”Natwarlal” took away Rs. 25thousand from Katani Dhaba in Filmy Style

22cctv-copy

ਠੱਗ ਨੇ ਫਿਲਮੀ ਸਟਾਈਲ ਵਿੱਚ ਕਟਾਨੀ ਢਾਬੇ ਦੇ ਮਾਲਿਕ ਨੂੰ ਲਗਾਇਆ 25 ਹਜਾਰ ਦਾ ਚੂਨਾ
ਐਸ ਏ ਐਸ ਨਗਰ : ਸਥਾਨਕ ਫੇਜ਼-3ਬੀ2 ਵਿੱਚ ਸਥਿਤ ਕਟਾਨੀ ਢਾਬੇ ਵਿੱਚ ਆਏ ਇੱਕ ਠੱਗ ਨੇ ਫਿਲਮੀ ਸਟਾਈਲ ਨਾਲ ਮਾਲਿਕ ਨੂੰ 25 ਹਜਾਰ ਰੁਪਏ ਦਾ ਚੂਨਾ ਲਗਾ ਦਿੱਤਾ|  ਬਹਿਰਹਾਲ ਇਸ ਠੱਗ ਦੀ ਤਸਵੀਰ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ| ਦੁਕਾਨ ਦੇ ਮਾਲਿਕ ਸ੍ਰ. ਹਰਵਿੰਦਰ ਸਿੰਘ (ਬਿੰਦਰ) ਨੇ ਇਸ ਘਟਨਾ ਦੀ ਸੂਚਨਾ ਮਟੌਰ ਪੁਲੀਸ ਨੂੰ ਦਿੱਤੀ| ਇਸ ਮਾਮਲੇ ਵਿੱਚ ਪੁਲੀਸ ਨੇ ਇਸ ਨੌਸ਼ਰਬਾਜ਼ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ|
ਖਾਣਾ ਪੈਕ ਕਰਵਾਉਣ ਆਇਆ ਸੀ ਠੱਗ : ਦੁਕਾਨ ਵਿੱਚ ਕੰਮ ਕਰਦੇ ਸੰਦੀਪ ਨੇ ਦੱਸਿਆ ਕਿ ਸਵੇਰੇ ਕਰੀਬ 10.30 ਵਜੇ ਉਨ੍ਹਾਂ ਦੀ ਦੁਕਾਨ ਤੇ ਇੱਕ ਵਿਅਕਤੀ ਆਇਆ ਜਿਸਨੇ 31 ਥਾਲੀ ਖਾਣਾ ਪੈਕ ਕਰਨ ਲਈ ਕਿਹਾ ਅਤੇ ਨਾਲ ਹੀ ਮਿਲਕ ਬਦਾਮ ਦੀਆਂ ਬੋਤਲਾਂ ਵੀ ਪੈਕ ਕਰਨ ਦਾ ਆਰਡਰ ਵੀ ਦੇ ਦਿੱਤਾ| ਇਸ ਵਿਅਕਤੀ ਦਾ 4900 ਰੁਪਏ ਦਾ ਬਿੱਲ ਬਣਿਆ|
ਇੱਥੋਂ ਹੀ ਇਸ ਨੌਸ਼ਰਬਾਜ਼ ਨੇ ਆਪਣੀ ਕਾਰੀਗਰੀ ਦਿਖਾਉਣੀ ਸ਼ੁਰੂ ਕੀਤੀ| ਉਹ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਦੇਣ ਲੱਗਾ ਪਰ ਅਚਾਨਕ ਉਸਨੂੰ ਯਾਦ ਆਇਆ ਕਿ ਉਹ ਪੈਸੇ ਤਾਂ ਘਰ ਹੀ ਭੁੱਲ ਆਇਆ ਹੈ| ਉਸਨੇ ਕਰੈਡਿਟ ਕਾਰਡ ਸਵੈਪ ਕਰਨ ਦੀ ਗੱਲ ਕੀਤੀ|  ਸੰਦੀਪ ਨੇ ਕਰੈਡਿਟ ਕਾਰਡ ਦੇਣ ਲਈ ਕਿਹਾ ਪਰ ਇਸ ਵਿਅਕਤੀ ਨੇ ਗੱਲ ਪਲਟਦਿਆਂ ਕਿਹਾ ਕਿ ਦੁਕਾਨ ਵਿੱਚ ਚੇਂਜ ਦੀ ਲੋੜ ਪੈਂਦੀ ਹੋਵੇਗੀ| ਉਸ ਕੋਲ 50 – 50  ਦੇ ਚੇਂਜ ਦੀਆਂ 15 ਕਾਪੀਆਂ ਪਈਆਂ ਹਨ|
ਇਹ ਨੌਸ਼ਰਬਾਜ਼ ਇੰਨੇ ਕਾਨਫੀਡੈਂਸ ਨਾਲ ਗੱਲ ਕਰ ਰਿਹਾ ਸੀ ਕਿ ਦੁਕਾਨ ਦਾ ਮਾਲਿਕ ਉਸਦੀਆਂ ਗੱਲਾਂ ਵਿੱਚ ਆ ਗਿਆ ਕਿਉਂਕਿ ਦੁਕਾਨਦਾਰਾਂ ਨੂੰ ਚੇਂਜ ਦੀ ਲੋੜ ਤਾਂ ਪੈਂਦੀ ਹੀ ਹੈ| ਮਾਲਿਕ ਨੇ 25 ਹਜਾਰ ਰੁਪਏ ਦੀ ਚੇਂਜ ਮੰਗ ਲਈ| ਇਸ ਵਿਅਕਤੀ ਨੇ ਮਾਲਿਕ ਨੂੰ ਇੱਕ ਲੜਕਾ ਨਾਲ ਭੇਜਣ ਲਈ ਕਿਹਾ| ਮਾਲਿਕ ਨੇ 25 ਹਜਾਰ ਰੁਪਏ ਦੇ ਕੇ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਲੜਕੇ ਨੂੰ ਇਸ ਵਿਅਕਤੀ ਨਾਲ ਭੇਜ ਦਿੱਤਾ|
ਪੁਲੀਸ ਵਲੋਂ ਕੀਤੀ ਪੁੱਛਗਿਛ  ਦੌਰਾਨ ਦੁਕਾਨ ਦੇ ਕਰਮਚਾਰੀ ਨੇ ਦੱਸਿਆ ਕਿ ਉਹ ਜਿਵੇਂ ਹੀ ਉਸ ਵਿਅਕਤੀ ਨਾਲ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਵਿਅਕਤੀ ਨੇ ਇੱਕ ਆਟੋ ਵਾਲੇ ਨੂੰ ਬੁਲਾਇਆ|  ਰਾਹ ਵਿੱਚ ਉਸ ਵਿਅਕਤੀ ਨੇ ਕਿਸੇ ਨੂੰ ਫੋਨ ਕੀਤਾ ਅਤੇ ਕਿਹਾ ਕਿ ਚੇਂਜ ਕੱਢ ਕੇ ਰੱਖਣ ਉਹ ਲੈਣ ਲਈ ਆ ਰਹੇ ਹਨ| ਉਸ ਵਿਅਕਤੀ ਨੇ ਫੇਜ਼ 3ਬੀ2 ਦੀ ਇੱਕ ਕੋਠੀ  ਦੇ ਸਾਹਮਣੇ ਆਟੋ ਰੁਕਵਾਇਆ ਅਤੇ ਉਸ ਨੂੰ ਕੋਠੀ ਦੀ ਉੱਪਰਲੀ ਮੰਜਿਲ ਤੇ ਜਾ ਕੇ ਉਸਦੀ ਪਤਨੀ ਕੋਲੋਂ 25 ਹਜਾਰ ਦੀ ਚੇਂਜ ਲਿਆਉਣ ਲਈ ਕਿਹਾ ਅਤੇ ਉਸ ਕੋਲੋਂ 25 ਹਜਾਰ ਰੁਪਏ ਲੈ ਲਏ| ਜਦੋਂ ਉਸਨੇ ਉੱਪਰਲੀ ਮੰਜਿਲ ਤੇ ਜਾ ਕੇ ਦਰਵਾਜਾ ਖੜਕਾਇਆ ਤਾਂ ਇੱਕ ਔਰਤ ਬਾਹਰ ਆਈ ਜਿਸ ਤੋਂ ਉਸਨੇ 25 ਹਜਾਰ ਦੀ ਚੇਂਜ ਮੰਗੀ ਪਰ ਉਸ ਔਰਤ ਨੇ ਕਿਹਾ ਕਿ ਉਹ ਕਿਸੇ ਵਿਅਕਤੀ ਨੂੰ ਨਹੀਂ ਜਾਣਦੀ ਜਿਸਦੇ ਪੈਸੇ ਦੇਣੇ ਹਨ| ਇਹ ਕਰਮਚਾਰੀ ਵਾਪਿਸ ਹੇਠਾਂ ਭੱਜਿਆ ਤਾਂ ਨਾ ਤਾਂ ਉੱਥੇ ਆਟੋ ਸੀ ਅਤੇ ਨਾ ਹੀ ਉਹ ਵਿਅਕਤੀ|
ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *