MC has to run city bus service in the city for safe public transport

ਸਾਡੇ ਸ਼ਹਿਰ ਨੂੰ ਭਾਵੇਂ ਇੱਕ ਵਿਸ਼ਵਪੱਧਰੀ ਅਤਿਆਧੁਨਿਕ ਸ਼ਹਿਰ ਦਾ ਦਰਜ਼ਾ ਹਾਸਿਲ ਹੈ ਅਤੇ ਆਪਣੇ ਦਾਅਵਿਆਂ ਵਿੱਚ ਪੰਜਾਬ ਸਰਕਾਰ ਵਲੋਂ ਸਾਡੇ ਸ਼ਹਿਰ ਦੇ ਵਸਨੀਕਾਂ ਨੂੰ ਅਤਿ ਆਧੁਨਿਕ ਨਾਗਰਿਕ ਸਹੂਲਤਾਂ ਮੁਹਈਆ ਕਰਵਾਉਣ ਦੀ ਗੱਲ ਪ੍ਰਚਾਰੀ ਜਾਂਦੀ ਹੈ ਪਰੰਤੂ ਸ਼ਹਿਰ ਵਾਸੀਆਂ ਨੂੰ ਇਹਨਾਂ ਸਹੂਲਤਾਂ ਦੇ ਨਾਮ ਤੇ ਸਿਰਫ ਫੋਕੇ ਵਾਇਦੇ ਹੀ ਹਾਸਿਲ ਹੁੰਦੇ ਹਨ ਅਤੇ ਉਹਨਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤਕ ਮੁਹਈਆ ਨਹੀਂ ਹਨ| ਸ਼ਹਿਰ ਦੀ ਉਸਾਰੀ ਨੂੰ ਭਾਵੇਂ ਚਾਰ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਇਸ ਦੌਰਾਨ ਭਾਵੇਂ ਸਾਡੇ ਸ਼ਹਿਰ ਦਾ ਕਾਫੀ ਪਸਾਰ ਵੀ ਹੋਇਆ ਹੈ ਪਰੰਤੂ ਸਾਡੀ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਸ਼ਹਿਰ ਦੇ ਵਾਧੇ ਦੀ ਇਸ ਰਫਤਾਰ ਦੇ ਅਨੁਸਾਰ ਸ਼ਹਿਰਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਵਿੱਚ ਬੁਰੀ ਤਰ੍ਹਾਂ ਪਿਛੜਿਆ ਨਜਰ ਆਉਂਦਾ ਹੈ|
ਸ਼ਹਿਰ ਦੇ ਲਗਾਤਾਰ ਹੁੰਦੇ ਪਸਾਰ ਨਾਲ ਲੋਕਾਂ ਨੂੰ ਸ਼ਹਿਰ ਦੀ ਇੱਕ ਥਾਂ ਤੋਂ ਦੂਜੀ ਥਾਂ ਤਕ ਜਾਣ ਵਾਸਤੇ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਕੋਈ ਸਹੂਲੀਅਤ ਮੁਹਈਆ ਨਹੀਂ ਕਰਵਾਈ ਜਾਂਦੀ ਅਤੇ ਸ਼ਹਿਰ ਵਾਸੀਆਂ ਦੀ ਇਸ ਅਹਿਮ ਲੋੜ ਬਾਰੇ ਸਰਕਾਰ ਵਲੋਂ ਜਿਹੜੀ ਕਾਰਵਾਈ ਆਰੰਭ ਹੋਈ ਸੀ ਉਹ ਵੀ ਵਿਚਾਲੇ ਹੀ ਰੁਕੀ ਹੋਈ ਹੈ| ਸ਼ਹਿਰ ਵਿੱਚ ਸਰਕਾਰੀ ਪੱਧਰ ਤੇ ਜਨਤਕ ਆਵਾਜਾਈ ਦੇ ਨਾਮ ਤੇ ਸੀ ਟੀ ਯੂ. ਦੀਆਂ ਬਸਾਂ ਜਰੂਰ ਚਲਦੀਆਂ ਹਨ ਪਰੰਤੂ ਉਹ ਸ਼ਹਿਰ ਵਾਸੀਆਂ ਦੀ ਲੋੜ ਅਨੁਸਾਰ ਪੂਰੀਆਂ ਨਹੀਂ ਪੈਂਦੀਆਂ| ਸ਼ਹਿਰ ਵਿੱਚ ਸੁਰਖਿਅਤ ਜਨਤਕ ਆਵਜਾਈ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਜਿੱਥੇ ਆਮ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ ਉੱਥੇ ਸ਼ਹਿਰ ਵਿੱਚ ਅਣਅਧਿਕਾਰਤ ਤੌਰ ਤੇ ਚਲਣ ਵਾਲੇ ਆਟੋ ਰਿਕਸ਼ਿਆਂ ਵਾਲਿਆਂ ਦੀ ਚਾਂਦੀ ਹੈ ਜਿਹੜੇ ਸਵਾਰੀ ਸਿਸਟਮ ਦੇ ਹਿਸਾਬ ਨਾਲ ਲੋਕਾਂ ਤੋਂ ਕਿਰਾਇਆ ਵਸੂਲ ਕਰਦੇ ਹਨ|
ਸ਼ਹਿਰ ਵਿੱਚ ਸੁਰਖਿਅਤ ਜਨਤਕ ਆਵਾਜਾਈ ਦਾ ਪ੍ਰਬੰਧ ਨਾ ਹੋਣ ਕਾਰਨ ਆਮ ਲੋਕ ਸ਼ਹਿਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤਕ ਜਾਣ ਲਈ ਕਾਫੀ ਹੱਦ ਤਕ ਇਹਨਾਂ ਆਟੋ ਰਿਕਸ਼ਿਆਂ ਤੇ ਹੀ ਨਿਰਭਰ ਕਰਦੇ ਹਨ ਜਦੋਂਕਿ ਇਹਨਾਂ ਆਟੋ ਰਿਕਸ਼ਿਆਂ ਤੇ ਕੀਤੀ ਜਾਣ ਵਾਲੀ ਇਹ ਸਵਾਰੀ ਸ਼ਹਿਰ ਵਾਸੀਆਂ ਦੀ ਸੁਰਖਿਆ ਲਈ ਗੰਭੀਰ ਖਤਰਾ ਬਣ ਚੁੱਕੀ ਹੈ| ਇਹਨਾਂ ਆਟੋ ਰਿਕਸ਼ਿਆਂ ਦੇ ਚਾਲਕਾਂ ਤੇ ਪ੍ਰਸ਼ਾਸ਼ਨ ਦਾ ਕੋਈ ਕੰਟਰੋਲ ਵੀ ਨਹੀਂ ਹੈ ਅਤੇ ਇਹਨਾਂ ਦੇ ਚਾਲਕਾਂ ਵਲੋਂ ਆਪਣੇ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਖੁੱਲ ਕੇ ਉਲੰਘਣਾ ਕੀਤੀ ਜਾਂਦੀ ਹੈ| ਇੱਕ ਦੂਜੇ ਤੋਂ ਅੱਗੇ ਵੱਧ ਕੇ ਸਵਾਰੀਆਂ ਚੁੱਕਣ ਦੀ ਕੋਸ਼ਿਸ਼ ਵਿੱਚ ਇਹ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਜਿਸ ਕਾਰਨ ਇਹਨਾਂ ਆਟੋ ਰਿਕਸ਼ਿਆਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਜਾਨ ਹਰ ਵੇਲੇ ਖਤਰੇ ਵਿੱਚ ਹੀ ਰਹਿੰਦੀ ਹੈ| ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦਾ ਸਭ ਤੋਂ ਵੱਡਾ ਕਾਰਨ ਸ਼ਹਿਰ ਵਿੱਚ ਸਵਾਰੀ ਸਿਸਟਮ ਦੇ ਆਧਾਰ ਤੇ ਚਲਾਏ ਜਾਂਦੇ ਇਹਨਾਂ ਆਟੋ ਰਿਕਸ਼ਿਆਂ ਨੂੰ ਹੀ ਮੰਨਿਆ ਜਾਂਦਾ ਹੈ|
ਆਮ ਲੋਕਾਂ ਦੀ ਜਨਤਕ ਆਵਾਜਾਈ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਜਰੂਰੀ ਹੈ ਇੱਥੇ ਸ਼ਹਿਰ ਦੀ ਆਪਣੀ ਲੋਕਲ ਬਸ ਸੇਵਾ ਚਾਲੂ ਜਾਵੇ ਜਿਹੜੀ ਨਾ ਸਿਰਫ ਸ਼ਹਿਰ ਦੇ ਇੱਕ ਹਿੱਸੇ ਤੋਂ ਲੋਕਾਂ ਨੂੰ ਆਵਜਾਈ ਦੀ ਸੁਵਿਧਾ ਮੁਹਈਆ ਕਰਵਾਏ ਬਲਕਿ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਸ਼ਹਿਰ ਤਕ ਆਉਣ ਜਾਣ ਲਾਂਈ ਸੁਰਖਿਆਤ ਆਵਾਜਾਈ ਦੀ ਸੁਵਿਧਾ ਦੇਵੇ| ਇਸ ਸੰਬੰਧੀ ਤਿੰਨ ਸਾਲ ਪਹਿਲਾਂ ਨਗਰ ਨਿਗਮ ਵਲੋਂ ਸ਼ਹਿਰ ਦੀ ਆਪਣੀ ਵੱਖਰੀ ਸਿਟੀ ਬਸ ਸਰਵਿਸ ਆਰੰਭ ਕਰਨ ਦਾ ਪ੍ਰੋਜੈਕਟ ਵੀ ਬਣਾਇਆ ਗਿਆ ਸੀ ਜਿਸਦੇ ਤਹਿਤ ਸਥਾਨਕ ਨਗਰ ਨਿਗਮ ਵਲੋਂ ਖਰੜ, ਕੁਰਾਲੀ, ਜੀਰਕਪੁਰ ਅਤੇ ਡੇਰਾਬਸੀ ਦੀਆਂ ਕੌਂਸਲਾਂ ਦੇ ਨਾਲ ਮਿਲ ਕੇ ਇਹ ਬਸ ਸਰਵਿਸ ਚਲਾਈ ਜਾਣੀ ਸੀ, ਪਰੰਤੂ ਬਾਅਦ ਵਿੱਚ ਇਹ ਪ੍ਰੋਜੈਕਟ ਵਿਚਾਲੇ ਹੀ ਲਮਕ ਗਿਆ ਅਤੇ ਹੁਣ ਤਕ ਇਹ ਲਮਕ ਹੀ ਰਿਹਾ ਹੈ|
ਆਮ ਲੋਕਾਂ ਨੂੰ ਸੁਰਖਿਅਤ ਆਵਾਜਾਈ ਦੀ ਸੁਵਿਧਾ ਦੇਣਾ ਪ੍ਰਸ਼ਾਸ਼ਨ ਦੀ ਜਿੰੰਮੇਵਾਰੀ ਹੈ ਅਤੇ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਨਿਗਮ ਵੱਲੋਂ ਸ਼ਹਿਰ ਵਿੱਚ ਚਲਾਈ ਜਾਣ ਵਾਲੀ ਸਿਟੀ ਬਸ ਸਰਵਿਸ ਦੇ ਪ੍ਰੋਜੈਕਟ ਨੂੰ ਚਾਲੂ ਕਰਵਾਉਣ| ਸ਼ਹਿਰ ਦੀ ਬਦਹਾਲ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਅਤੇ ਲੋਕਾਂ ਨੂੰ ਸੁਰਖਿਅਤ ਜਨਤਕ ਆਵਾਜਾਈ ਦੀ ਸਹੂਲੀਅਤ ਮੁਹਈਆ ਕਰਵਾਉਣ ਲਈ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ ਅਤੇ ਨਗਰ ਨਿਗਮ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *