MLA Sidhu inaugurated the work of interior roads in Balongi

ਐਸ ਏ ਐਸ ਨਗਰ, 26 ਅਕਤੂਬਰ : ਹਲਕਾ ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਅੱਜ ਨੇੜੇ ਪੈਂਦੇ ਪਿੰਡ ਬਲੌਂਗੀ ਵਿਖੇ ਗਿਆਰਾਂ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ-ਨਾਲੀਆਂ ਦੇ ਨਿਰਮਾਣ ਕਾਰਜਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਅਤੇ ਬਕਾਇਦਾ ਕਹੀ ਦਾ ਟੱਕ ਲਗਾ ਕੇ ਨਿਰਮਾਣ-ਕਾਰਜ ਸ਼ੁਰੂ ਕਰਵਾਇਆ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ (ਮੱਛਲੀ ਕਲਾਂ) ਨੇ ਦੱਸਿਆ ਕਿ ਉਪਰੋਕਤ ਗ੍ਰਾਂਟ ਦੀ ਰਾਸ਼ੀ ਰਾਜ ਸਭਾ ਮੈਂਬਰ ਸ੍ਰੀਮਤੀ ਅੰਬਿਕਾ ਸੋਨੀ ਦੇ ਅਖਤਿਆਰੀ ਕੋਟੇ ਵਿੱਚੋਂ ਦਿੱਤੀ ਗਈ ਸੀ | ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗਿਧਾਇਕ ਸ੍ਰੀ ਸਿੱਧੂ ਵੱਲੋਂ ਆਪਣੇ-ਪੱਲਿਓ ਲੱਖਾਂ ਰੁਪਏ ਦੀ ਲਾਗਤ ਨਾਲ ਗਲੀਆਂ ਬਣਵਾ ਚੁੱਕੇ ਹਨ |

ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਨਿਰਮਾਣ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਿਆਰੀ ਕਿਸਮ ਦੇ ਮਟੀਰੀਅਲ ਦਾ ਇਸਤੇਮਾਲ ਕਰਕੇ ਵਧੀਆ ਤਰੀਕੇ ਨਾਲ ਕੰਮ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਉਹ ਸਭ ਤੋਂ ਪਹਿਲਾਂ ਪਿੰਡ ਬਲੌਂਗੀ ਨੂੰ ਮੁਹਾਲੀ ਨਗਰ ਨਿਗਮ ਅਧੀਨ ਲਿਆਉਣਗੇ ਤਾਂ ਕਿ ਇੱਥੇ ਵਿਕਾਸ ਦੀ ਕੋਈ ਕਮੀ ਨਾ ਰਹਿ ਸਕੇ ਅਤੇ ਇੱਥੋਂ ਦੇ ਲੋਕਾਂ ਨੂੰ ਮੋਹਾਲੀ ਸ਼ਹਿਰ ਵਰਗੀਆਂ ਸਹੂਲਤਾਂ ਮਿਲ ਸਕਣ |

ਉਨ੍ਹਾਂ ਇਸ ਮੌਕੇ ਅਕਾਲੀ ਭਾਜਪਾ ਸਰਕਾਰ ਤੇ ਪਿੰਡ ਬਲੌਂਗੀ ਦੇ ਲੋਕਾਂ ਨੂੰ ਧੋਖਾ ਦੇਣ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਅਕਾਲੀ ਸਰਕਾਰ ਨੇ ਬਲੌਂਗੀ ਨੂੰ ਮੋਹਾਲੀ ਨਗਰ ਨਿਗਮ ਅੰਦਰ ਸ਼ਾਮਿਲ ਨਾ ਕਰਕੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ ਅਤੇ ਇੱਥੋਂ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ | ਇਸ ਮੌਕੇ ਹੋਰਨਾ ਤੋਂ ਇਲਾਵਾ ਜੋਗਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ ਜੀਤੀ ਸਿੱਧੂ, ਮਨਜੀਤ ਸਿੰਘ ਪ੍ਰਧਾਨ, ਬੀ.ਸੀ. ਪ੍ਰੇਮੀ, ਕੁਲਦੀਪ ਸਿੰਘ ਬਿੱਟੂ ਪੰਚ, ਨੰਬਰਦਾਰ ਤਰਲੋਚਨ ਸਿੰਘ ਮਾਨ, ਕੁਲਵਿੰਦਰ ਸ਼ਰਮਾ ਕਾਲਾ, ਦਵਿੰਦਰ ਸਿੰਘ ਬੱਬੂ, ਪ੍ਰਿਤਪਾਲ ਸਿੰਘ, ਕੁਲਵੰਤ ਰਾਣਾ, ਮਮਤਾ ਜੈਨ, ਪਾਲ ਸਿੰਘ ਸਾਬਕਾ ਪੰਚ, ਰਾਮ ਨਾਥ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲੌਂਗੀ ਨਿਵਾਸੀ ਮੌਜੂਦ ਸਨ |

Leave a Reply

Your email address will not be published. Required fields are marked *