MLA Sidhu gave a grant of Rs. Five Lakh to village Raipur Kalan from Ambika’s quota

ਵਿਧਾਇਕ ਸਿੱਧੂ ਨੇ ਪਿੰਡ ਰਾਏਪੁਰ ਕਲਾਂ ਨੂੰ ਦਿੱਤੀ ਰਾਜ-ਸਭਾ ਮੈਂਬਰ ਅੰਬਿਕਾ ਸੋਨੀ ਦੇ ਕੋਟੇ ਵਿੱਚੋਂ 5 ਲੱਖ ਦੀ ਗ੍ਰਾਂਟ
ਐਸ ਏ ਐਸ ਨਗਰ, 22 ਅਕਤੂਬਰ : ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਨਜਦੀਕੀ ਪਿੰਡ ਰਾਏਪੁਰ ਕਲਾਂ ਵਿਖੇ ਰਾਜ-ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ਦੇ ਅਖ਼ਤਿਆਰੀ ਕੋਟੇ ਵਿਚੋਂ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵਿਕਾਸ ਕਾਰਜਾਂ ਲਈ ਸਰਪੰਚ ਨੂੰ ਸੌਂਪਿਆ|

ਇਸ ਮੌਕੇ ਬੋਲਦਿਆਂ ਵਿਧਾਇਕ ਸਿੱਧੂ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਨੇ ਆਪਣੇ ਸਾਢੇ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਦੇ ਪਿੰਡਾਂ ਨੂੰ ਵਿਕਾਸ ਲਈ ਗ੍ਰਾਂਟਾਂ ਦੇਣ ਵਿਚ ਭਾਰੀ ਪੱਖਪਾਤ ਕੀਤਾ ਹੈ, ਜਿਸ ਕਾਰਨ ਇਨ੍ਹਾਂ ਪਿੰਡਾਂ ਦਾ ਵਿਕਾਸ ਕਾਫੀ ਪੱਛੜਿਆ ਹੈ| ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਲੋਕ ਭਾਰੀ ਸੰਤਾਪ ਭੋਗ ਰਹੇ ਹਨ, ਪਰ ਪੰਜਾਬ ਸਰਕਾਰ ਇਸ ਪਾਸੇ ਬਿਲਕੁਲ ਧਿਆਨ ਨਹੀਂ ਦੇ ਰਹੀ| ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪਿੰਡਾਂ ਦੀਆਂ ਲਿੰਕ ਸੜਕਾਂ ਇਕ ਮਹੀਨੇ ਵਿਚ ਬਣਾਉਣ ਦੇ ਦਾਅਵੇ ਕੀਤੇ ਸਨ, ਪਰ ਅੱਜ ਲਗਭਗ ਅੱਠ ਮਹੀਨਿਆਂ ਮਗਰੋਂ ਵੀ ਇਨ੍ਹਾਂ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ|

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਪੂਰੇ ਪੰਜਾਬ ਵਿਚ ਹਜ਼ਾਰਾਂ ਕਿਲੋਮੀਟਰ ਨਵੀਆਂ ਸੜਕਾਂ ਬਣਾਈਆਂ ਸਨ, ਪਰ ਅਕਾਲੀ ਆਪਣੇ 10 ਸਾਲਾਂ ਦੇ ਦੋ ਕਾਰਜ ਕਾਲਾਂ ਦੌਰਾਨ ਇਨ੍ਹਾਂ ਸੜਕਾਂ ਦੀ ਮੁਰੰਮਤ ਤੱਕ ਵੀ ਨਹੀਂ ਕਰਵਾ ਸਕੇ| ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਕਾਰਨ ਬੁਰੀ ਤਰ੍ਹਾਂ ਤੰਗ ਆ ਚੁਕੇ ਹਨ ਅਤੇ ਜਲਦ ਤੋਂ ਜਲਦ ਇਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾਈ ਬੈਠੇ ਹਨ|

ਵਿਧਾਇਕ ਸਿੱਧੂ ਨੇ ਐਲਾਨ ਕੀਤਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਹਲਕਾ ਮੁਹਾਲੀ ਦੇ ਸਮੁੱਚੇ ਪਿੰਡਾਂ ਨੂੰ ਮੁਹਾਲੀ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਪਿੰਡਾਂ ਦੀ ਵਿਕਾਸ ਪੱਖੋਂ ਪੂਰੀ ਤਰ੍ਹਾਂ ਨੁਹਾਰ ਬਦਲ ਦਿੱਤੀ ਜਾਵੇਗੀ|
ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ|
ਇਸ ਮੌਕੇ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਚੌ. ਹਰੀਪਾਲ ਚੋਲਟਾ ਕਲਾਂ, ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਗੁਰਚਰਨ ਸਿੰਘ ਭੰਵਰਾ, ਸਰਪੰਚ ਰਾਕੇਸ਼ ਕੁਮਾਰ ਮਿੰਟੂ, ਹਰਭਜਨ ਸਿੰਘ, ਕਾਕਾ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਨੌਜਵਾਨ ਆਗੂ ਸੁਖਪ੍ਰੀਤ ਸਿੰਘ ਜੋਨੀ, ਮਹਿੰਦਰ ਸਿੰਘ, ਰਣਧੀਰ ਸਿੰਘ (ਦੋਵੇਂ ਸਾਬਕਾ ਸਰਪੰਚ), ਸਤਾਰ ਖਾਨ, ਇਸਮਾਇਲ ਖਾਨ, ਸੰਜੀਵ ਵਰਮਾ, ਗੁਰਮੀਤ ਸਿੰਘ, ਕੁਲਬੀਰ ਸਿੰਘ, ਸੁਖਦੇਵ ਸਿੰਘ ਫੌਜੀ, ਅਮਰਜੀਤ ਸਿੰਘ, ਸ਼ੇਰ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ ਚੌਕੀਦਾਰ, ਨਰਿੰਦਰਪਾਲ ਸੂਦ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *