Mohali Police recovered half kg Heroin from notorious smuggler

ਮੁਹਾਲੀ ਪੁਲੀਸ ਨੇ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਬਾਰੇ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ : ਭੁੱਲਰ
ਤਸਕਰ ਬਲਰਾਜ ਸਿੰਘ ਅੱਧਾ ਕਿਲੋ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

ਐਸ.ਏ.ਐਸ.ਨਗਰ, 29 ਅਗਸਤ : ਮੁਹਾਲੀ ਪੁਲੀਸ ਨੇ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਵਾਲੇ ਇੱਕ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ|
ਇਸ ਸਬੰਧੀ ਇੱਕ ਪੱਤਰਕਾਰ ਸੰਮੇਲਨ ਵਿੱਚ ਜਾਣਕਾਰੀ ਦਿੰਦਿਆਂ ਐਸ ਐਸ ਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਤਸਕਰ ਬਲਰਾਜ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਹੁਣ ਤੱਕ 60 ਕਿਲੋ ਦੇ ਕਰੀਬ ਹੈਰੋਇਨ ਮਗਵਾ ਚੁੱਕਾ ਹੈ| ਇਸ ਮੌਕੇ ਐਸ.ਪੀ. (ਡੀ) ਸ੍ਰੀ ਜੀ.ਐਸ. ਗਰੇਵਾਲ, ਇੰਸ: ਗੁਰਚਰਨ ਸਿੰਘ ਅਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੁਹਾਲੀ ਦੀ ਨਿਗਰਾਣੀ ਹੇਠ ਇੰਸਪੈਕਟਰ ਸੁਖਬੀਰ ਸਿੰਘ ਅਤੇ ਥਾਣੇਦਾਰ ਹਰਮਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਮੋਰਿੰਡਾ ਰੋਡ ਕੁਰਾਲੀ ਵਿਖੇ ਗਸ਼ਤ ਤੇ ਸਨ ਤਾਂ ਇੱਕ ਗੁਪਤ ਸੂਚਨਾ ਮਿਲੀ ਕਿ ਬਲਰਾਜ ਸਿੰਘ ਵਾਸੀ ਪਿੰਡ ਨੌਸ਼ਹਿਰਾ ਢਾਲਾ ਜ਼ਿਲ੍ਹਾ ਤਰਨ ਤਾਰਨ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ ਅਤੇ ਇਸ ਵਿਰੁੱਧ ਹੈਰੋਇਨ ਦੀ ਸਮੱਗਲਿੰਗ ਦੇ ਦੋਸਾਂ ਤਹਿਤ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਇਹ ਭਗੌੜਾ ਹੈ, ਕੁਰਾਲੀ ਵਿਖੇ ਕਿਸੇ ਗ੍ਰਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਿਹਾ ਹੈ|
ਇਤਲਾਹ ਦੇ ਆਧਾਰ ਤੇ ਬਲਰਾਜ ਸਿੰਘ ਵਿਰੁੱਧ ਐਨ.ਡੀ.ਪੀ.ਐਸ.ਐਕਟ ਦੀ ਧਾਰਾ 21,61,85 ਅਧੀਨ ਥਾਣਾ ਕੁਰਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਬਲਰਾਜ ਸਿੰਘ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ|
ਐਸ ਐਸ ਪੀ ਨੇ ਦੱਸਿਆ ਕਿ ਬਲਰਾਜ ਸਿੰਘ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਬਲਰਾਜ ਸਿੰਘ ਸਾਲ 2011 ਵਿੱਚ ਇਹ ਆਪਣੇ ਸਾਥੀ ਚਮਕੌਰ ਸਿੰਘ ਵਾਸੀ ਪਿੰਡ ਭੂਸੇ, ਜਿਲ੍ਹਾ ਤਰਨ ਤਾਰਨ ਨਾਲ ਮਿਲ ਕੇ ਹੈਰੋਇਨ ਦਾ ਧੰਦਾ ਕਰਨ ਲੱਗ ਪਿਆ ਸੀ ਅਤੇ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਸਭ ਤੋਂ ਪਹਿਲਾਂ 5 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ| ਫਿਰ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ 12 ਕਿਲੋ ਹੈਰੋਇਨ ਦੀ ਖੇਪ ਮੰਗਵਾਈ ਸੀ ਅਤੇ ਅੰਮ੍ਰਿਤਸਰ ਪੁਲੀਸ ਕੋਲ ਫੜੇ ਜਾਣ ਤੇ ਇਹਨਾਂ ਵਿਰੁੱਧ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੋ ਗਿਆ ਸੀ| ਇਸ ਤੋਂ ਂਿJਲਾਵਾ ਬਲਰਾਜ ਖਿਲਾਫ ਆਮ ਜੁਰਮਾਂ ਤਹਿਤ ਵੀ ਮੁਕੱਦਮੇ ਦਰਜ ਹਨ| ਜਿਨ੍ਹਾਂ ਵਿੱਚ ਉਹ ਅੰਮ੍ਰਿਤਸਰ ਅਤੇ ਕਪੂਰਥਲਾ ਵਿਖੇ ਜੇਲ੍ਹਾਂ ਵਿੱਚ ਬੰਦ ਰਹਿ ਚੁੱਕਾ ਹੈ|
ਐਸ ਐਸ ਪੀ ਨੇ ਦੱਸਿਆ ਕਿ 2015 ਵਿੱਚ ਬਲਰਾਜ ਸਿੰਘ ਜੇਲ ਵਿਚੋਂ ਜਮਾਨਤ ਤੇ ਬਾਹਰ ਆਇਆ ਸੀ ਅਤੇ ਇਸ ਨੇ ਆਪਣੇ ਸਾਥੀਆਂ ਰਣਵੀਰ ਸਿੰਘ ਉਰਫ ਭੋਲਾ ਵਾਸੀ ਨੌਸ਼ਹਿਰਾ ਢਾਲਾ ਜਿਲ੍ਹਾ ਤਰਨ ਤਾਰਨ ਅਤੇ ਬਾਉ ਵਾਸੀ ਦਾਉਕੇ ਜਿਲ੍ਹਾ ਅੰਮ੍ਰਿਤਸਰ ਨਾਲ ਮਿਲ ਕੇ ਦੁਬਾਰਾ ਹੈਰੋਇਨ ਦਾ ਧੰਦਾ ਸੁਰੂ ਕਰ ਦਿੱਤਾ| ਇੱਕ ਬੀ.ਐਸ.ਐਫ. ਦੇ ਜਵਾਨ, ਜਿਸ ਦੀ ਡਿਊਟੀ ਜਲਾਲਾਬਾਦ ਬਾਰਡਰ ਤੇ ਸੀ, ਨਾਲ ਸੈਟਿੰਗ ਕਰਕੇ ਇਨ੍ਹਾਂ ਨੇ ਜੂਨ 2015 ਵਿੱਚ 40 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ| ਫਿਰ 3/4 ਦਿਨਾਂ ਬਾਅਦ ਬਲਰਾਜ ਸਿੰਘ ਆਪਣੇ ਸਾਥੀ ਰਣਵੀਰ ਸਿੰਘ ਉਰਫ ਭੋਲਾ ਅਤੇ ਬਾਉ ਵਾਸੀ ਦਾਉਕੇ ਨਾਲ ਦੁਬਾਰਾ ਜਲਾਲਾਬਾਦ ਵਿਖੇ ਬਾਰਡਰ ਤੇ ਹੈਰੋਇਨ ਦੀ ਖੇਪ ਲੈਣ ਲਈ ਗਿਆ ਸੀ, ਜਿਥੇ ਰਣਵੀਰ ਸਿੰਘ ਉਰਫ ਭੋਲਾ, ਬਾਉ ਅਤੇ ਬੀ.ਐਸ.ਐਫ. ਦਾ ਜਵਾਨ ਜਲਾਲਾਬਾਦ ਪੁਲੀਸ ਕੋਲ ਫੜੇ ਗਏ ਸਨ ਅਤੇ ਬਲਰਾਜ ਸਿੰਘ ਮੌਕੇ ਤੋਂ ਭੱਜ ਗਿਆ ਸੀ| ਇਹਨਾਂ ਸਾਰਿਆ ਵਿਰੁੱਧ ਥਾਣਾ ਜਲਾਲਾਬਾਦ ਵਿਖੇ ਮੁਕਦਮਾ ਦਰਜ ਹੋਇਆ ਸੀ| ਬਲਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਲਈ 40 ਕਿਲੋ ਹੈਰੋਇਨ ਦੀ ਖੇਪ ਵਿਚੋਂ ਕੁੱਝ ਹੈਰੋਇਨ ਵੇਚ ਦਿੱਤੀ ਗਈ ਸੀ ਅਤੇ 12 ਕਿਲੋ ਹੈਰੋਇਨ ਦੀ ਖੇਪ ਇਹਨਾਂ ਕੋਲੋਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਵੱਲੋਂ ਫੜੀ ਗਈ ਸੀ, ਜਿਸ ਕਰਕੇ ਬਲਰਾਜ ਸਿੰਘ ਅਤੇ ਇਸ ਦੇ ਇੱਕ ਹੋਰ ਸਾਥੀ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਮੁਕੱਦਮਾ ਦਰਜ ਹੋਇਆ ਸੀ| ਉਸ ਸਮੇਂ ਵੀ ਬਲਰਾਜ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ| ਬਲਰਾਜ ਸਿੰਘ ਥਾਣਾ ਜਲਾਲਾਬਾਦ ਅਤੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਜ ਮੁਕੱਦਮਿਆਂ ਵਿੱਚ ਭਗੌੜਾ ਚਲਿਆ ਆ ਰਿਹਾ ਹੈ|
ਐਸ ਐਸ ਪੀ ਨੇ ਦੱਸਿਆ ਕਿ ਬਲਰਾਜ ਸਿੰਘ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਨੇ ਹੈਰੋਇਨ ਦੀ ਖੇਪ ਦੇ ਪੈਸਿਆ ਨਾਲ ਰੋਪੜ ਵਿਖੇ ਸਾਲ 2015 ਵਿੱਚ ਆਪਣੀ ਘਰਵਾਲੀ ਸੁਖਵਰਿੰਦਰ ਕੌਰ (ਜਿਸ ਨਾਲ ਇਹ ਲੀਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਹੈ), ਦੇ ਨਾਮ ਤੇ ਸਾਢੇ 27 ਲੱਖ ਰੁਪਏ ਵਿੱਚ ਕੋਠੀ ਖਰੀਦੀ ਸੀ ਅਤੇ ਰੋਪੜ ਵਿਖੇ ਇਹ ਮਨਦੀਪ ਸਿੰਘ ਵਾਸੀ ਪਿੰਡ ਤਿੰਮੋਵਾਲ ਜਿਲ੍ਹਾ ਅੰਮ੍ਰਿਤਸਰ ਦੇ ਜਾਅਲੀ ਨਾਮ ਨਾਲ ਰਹਿ ਰਿਹਾ ਸੀ| ਬਲਰਾਜ ਸਿੰਘ ਨੂੰ 28 ਅਗਸਤ ਨੂੰ ਰੂਪਨਗਰ ਅਦਾਲਤ ਵਿਖੇ ਪੇਸ਼ ਕੀਤਾ ਗਿਆ ਸੀ, ਜੋ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *