Need to Support Teachers in India

ਅਧਿਆਪਕ ਨੂੰ ਵੀ ਸੰਭਲਣ ਦੀ ਲੋੜ

ਗੁਰੂ ਗੋਬਿੰਦ ਦੋਨੇਂ ਖੜੇ, ਕਿਸ ਕੇ ਲਾਗੂ ਪਾਊ|
ਬਲਿਹਾਰੀ ਗੁਰ ਆਪਣੇ, ਜਿਸ ਗੋਬਿੰਦ ਦੀਆ ਮਿਲਾਏ|

ਸੰਤ ਕਬੀਰ ਜੀ ਅਨੁਸਾਰ ਗੁਰੂ ਦਾ ਰੁਤਬਾ ਭਗਵਾਨ ਨਾਲੋਂ ਵੱਡਾ ਹੈ| ਜਿਸ ਨੇ ਸਾਨੂੰ ਦੁਨੀਆ ਵਿਚ ਵਿਚਰਨ ਲਈ ਜੀਵਨ ਜਾਂਚ ਸਿਖਾਈ| ਅਧਿਆਪਕ ਉਹ ਦੀਵਾ ਹੈ ਜੋ ਆਪਣੇ ਆਪ ਨੂੰ ਬਾਲ ਕੇ ਵਿਦਿਆਰਥੀਆਂ ਦਾ ਜੀਵਨ ਰੁਸ਼ਨਾਉਂਦਾ ਹੈ| ਜੇਕਰ ਅਸੀਂ ਪਿਛੋਕੜ ਵੱਲ ਧਿਆਨ ਮਾਰੀਏ ਤਾਂ ਅਸੀਂ ਦੇਖਾਂਗੇ ਕਿ ਸਾਡੇ ਅਧਿਆਪਕ ਸਾਦੀ ਦਿੱਖ ਵਾਲੇ ਉੱਚੇ ਤੇ ਸੁੱਚੇ ਆਚਰਨ ਦੇ ਧਾਰਨੀ ਹੁੰਦੇ ਸਨ| ਉਨ੍ਹਾਂ ਦਾ ਖਾਣਾ ਪੀਣ, ਰਹਿਣ ਸਹਿਣ ਤੇ ਪਹਿਰਾਵਾ ਸਭ ਸਾਦੇ ਜਿਹੇ ਹੁੰਦੇ ਸਨ| ਸਵਾਲ ਇਹ ਉੱਠਦਾ ਹੈ ਕਿ ਕੀ ਉਹ ਸਾਨੂੰ ਗਿਆਨ ਨਹੀਂ ਸੀ ਦਿੰਦੇ? ਪਰ ਉਹ ਤਾਂ ਬਿਨਾਂ ਕਿਸੇ ਭੇਦ-ਭਾਵ ਤੇ ਬਿਨਾਂ ਕਿਸੇ ਲਾਲਚ ਤੋਂ ਬੱਚਿਆਂ ਨੂੰ ਪੜਾਉਂਦੇ ਸਨ| ਉਹ ਜਿਸ ਪਿੰਡ ਵਿਚ ਪੜ੍ਹਾਉਂਦੇ ਉੱਥੋਂ ਦੇ ਹੋ ਕੇ ਰਹਿ ਜਾਂਦੇ| ਉਹ ਪਿੰਡ ਜਾਂ ਕਸਬਾ ਉਨ੍ਹਾਂ ਦਾ ਆਪਣਾ ਹੋ ਕੇ ਰਹਿ ਜਾਂਦਾ| ਸਾਰਾ ਪਿੰਡ ਉਨ੍ਹਾਂ ਦੀ ਇੱਜ਼ਤ ਕਰਦਾ| ਮਾਂ ਬਾਪ ਵਲੋਂ ਦਿੱਤੀ ਖੁੱਲ ਦੁਆਰਾ ਉਹ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਮਾਰਦੇ ਜਾਂ ਦੁਲਾਰਦੇ ਸਨ| ਇੱਕ ਹੀ ਮਾਸਟਰ ਸਾਰੇ ਵਿਸ਼ੇ ਪੜ੍ਹਾਉਂਦਾ ਤੇ ਸਹੀ ਸੇਧ ਦਿੰਦਾ| ਸਾਰੇ ਬੱਚੇ ਅਧਿਆਪਕ ਦਾ ਦਿਲੋਂ ਸਤਿਕਾਰ ਕਰਦੇ| ਵਿਦਿਆਰਥੀਆਂ ਲਈ ਅਧਿਆਪਕ ਦੁਆਰਾ ਕਹੇ ਸ਼ਬਦ ਪੱਥਰ ਤੇ ਲਕੀਰ ਬਰਾਬਰ ਹੁੰਦੇ|
