Muslims of Mohali area demanded land for Maszid

ਮੁਹਾਲੀ ਦੇ ਆਸਪਾਸ ਰਹਿੰਦੇ ਮੁਸਲਮਾਨਾਂ ਨੇ ਕੀਤੀ ਮਸਜਿਦ ਲਈ ਜ਼ਮੀਨ ਦੀ ਮੰਗ
2011 ਤੋਂ ਕੋਠੇ ਦੀ ਛੱਤ ਉਪਰ ਪੜ੍ਹ ਰਹੇ ਹਨ ਨਮਾਜ਼

ਐੱਸਏਐੱਸ ਨਗਰ, August 19 (Kuldeep Singh) ਮੁਹਾਲੀ ਸ਼ਹਿਰ ਦੇ ਨਾਲ ਲਗਦੇ ਇਲਾਕਿਆਂ ਵਿਚ ਮੁਸਲਮਾਨਾਂ ਦੀ ਵੱਧਦੀ ਜਾ ਰਹੀ ਗਿਣਤੀ ਕਾਰਨ ਇਥੇ ਨਮਾਜ਼ ਅਦਾ ਕਰਨ ਲਈ ਮਸਜਿਦਾਂ ਦੀ ਸਮੱਸਿਆ ਪੈਦਾ ਹੁੰਦੀ ਜਾ ਰਹੀ ਹੈ| ਮੋਹਾਲੀ ਸ਼ਹਿਰ ਅੰਦਰ ਕੋਈ ਵੀ ਅਜਿਹੀ ਮਸਜਿਦ ਨਹੀਂ ਹੈ ਜਿਥੇ 200 ਤੋਂ ਜ਼ਿਆਦਾ ਨਮਾਜ਼ੀ ਆਰਾਮ ਨਾਲ ਨਮਾਜ਼ ਅਦਾ ਕਰ ਸਕਣ| ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਅਦਾ ਕਰਨ ਵੇਲੇ ਮਸਜਿਦਾਂ ਦੀ ਘਾ ਕੁੱਝ ਜ਼ਿਆਦਾ ਹੀ ਰੜਨ ਲੱਗ ਪੈਂਦੀ ਹੈ| ਹਾਲਾਂਕਿ ਮੋਹਾਲੀ ਦੇ ਸ਼ਾਹੀਮਾਜਰਾ, ਸੈਕਟਰ-69 ਅਤੇ ਪਿੰਡ ਬਲੌਂਗੀ ਵਿਖੇ ਛੋਟੀਆਂ-ਛੋਟੀਆਂ ਮਸਜਿਦਾਂ ਮੌਜੂਦ ਹਨ ਪਰ ਵੱਡੇ ਇਕੱਠ ਵਿਚ ਜੁੰਮੇ ਅਤੇ ਈਦ ਦੀ ਨਮਾਜ਼ ਅਦਾ ਕਰਨ ਲਈ ਕੋਈ ਵੱਡੀ ਮਸਜਿਦ ਨਹੀਂ ਹੈ| ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਜ਼ਿਆਦਾਤਰ ਲੋਕ ਖਰੜ ਜਾਂ ਚੰਡੀਗੜ੍ਹ ਦੇ ਸੈਕਟਰ-20 ਨੂੰ ਦੌੜਦੇ ਹਨ| ਇਸ ਮਾਮਲੇ ਵਿਚ ਮੋਹਾਲੀ ਤੋਂ ਖਰੜ ਤਕ ਪੈਂਦੇ ਸਾਰੇ ਪਿੰਡਾਂ ਵਿਚ ਇਕ ਵੀ ਮਸਜਿਦ ਨਹੀਂ ਹੈ ਜਿਥੇ ਨਮਾਜ਼ ਅਦਾ ਕੀਤੀ ਜਾਂਦੀ ਹੋਵੇ| ਅੱਜ ਇਥੇ ਮੁਸਲਿਮ ਵੈੱਲਫ਼ੇਅਰ ਸੋਸਾਇਟੀ, ਮੋਹਾਲੀ ਦੀ ਅਹਿਮ ਮੀਟਿੰਗ ਹੋਈ ਜਿਸ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਿਸ ਤਰ੍ਹਾਂ ਸਾਰੀਆਂ ਕਾਲੋਨੀਆਂ ਵਿਚ ਗੁਰਦੁਆਰਾ ਸਾਹਿਬਾਨ, ਮੰਦਿਰ ਅਤੇ ਹੋਰ ਧਾਰਮਿਕ ਸਥਾਨਾਂ ਲਈ ਜਗ੍ਹਾ ਰਾਖਵੀਂ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਮਸਜਿਦ ਲਈ ਵੀ ਜਗ੍ਹਾ ਨਿਸ਼ਚਿਤ ਕੀਤੀ ਜਾਵੇ| ਮੁਸਲਿਮ ਵੈੱਲਫ਼ੇਅਰ ਸੋਸਾਇਟੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੋਹਾਲੀ ਤੇ ਖਰੜ ਦੇ ਦਰਮਿਆਨ ਪੈਂਦੇ ਮੁੰਡੀ ਖਰੜ, ਸਨੀਇਨਕਲੇਵ ਜਾਂ ਦੇਸੂਮਾਜਰਾ ਵਿਖੇ ਮਸਜਿਦ ਬਣਾਉਣ ਲਈ ਜਗ੍ਹਾ ਦਿਤੀ ਜਾਵੇ| ਸੋਸਾਇਟੀ ਦੇ ਪ੍ਰਧਾਨ ਮੁਹੰਮਦ ਸ਼ਹਿਜ਼ਾਦ ਤੇ ਹੋਰ ਅਹੁਦੇਦਾਰਾਂ ਮੁਹੰਮਦ ਫ਼ਿਰੋਜ਼, ਇਰਫ਼ਾਨ, ਇਰਸ਼ਾਦ ਅਲੀ, ਮੁਹੰਮਦ ਰਾਸ਼ਿਦ, ਅਨਜ਼ਾਰ ਅਲੀ, ਮੁਹੰਮਦ ਆਲਮ, ਮੁਹੰਮਦ ਸ਼ਾਹਿਦ, ਮੁਹੰਮਦ ਆਮਿਰ ਤੇ ਹੋਰਨਾਂ ਨੇ ਦੱਸਿਆ ਕਿ ਉਹ  2011 ਤੋਂ ਮੁੰਡੀ ਖਰੜ ਵਿਖੇ ਮੁਹੰਮਦ ਫ਼ਿਰੋਜ਼ ਦੇ ਘਰ ਦੀ ਛੱਤ ਉਪਰ ਨਮਾਜ਼ ਅਦਾ ਕਰਦੇ ਆ ਰਹੇ ਹਨ| ਉਨ੍ਹਾਂ ਨੇ ਅਕਾਲੀ ਦਲ, ਕਾਂਗਰਸ ਤੇ ਹੋਰ ਸਾਰੀਆਂ ਪਾਰਟੀਆਂ ਦੇ ਸੀਨੀਅਰ ਲੀਡਰਾਂ ਨੂੰ ਵੀ ਮਸਜਿਦ ਲਈ ਜ਼ਮੀਨ ਦੇਣ ਦੀਆਂ ਅਪੀਲਾਂ ਕੀਤੀਆਂ ਹਨ ਪਰ ਕਿਸੇ ਵੀ ਪਾਰਟੀ ਨੇ ਲਾਰਿਆਂ ਤੋਂ ਇਲਾਵਾ ਕੁੱਝ ਨਹੀਂ ਦਿਤਾ| ਇਹੀ ਨਹੀਂ, ਇਸ ਇਲਾਕੇ ਦੇ ਮੁਸਲਮਾਨ ਇਕੱਠੇ ਹੋ ਕੇ ਮਸ਼ਹੂਰ ਪ੍ਰਾਪਰਟੀ ਡੀਲਰ ਜਰਨੈਲ ਸਿੰਘ ਬਾਜਵਾ ਨੂੰ ਵੀ ਮਿਲ ਚੁੱਕੇ ਹਨ| ਬਾਜਵਾ ਨੇ ਸਨੀਇਨਕਲੇਵ ਵਿਚ ਕਈ ਵਾਰ ਸਸਤੀ ਜ਼ਮੀਨ ਦੇਣ ਦਾ ਵਾਅਦਾ ਜ਼ਰੂਰ ਕੀਤਾ ਹੈ ਪਰ ਉਸ ਨੂੰ ਹਾਲੇ ਤਕ ਪੂਰਾ ਨਹੀਂ ਕੀਤਾ ਗਿਆ|
