੀ ਸਮੇਂ ਹੈਜਾ ਜਾਂ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ ਅਤੇ ਮੁਹੱਲਾ ਨਿਵਾਸੀ ਇਸ ਗਲੀ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਐਨੇ ਜਿਆਦਾ ਪ੍ਰ੍ਹੇਸ਼ਾਨ ਹੋ ਚੁੱਕੇ ਹਨ ਇਸ ਖੜ੍ਹੇ ਗੰਦੇ ਪਾਣੀ ਵਿੱਚ ਗੰਦਗੀ ਦੀ ਐਨੀ ਜਿਆਦਾ ਬਦਬੂ ਮਾਰ ਰਹੀ ਹੈ ਕਿ ਮੁਹੱਲਾ ਨਿਵਾਸੀਆਂ ਦਾ ਆਪਣੇ ਘਰਾਂ ਵਿੱਚ ਬੈਠਣਾ ਅਤੇ ਖਾਣਾ ਪੀਣਾ ਵੀ ਔਖਾ ਹੋ ਚੁੱਕਾ ਹੈ| ਇਸ ਸਬੰਧੀ ਪਿੰਡ ਦੇ ਵਸਨੀਕ ਅਤੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ੇ ਕਿਹਾ ਕਿ ਪੰਜਾਬ ਸਰਕਾਰ ਪਿੰਡ ਦੇ ਵਿਕਾਸ ਉੱਤੇ ਲੱਖਾਂ ਰੁਪਏ ਖਰਚ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਪਿੰਡ ਦੀ ਇਸ ਗਲੀ ਦੀ ਤਰਸਯੋਗ ਹਾਲਤ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢਦੀ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਅਭਿਆਨ ਭਾਰਤ ਦਾ ਮੂੰਹ ਚੜਾ ਰਹੀ  ਹੈ|  ਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਹਰ ਰੋਜ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਪਿਛਲੇ ਦੱਸ ਸਾਲਾਂ ਦੇ ਕਾਰਜਕਾਲ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ|  ਸ਼੍ਰੀ ਸ਼ਰਮਾ  ਨੇ
ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡਾਂ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਪਿੰਡਾਂ ਦੀਆਂ ਗਲੀਆਂ ਅਤੇ ਟੁੱਟੀਆਂ ਹੋਈਆਂ ਪੇਂਡੂ ਲਿੰਕ ਸੜਕਾਂ ਵਿਕਾਸ ਦੇ ਦਾਅਵਦਿਆਂ ਦਾ ਮੂੰਹ ਚਿੜ੍ਹਾ ਰਹੀਆਂ ਹਨ| ਉਹਨਾਂ ਕਿਹਾ ਕਿ ਉਹ ਗਲੀ ਦਾ ਮੁੱਦਾ ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਵੀ ਉਠਾਉਣਗੇ| ਉਹਨਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪਿੰਡ ਮੱਛਲੀ ਕਲਾਂ ਦੀ ਉਪਰੋਕਤ ਤਰਸਯੋਗ ਗਲੀ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਕਿਉਂਕਿ ਜੇਕਰ ਪ੍ਰਸ਼ਾਸ਼ਨ ਨੇ ਥੋੜ੍ਹੀ ਬਹੁਤ ਦੇਰੀ ਕੀਤੀ ਤਾਂ ਇੱਥੇ ਕੋਈ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ|

Leave a Reply

Your email address will not be published. Required fields are marked *