ਹੁਣ ਸਵਾਲ ਇਹ ਹੈ ਕੀ ਆਧੁਨਿਕ ਯੁੱਗ ਦਾ ਅਧਿਆਪਕ ਆਪਣੇ ਬੱਚਿਆਂ ਨਾਲ ਇਹੋ ਜਿਹਾ ਰੁਤਬਾ ਕਾਇਮ ਕਰਨ ਵਿਚ ਸਫਲ ਰਿਹਾ ਹੈ? ਕੀ ਦਿਨੋਂ ਦਿਨ ਸਕੂਲ ਸਿਰਫ਼ ਤੇ ਸਿਰਫ਼ ਫ਼ੈਸ਼ਨ ਰੈਪ ਹੀ ਬਣਦੇ ਨਹੀਂ ਪ੍ਰਤੀਤ ਹੋ ਰਹੇ ਹਨ? ਆਪਣੇ ਹੀ ਪਹਿਰਾਵੇ ਤੋਂ ਭਟਕੇ ਅਧਿਆਪਕ ਕੀ ਬੱਚਿਆਂ ਨੂੰ ਸਹੀ ਸੇਧ ਦੇ ਸਕਣਗੇ?…ਇਹ ਸੱਚ ਹੈ ਕਿ  ਅਧਿਆਪਕ ਦੁਆਰਾ ਪਹਿਨੇ ਕੱਪੜੇ, ਜੁੱਤੀਆਂ ਤੇ ਵਾਲਾਂ ਦੇ ਸਟਾਈਲ ਨੂੰ ਬੱਚੇ ਆਪਣੀ ਨਿੱਜੀ ਜ਼ਿੰਦਗੀ ਵਿਚ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ| ਪਹਿਲਾਂ ਅਧਿਆਪਕ ਦੇ ਹੱਥ ਵਿਚ ਸਿਰਫ਼ ਕਿਤਾਬਾਂ ਹੀ ਹੁੰਦੀਆਂ ਸਨ ਪਰ ਆਧੁਨਿਕ ਅਧਿਆਪਕਾਂ ਕੋਲ ਸੈੱਲ ਫ਼ੋਨ, ਲੈਪਟਾਪ ਤੇ ਟੇਬਲੇਟ ਵੇਖਣ ਨੂੰ ਮਿਲਦੇ ਹਨ| ਸਭਿਆਚਾਰਕ ਪਹਿਰਾਵੇ ਵਾਲੇ ਮੈਡਮ ਜਦੋਂ ਕਿਸੇ ਕਲਾਸ ਵਿਚ ਜਾਂਦੇ ਤਾਂ ਸਤਿਕਾਰਤ ਲੱਗਦੇ| ਪਰ ਆਧੁਨਿਕ ਟੀਚਰਾਂ ਆਪਣੇ ਪਹਿਰਾਵੇ ਨੂੰ ਨਾ ਸਮਝਦੀਆਂ ਹੋਈਆਂ ਟੋਪ ਜੀਨ ਨਾਲ ਸਕੂਲ ਜਾਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ| ਉਹ ਆਪਣੇ ਕਿੱਤੇ ਨੂੰ ਹੀ ਨਹੀਂ ਸਮਝਦੀਆਂ ਕਿ ਇਹ ਕਿੱਤਾ ਇੱਜ਼ਤ ਤੇ ਮਾਣ ਵਾਲਾ ਹੈ|
ਅਧਿਆਪਕ ਦਾ ਜੀਵਨ ਸੱਚਾ ਸੁੱਚਾ ਤੇ ਸਿੱਖਿਆ ਨੂੰ ਸਮਰਪਿਤ ਹੋਣਾ ਚਾਹੀਦਾ ਹੈ| ਉੱਥੇ ਅਧਿਆਪਕ ਦਾ ਉਪਦੇਸ਼ ਸਿਰਫ਼ ਪੈਸਾ ਕਮਾਉਣਾ ਹੀ ਨਹੀਂ ਸਿਰਫ਼ ਵਿਦਿਆਰਥੀਆਂ ਨੂੰ ਗਿਆਨਵਾਨ ਬਣਾਉਣਾ ਵੀ ਹੋਵੇ| ਅਫਸੋਸ ਅੱਜ ਕੱਲ੍ਹ ਕੌਣ ਸਮਝਦਾ ਹੈ ਸਕੂਲਾਂ ਨੂੰ ਰੌਸ਼ਨੀ ਵੰਡਣ ਵਾਲੀ ਇਬਾਦਤ ਗਾਹ| ਮਾਡਰਨ ਅਧਿਆਪਕ, ਕਾਰਾਂ, ਸਕੂਟਰਾਂ ਤੇ ਮੋਟਰਸਾਈਕਲਾਂ ਤੇ ਆਉਂਦੇ ਹੱਥ ਵਿਚ ਮੋਬਾਇਲ ਫੜੀ ਹਾਜ਼ਰੀ ਭਰਦੇ, ਲੈਕਚਰ ਦਿੰਦੇ ਤੇ ਉਸੇ ਤਰ੍ਹਾਂ ਚਲੇ ਜਾਂਦੇ ਹਨ| ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਬੱਚਿਆਂ ਨੂੰ ਕੁੱਝ ਸਮਝ ਆਇਆ ਜਾਂ ਨਹੀਂ ਅਸਲ ਵਿਚ ਸਮਝਾਉਣ ਲਈ ਤਾਂ ਉਨ੍ਹਾਂ ਨੇ ਘਰਾਂ ਵਿਚ ਜੋ ਟਿਊਸ਼ਨ ਸੈਂਟਰ ਖੋਲੇ ਹੋਏ ਹਨ| ਪੁਰਾਣੇ ਅਧਿਆਪਕ ਬਿਨਾਂ ਕਿਸੇ ਸੁਆਰਥ ਤੋਂ ਇਮਤਿਹਾਨਾਂ/ਪੇਪਰਾਂ ਸਮੇਂ ਬੱਚਿਆਂ ਨੂੰ ਸਕੂਲ ਵਿਚ ਵੀ ਪੰਜ-ਪੰਜ ਵਜੇ ਤੱਕ ਪੜ੍ਹਾਉਂਦੇ ਰਹਿੰਦੇ ਸਨ|
ਆਖ਼ਿਰ ਵਿਚ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਆਪਣੇ ਕਿੱਤੇ ਤੇ ਦੇਸ਼ ਨਾਲ ਧ੍ਰੋਹ ਨਾ ਕਮਾਉਂਦੇ ਹੋਏ ਆਪਣਾ ਫ਼ਰਜ਼ ਨਿਭਾਈਏ ਤੇ ਆਉਣ ਵਾਲੀ ਪੀੜੀ ਨੂੰ ਸਹੀ ਦਿਸ਼ਾ ਵੱਲ ਲੈ ਕੇ ਚੱਲੀਏ| ਜਿਸ ਨਾਲ ਬੱਚਿਆਂ ਵਿਚ ਅਧਿਆਪਕ ਵਰਗ ਪ੍ਰਤੀ ਸਤਿਕਾਰ ਦੀ ਭਾਵਨਾ ਬਣੀ ਰਹਿ ਸਕੇ|

ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

ਹਰਮਿੰਦਰ ਸਿੰਘ ਭੱਟ

Leave a Reply

Your email address will not be published. Required fields are marked *