ਪੰਜਾਬ ਵਕਫ਼ ਬੋਰਡ ਨਾਲ ਵੀ ਹੋ ਚੁੱਕੀ ਹੈ ਗੱਲਬਾਤ : ਪੰਜਾਬ ਵਿਚ ਮੁਸਲਮਾਨਾਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਦੀ ਰਾਖੀ ਕਰਨ ਦਾ ਦਾਅਵਾ ਕਰਦੇ ਪੰਜਾਬ ਸਰਕਾਰ ਵਲੋਂ ਗਠਤ ਕੀਤੇ ਪੰਜਾਬ ਵਕਫ਼ ਬੋਰਡ ਕੋਲ ਵੀ ਮੁਸਲਮਾਨ ਇਕੱਠੇ ਹੋ ਕੇ ਫ਼ਰਿਆਦ ਕਰ ਚੁੱਕੇ ਹਨ| ਮੋਹਾਲੀ ਅਤੇ ਆਸਪਾਸ ਦੇ ਖੇਤਰਾਂ ਵਿਚ ਵਕਫ਼ ਬੋਰਡ ਦੀਆਂ ਅਣਗਿਣਤ ਜ਼ਮੀਨਾਂ ਨਾਜਾਇਜ਼ ਕਬਜ਼ਿਆਂ ਦਾ ਸ਼ਿਕਾਰ ਹੋ ਚੁੱਕੀਆਂ ਹਨ| ਕੇਂਦਰ ਸਰਕਾਰ ਨੇ ਵਕਫ਼ ਬੋਰਡਾਂ ਨੂੰ ਇਹ ਅਧਿਕਾਰ ਵੀ ਦਿਤੇ ਹਨ ਕਿ ਉਹ ਕਬਜ਼ੇ ਵਾਲੀਆਂ ਜ਼ਮੀਨਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਛੁਡਵਾ ਸਕਦਾ ਹੈ ਪਰ ਪੰਜਾਬ ਵਕਫ਼ ਬੋਰਡ ਅਜਿਹਾ ਕਰਨ ਵਿਚ ਵੀ ਅਸਫ਼ਲ ਰਿਹਾ ਹੈ| ਵਕਫ਼ ਬੋਰਡ ਨੇ ਬਹੁਤ ਹੀ ਘੱਟ ਕਿਰਾਏ ਉਪਰ ਜ਼ਮੀਨਾਂ ਦਿਤੀਆਂ ਹੋਈਆਂ ਹਨ ਜਦੋਂਕਿ ਜਿਹੜੇ ਲੋਕਾਂ ਦੀ ਭਲਾਈ ਲਈ ਇਸ ਬੋਰਡ ਦਾ ਗਠਨ ਕੀਤਾ ਗਿਆ ਸੀ, ਉਹ ਲੋਕ ਮਸਜਿਦਾਂ ਅਤੇ ਕਬਰਿਸਤਾਨਾਂ ਲਈ ਜ਼ਮੀਨ ਲੱਭ ਰਹੇ ਹਨ| ਮੁਹੰਮਦ ਸ਼ਹਿਜ਼ਾਦ ਦਾ ਕਹਿਣਾ ਹੈ ਕਿ ਪੰਜਾਬ ਵਕਫ਼ ਬੋਰਡ ਦਾ ਫ਼ਰਜ਼ ਬਣਦਾ ਹੈ ਕਿ ਉਹ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਲਈ ਮਸਜਿਦ ਵਾਸਤੇ ਜ਼ਮੀਨ ਦਾ ਪ੍ਰਬੰਧ ਕਰਕੇ ਦੇਵੇ|

Converted from Joy to Unicode

Leave a Reply

Your email address will not be published. Required fields are marked *