MLA Sidhu met dengu patients in Mohali

ਹਲਕਾ ਵਿਧਾਇਕ ਸਿੱਧੂ ਮਿਲੇ ਡੇਂਗੂ ਪੀੜਤਾਂ ਨੂੰ

ਐਸ ਏ ਐਸ ਨਗਰ, 21 ਸਤੰਬਰ : ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਵੱਡੇ ਪੱਧਰ ਤੇ ਪਾਈਆਂ ਜਾ ਰਹੀਆਂ ਖਾਮੀਆਂ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ |
ਸ੍ਰੀ ਸਿੱਧੂ ਨੇ ਅੱਜ ਵਿਸ਼ੇਸ਼ ਤੌਰ ਤੇ ਸਿਵਲ ਹਸਪਤਾਲ ਮੁਹਾਲੀ ਦਾ ਦੌਰਾ ਕਰਨ ਲਈ ਪਹੁੰਚੇ ਅਤੇ ਉਨ੍ਹਾਂ ਇਸ ਮੌਕੇ ਇੱਥੇ ਆਪਣਾ ਇਲਾਜ ਕਰਵਾਉਣ ਅਤੇ ਦਾਖਲ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ | ਇਸ ਮੌਕੇ ਸ੍ਰੀ ਸਿੱਧੂ ਨੇ ਡੇਂਗੂ ਨਾਲ ਪੀੜਤ ਮਰੀਜਾਂ ਨੂੰ ਵੀ ਮਿਲੇ ਅਤੇ ਹਸਪਤਾਲ ਪ੍ਰਸਾਸ਼ਨ ਨੂੰ ਡੇਂਗੂ ਦੇ ਮਰੀਜਾਂ ਦੇ ਇਲਾਜ਼ ਵੱਲ ਵਿਸ਼ੇਸ਼ ਧਿਆਨ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ|
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਰਗੇ ਵੱਡੇ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਈ.ਐਮ.ਓਜ਼ (ਐਮਰਜੈਂਸੀ ਮੈਡੀਕਲ ਆਫਿਸਰ) ਦੀ ਵੱਡੀ ਘਾਟ ਪਾਈ ਜਾ ਰਹੀ ਹੈ ਜਿਸ ਕਾਰਨ ਮਰੀਜਾਂ ਨੂੰ ਆਪਣਾ ਇਲਾਜ ਕਰਵਾਉਣ ਵਿੱਚ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ | ਉਨ੍ਹਾਂ ਹਸਪਤਾਲ ਦੀ ਸਫਾਈ ਵਿਵਸਥਾ ਤੇ ਵੀ ਚਿੰਤਾ ਜਾਹਰ ਕੀਤੀ ਅਤੇ ਇਸ ਵਿੱਚ ਲੋੜੀਂਦੇ ਸੁਧਾਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ|
ਸ੍ਰੀ ਸਿੱਧੂ ਨੇ ਆਪਣੇ ਦੌਰੇ ਸਮੇਂ ਹਸਪਤਾਲ  ਦੇ ਅਧਿਕਾਰੀਆਂ ਨੂੰ ਵਾਰਡਾਂ ਅੰਦਰ ਬੰਦ ਪਏ ਏ.ਸੀ. ਅਤੇ ਪੱਖੇ ਚਾਲੂ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਉਹ ਅਗਲੇ ਦੋ-ਤਿੰਨ ਦਿਨਾਂ ਮਗਰੋਂ ਫੇਰ ਦੁਬਾਰਾ ਹਸਪਤਾਲ ਦਾ ਦੌਰਾ ਕਰਨਗੇ ਅਤੇ ਉੱਥੇ ਪਾਈਆਂ ਜਾ ਰਹੀਆਂ ਕਮੀਆਂ ਬਾਰੇ ਦੁਬਾਰਾ ਸਮਿੱਖੀਆ ਕਰਨਗੇ|
ਉਨ੍ਹਾਂ ਇਸ ਮੌਕੇ ਹਸਪਤਾਲ ਦੀ ਦੁਰਦਸ਼ਾ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਜੇਕਰ ਮੁਹਾਲੀ ਵਰਗੇ ਸ਼ਹਿਰ ਦੇ ਸਿਲਵ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਅਤੇ ਹੋਰ ਖਾਮੀਆਂ ਪਾਈਆਂ ਜਾ ਰਹੀਆਂ ਹਨ ਤਾਂ ਛੋਟੇ ਕਸਬੇ ਦੇ ਹਸਪਤਾਲਾਂ ਦਾ ਕੀ ਹਾਲ ਹੋਵੇਗਾ|
ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਕਿਸੇ ਵੀ ਸਰਕਾਰ ਦਾ ਸਭ ਤੋਂ ਪਹਿਲਾਂ ਫਰਜ਼ ਹੁੰਦਾ ਹੈ ਪਰ ਅਕਾਲੀ ਸਰਕਾਰ ਆਪਣੀ ਇਸ ਜਿੰਮੇਵਾਰੀ ਨੂੰ ਪੂਰਾ ਕਰਨ ਵਿੱਚ ਬੁਰ੍ਹੀ ਤਰਾਂ ਨਾਕਾਮ ਰਹੀ ਹੈ | ਇਸ ਵਿਧਾਇਕ ਸ੍ਰੀ ਸਿੱਧੂ ਵੱਲੋਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਫਲ ਵੀ ਵੰਡੇ ਅਤੇ ਉਨ੍ਹਾਂ ਦੀ ਸਿਹਤਯਾਬੀ ਲਈ ਕਾਮਨਾ ਵੀ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਸਥਾਨਕ ਕੌਂਸਲਰ ਨਰੈਣ ਸਿੰਘ ਸਿੱਧੂ, ਗੁਰਸਾਹਿਬ ਸਿੰਘ, ਸੂਬਾ ਸਕੱਤਰ ਹਰਕੇਸ਼ ਚੰਦ ਸ਼ਰਮਾ, ਮੀਤ ਪ੍ਰਧਾਨ ਪ੍ਰਦੀਪ ਪੱਪੀ,  ਕੌਂਸਲਰ ਨਛੱਤਰ ਸਿੰਘ, ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਗੁਰਚਰਨ ਸਿੰਘ ਭਮਰਾ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਇੰਦਰਜੀਤ ਸਿੰਘ ਖੋਖਰ, ਜਗੀਰ ਸਿੰਘ ਲਾਲੀਆ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਮਨਮੋਹਨ ਸਿੰਘ ਬੈਦਵਾਣ ਵੀ ਹਾਜਰ ਸਨ |

Leave a Reply

Your email address will not be published. Required fields are marked *