Manauli Dera Case, Baba Hawanath Refuted charges of land grab

ਮਨੌਲੀ ਡੇਰਾ ਵਿਵਾਦ ਦੇ ਮਾਮਲੇ ਵਿੱਚ ਆਇਆ ਨਵਾਂ ਮੋੜ
ਬਾਬਾ ਹਵਾਨਾਥ ਨੇ ਜਾਅਲੀ ਪੁੱਤਰ ਬਣ ਕੇ ਜ਼ਮੀਨ ਹਥਿਆਉਣ ਦੇ ਦੋਸ਼ਾਂ ਨੂੰ ਨਕਾਰਿਆ

ਐੱਸ.ਏ.ਐੱਸ. ਨਗਰ, 29 ਸਤੰਬਰ : ਬੀਤੇ ਦਿਨੀਂ ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਪਿੰਡ ਬਾਂਧ ਦੀ ਵਸਨੀਕ ਇੱਕ ਕੈਲਾ ਦੇਵੀ ਨਾਂ ਦੀ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਮਨੌਲੀ ਵਿਖੇ ਸਮਾਧ ਬਾਬਾ ਕ੍ਰਿਪਾਨਾਥ ਵਾਲੀ ਅਕੁਆਇਰ ਹੋਈ ਜ਼ਮੀਨ ਦਾ ਪੈਸਾ ਹਵਾਨਾਥ ਨਾਂ ਦੇ ਵਿਅਕਤੀ ਉਤੇ ਮੁਆਵਜ਼ੇ ਦੀ ਰਾਸ਼ੀ ਮ੍ਰਿਤਕ ਵਿਅਕਤੀ ਓਮ ਪ੍ਰਕਾਸ਼ ਉਰਫ਼ ਓਮਕਾਰ ਨਾਥ ਦਾ ਜਾਅਲੀ ਪੁੱਤਰ ਦਰਸਾ ਕੇ ਹਥਿਆਉਣ ਦੇ ਲਗਾਏ ਦੋਸ਼ਾਂ ਵਾਲੀ ਗੱਲ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਬਾਬਾ ਹਵਾ ਸਿੰਘ ਉਰਫ਼ ਹਵਾਨਾਥ ਅਤੇ ਪਿੰਡ ਮਨੌਲੀ ਦੇ ਮੋਹਤਬਰ ਵਿਅਕਤੀਆਂ ਨੇ ਉਕਤ ਔਰਤ ਅਤੇ ਉਸ ਦੇ ਪਰਿਵਾਰ ਨੂੰ ਹੀ ਗਲਤ ਠਹਿਰਾਇਆ|

