MVM President demanded action against police employees for forcibly moving handicapped person from Distt. Administrative Complex

ਪੁਲੀਸ ਵੱਲੋਂ ਅੰਗਹੀਣ ਵਿਅਕਤੀ ਨੂੰ ਜਬਰੀ ਤੋਰਨ ਦਾ ਮਾਮਲਾ ਭਖਿਆ
ਵਿਨੀਤ ਵਰਮਾ ਨੇ ਐਸ.ਐਸ.ਪੀ ਨੂੰ ਪੱਤਰ ਲਿਖ ਕੇ ਜਿੰਮੇਵਾਰ ਪੁਲੀਸ ਕਰਮਚਾਰੀਆਂ ਵਿਰੁੱਧ ਕਾਰਵਾਈ ਮੰਗੀ

ਐਸ.ਏ.ਐਸ.ਨਗਰ, 12 ਅਕਤੂਬਰ : 4 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸੈਕਟਰ-76 ਵਿਖੇ ਇਕ ਸਮਾਗਮ ਦੌਰਾਨ ਪੁਲੀਸ ਵੱਲੋਂ ਇੱਕ ਅੰਗਹੀਣ ਵਿਅਕਤੀ ਨੂੰ ਪਲਾਸਟਿਕ ਦੇ ਸਟੂਲਾਂ ਸਹਾਰੇ ਹੀ ਤੁਰਨ ਲਈ ਮਜਬੂਰ ਕਰਨ ਦਾ ਮਾਮਲਾ ਭੱਖ ਗਿਆ ਹੈ|
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਨੇ ਐਸ ਐਸ ਪੀ ਮੁਹਾਲੀ ਨੂੰ ਇੱਕ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਅੰਗਹੀਣ ਵਿਅਕਤੀ ਨੂੰ ਪਲਾਸਟਿਕ ਦੇ ਸਟੂਲਾਂ ਨਾਲ ਤੁਰਨ ਲਈ ਮਜਬੂਰ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਆਪਣੇ ਪੱਤਰ ਵਿਚ ਵਿਨੀਤ ਵਰਮਾ ਨੇ ਲਿਖਿਆ ਹੈ ਕਿ 4 ਅਕਤੂਬਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸੈਕਟਰ-76 ਵਿਚ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੇ ਚੇਅਰਮੈਨ ਕ੍ਰਿਸ਼ਨ ਪਾਲ ਸ਼ਰਮਾ ਦੇ ਅਹੁਦਾ ਸੰਭਾਲਣ ਸਬੰਧੀ ਸਮਾਗਮ ਕੀਤਾ ਜਾ ਰਿਹਾ ਸੀ, ਇਸ ਸਮਾਗਮ ਕਾਰਨ ਉਥੇ ਪੁਲੀਸ ਵੱਲੋਂ ਸਖਤ ਸੁਰਖਿਆ ਦੇ ਪ੍ਰਬੰਧ ਸਨ| ਇਸੇ ਦੌਰਾਨ ਇਸ ਕੰਪਲੈਕਸ ਵਿਚ ਕੰਮ ਕਰਨ ਲਈ ਜਾਂਦੇ ਹੋਏ ਇੱਕ ਅੰਗਹੀਣ ਵਿਅਕਤੀ ਦੇ ਵਾਹਨ ਨੂੰ ਪੁਲੀਸ ਨੇ ਬਹੁਤ ਦੂਰ ਹੀ ਰੋਕ ਲਿਆ ਅਤੇ ਅਣਮਨੁੱਖੀ ਅਤੇ ਸ਼ਰਮਨਾਕ ਵਤੀਰਾ ਅਪਨਾਉਦਿਆਂ ਉਸ ਅੰਗਹੀਣ ਵਿਅਕਤੀ ਨੂੰ ਆਪਣਾ ਵਾਹਨ ਉਥੇ ਹੀ ਖੜਾ ਕਰਕੇ ਜਾਣ ਲਈ ਮਜਬੂਰ ਕੀਤਾ| ਇਹ ਅੰਗਹੀਣ ਵਿਅਕਤੀ ਜਿਸ ਦੀਆਂ ਦੋਵੇਂ ਲੱਤਾਂ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀਆਂ, ਪਲਾਸਟਿਕ ਦੇ ਦੋ ਸਟੂਲਾਂ ਸਹਾਰੇ ਕਰੀਬ ਅੱਧਾ ਕਿਲੋਮੀਟਰ ਤੁਰ ਕੇ ਆਪਣੀ ਕੰਮ ਵਾਲੀ ਥਾਂ ਤੱਕ ਗਿਆ| ਪੁਲੀਸ ਨੇ ਉਸ ਮੌਕੇ ਵੀ ਆਈ ਪੀ ਅਤੇ ਪਹੁੰਚ ਵਾਲੇ ਹੋਰ ਲੋਕਾਂ ਦੇ ਵਾਹਨ ਅੰਦਰ ਜਾਣ ਦਿਤੇ ਪਰ ਇਸ ਅੰਗਹੀਣ ਨੂੰ ਆਪਣਾ ਵਾਹਨ ਅੰਦਰ ਨਹੀਂ ਲੈ ਕੇ ਜਾਣ ਦਿਤਾ ਗਿਆ|

ਸ਼੍ਰੀ ਵਿਨੀਤ ਵਰਮਾ ਨੇ ਇਸ ਪੱਤਰ ਵਿਚ ਮੰਗ ਕੀਤੀ ਹੈ ਕਿ ਉਸ ਦਿਨ ਅਣ ਮਨੁੱਖੀ ਵਤੀਰਾ ਅਪਨਾਉਣ ਵਾਲੇ ਪੁਲੀਸ ਅਫਸਰਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਇਸ ਸ਼ਰਮਨਾਕ ਕਾਰੇ ਲਈ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ| ਇਸ ਦੌਰਾਨ ਵਿਨੀਤ ਵਰਮਾ ਨੇ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੇ ਚੇਅਰਮੈਨ ਕ੍ਰਿਸ਼ਨ ਪਾਲ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਪੀੜਤ ਵਿਅਕਤੀ ਨੂੰ ਵੀਲ੍ਹ ਚੇਅਰ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਸ ਨੂੰ ਆਵਾਜਾਈ ਦੀ ਸਹੂਲਤ ਮਿਲ ਸਕੇ|

Leave a Reply

Your email address will not be published. Required fields are marked *