ਅੱਜ ਇੱਥੇ ਜ਼ਿਲ੍ਹਾ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਵਾ ਸਿੰਘ ਉਰਫ਼ ਹਵਾਨਾਥ, ਗੁਰਦੇਵ ਸਿੰਘ, ਕ੍ਰਿਸ਼ਨ ਦੇਵ, ਦੀਦਾਰ ਸਿੰਘ ਨੰਬਰਦਾਰ, ਪ੍ਰੇਮ ਸੂਦ, ਅਜਾਇਬ ਸਿੰਘ ਚਿੱਲਾ ਆਦਿ ਨੇ ਦੱਸਿਆ ਕਿ ਪਿੰਡ ਮਨੌਲੀ ਸਥਿਤ ਸਮਾਧ ਵਾਲੀ ਜ਼ਮੀਨ ਸਮਾਧ ਬਾਬਾ ਕ੍ਰਿਪਾਨਾਥ ਦੇ ਨਾਂ ਹੀ ਸੀ| ਬਾਬਾ ਹਵਾਨਾਥ ਉਸ ਸਮਾਧ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ| ਗਮਾਡਾ ਵੱਲੋਂ ਅਕੁਆਇਰ ਹੋਈ ਜ਼ਮੀਨ ਬਾਬਾ ਹਵਾਨਾਥ ਵੱਲੋਂ ਹੀ ਅਕੁਆਇਰ ਕਰਵਾਈ ਜਾਣੀ ਸੀ| ਉਨ੍ਹਾਂ ਦੱਸਿਆ ਕਿ ਇਸ ਗੱਲ ਦਾ ਪੂਰਾ ਪਿੰਡ ਗਵਾਹ ਹੈ ਕਿ ਬਾਬਾ ਹਵਾਨਾਥ ਨੇ ਅਕੁਆਇਰ ਹੋਣ ਉਪਰੰਤ ਮਿਲੇ ਪੈਸੇ ਨਾਲ ਪਿੰਡ ਜ਼ਿਲ੍ਹਾ ਪਟਿਆਲਾ ਦੇ ਕਸਬਾ ਘਨੌਰ ਵਿਖੇ ਲਗਭਗ ਅੱਠ ਏਕੜ ਜ਼ਮੀਨ ਖਰੀਦ ਕੇ ਉਥੇ ਬਕਾਇਦਾ ਡੇਰਾ ਬਣਾਇਆ ਹੈ| ਉਹ ਜ਼ਮੀਨ ਵੀ ਡੇਰੇ ਦੇ ਨਾਮ ਹੀ ਕਰਵਾਈ ਗਈ ਹੈ| ਪਿੰਡ ਨਿਵਾਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਪਿੰਡ ਮਨੌਲੀ ਵਿਖੇ ਸਮਾਧ ਵਾਲੀ ਜ਼ਮੀਨ ਉਨ੍ਹਾਂ ਦੇ ਬਾਬੇ ਦੇ ਤਾਇਆ ਜੀ ਨੇ ਦਾਨ ਵਿੱਚ ਦਿੱਤੀ ਹੋਈ ਸੀ| ਬਾਬਾ ਕ੍ਰਿਪਾਨਾਥ ਤੋਂ ਬਾਅਦ ਓਮਕਾਰ ਨਾਥ ਨਾਂ ਦਾ ਮਹੰਤ ਸਮਾਧ ਦੀ ਸੇਵਾ ਕਰਦਾ ਰਿਹਾ|

ਉਨ੍ਹਾਂ ਦੱਸਿਆ ਕਿ ਨਾਥ ਸੰਪਰਦਾ ਮੁਤਾਬਕ ਇਸ ਸਮਾਧ ਦੀ ਸੇਵਾ ਕਰਨ ਵਾਲਾ ਕੋਈ ਵੀ ਮਹੰਤ ਵਿਆਹ ਨਹੀਂ ਕਰਵਾ ਸਕਦਾ ਅਤੇ ਨਾ ਹੀ ਕਿਸੇ ਔਰਤ ਦਾ ਡੇਰੇ ਨਾਲ ਕੋਈ ਸਬੰਧ ਹੋ ਸਕਦਾ ਹੈ| ਓਮਕਾਰ ਨਾਥ ਨੇ ਆਪਣੇ ਜਿਉਂਦੇ ਜੀਅ ਕਦੇ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਉਸ ਨੇ ਵਿਆਹ ਵੀ ਕਰਵਾਇਆ ਹੋਇਆ| ਉਸ ਨੇ ਆਪਣਾ ਪਰਿਵਾਰ ਡੇਰੇ ਤੋਂ ਬਾਹਰ ਹਰਿਆਣਾ ਵਿਖੇ ਰੱਖਿਆ ਹੋਇਆ ਸੀ| ਉਸ ਦੇ ਵਿਆਹ ਅਤੇ ਪਰਿਵਾਰ ਬਾਰੇ ਪਿੰਡ ਨਿਵਾਸੀਆਂ ਨੂੰ ਉਸ ਦੀ ਮੌਤ ਤੋਂ ਬਾਅਦ ਪਤਾ ਲੱਗਾ ਜਦੋਂ ਪਰਿਵਾਰ ਉਥੇ ਆਉਣਾ ਸ਼ੁਰੂ ਹੋ ਗਿਆ| ਉਨ੍ਹਾਂ ਕਿਹਾ ਕਿ ਬਾਬਾ ਹਵਾਨਾਥ ਉਸ ਸਮੇਂ ਓਮਕਾਰ ਨਾਥ ਦਾ ਚੇਲਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਹੁਣ ਚੇਲਾ ਹਵਾਨਾਥ ਦਾ ਹੀ ਸਹੀ ਹੱਕਦਾਰ ਹੈ| ਹਵਾਨਾਥ ਨੇ ਕਿਸੇ ਨਾਲ ਕੋਈ ਠੱਗੀ ਨਹੀਂ ਕੀਤੀ ਅਤੇ ਨਾ ਹੀ ਕੋਈ ਸਮਾਧ ਦੇ ਪੈਸੇ ਦਾ ਦੁਰਉਪਯੋਗ ਕੀਤਾ ਹੈ| ਬਲਕਿ ਓਮਕਾਰ ਨਾਥ ਆਪਣੇ ਜਿਉਂਦੇ ਜੀਅ ਪਿੰਡ ਮਨੌਲੀ ਦੀ ਪੰਚਾਇਤ ਅਤੇ ਪਿੰਡ ਨਿਵਾਸੀਆਂ ਨੂੰ ਧੋਖੇ ਵਿੱਚ ਰੱਖਦਾ ਰਿਹਾ|

ਉਨ੍ਹਾਂ ਕਿਹਾ ਕਿ ਓਮਕਾਰ ਨਾਥ ਦੀ ਪਤਨੀ ਕੈਲਾ ਦੇਵੀ ਅਤੇ ਉਸ ਦੇ ਪਰਿਵਾਰ ਵੱਲੋਂ ਗਮਾਡਾ ਅਧਿਕਾਰੀਆਂ, ਪੁਲਿਸ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਬਾਬਾ ਹਵਾਨਾਥ ਖਿਲਾਫ਼ ਭੇਜੀਆਂ ਗਈਆਂ ਸ਼ਿਕਾਇਤਾਂ ਬਿਲਕੁਲ ਝੂਠੀਆਂ ਅਤੇ ਗੁੰਮਰਾਹਕੁਨ ਹੈ| ਕੇਲਾ ਦੇਵੀ ਤੇ ਉਸ ਦੇ ਪਰਿਵਾਰ ਦਾ ਸਮਾਧ ਦੀ ਜ਼ਮੀਨ ਦੇ ਪੈਸੇ ਨਾਲ ਕੋਈ ਸਬੰਧ ਨਹੀਂ ਹੈ| ਉਨ੍ਹਾਂ ਕਿਹਾ ਕਿ ਪੂਰਾ ਪਿੰਡ ਮਨੌਲੀ ਬਾਬਾ ਹਵਾਨਾਥ ਦੀ ਹਮਾਇਤ ਕਰਦਾ ਹੈ ਅਤੇ ਕੇਲਾ ਦੇਵੀ ਅਤੇ ਉਸ ਪਰਿਵਾਰ ਖਿਲਾਫ਼ ਉਨ੍ਹਾਂ ਬਾਬਾ ਹਵਾਨਾਥ ਦੀ ਕੀਤੀ ਬਦਨਾਮੀ ਸਬੰਧੀ ਕੇਸ ਦਰਜ ਕਰਵਾਉਣ ਦੀ ਮੰਗ ਕਰਦਾ ਹੈ| ਉਨ੍ਹਾਂ ਕਿਹਾ ਕਿ ਕੇਲਾ ਦੇਵੀ ਖਿਲਾਫ਼ ਉਹ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦੇਣਗੇ|

Leave a Reply

Your email address will not be published. Required fields are marked *