No Bus Service in Vill. Mirzapur of Kharar : Garcha

ਹਲਕਾ ਖਰੜ ਦਾ ਅਖੀਰਲਾ ਪਿੰਡ ਮਿਰਜ਼ਾਪੁਰ ਜਿੱਥੇ ਕੋਈ ਬੱਸ ਸਰਵਿਸ ਨਹੀਂ : ਗਰਚਾ
– ਕਾਂਗਰਸ ਸਰਕਾਰ ਆਉਣ ‘ਤੇ ਮਿਰਜ਼ਾਪੁਰ ਖੇਤਰ ਨੂੰ ਟੂਰਿਸਟ ਵਜੋਂ ਪ੍ਰਮੋਟ ਕਰਨ ਦਾ ਵਾਅਦਾ
ਮਾਜਰੀ/ਕੁਰਾਲੀ, 20 ਅਗਸਤ (ਕੁਲਦੀਪ ਸਿੰਘ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ-2017 ਦੀ ਪ੍ਰਾਪਤੀ ਲਈ ਲੋਕਾਂ ਨੂੰ ਪਿੰਡ ਪਿੰਡ, ਘਰ ਘਰ ਜਾ ਕੇ ਮਿਲਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਉਨ੍ਹਾਂ ਪਿੰਡ ਮਿਰਜ਼ਾਪੁਰ ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ| ਇਸ ਮੌਕੇ ਕੁਲਦੀਪ ਸਿੰਘ ਸਰਪੰਚ, ਚਰਨ ਦਾਸ ਪੰਚ, ਨਾਇਬ ਸਿੰਘ ਪੰਚ, ਸ਼ੰਕਰ ਪ੍ਰਾਪਰਟੀ ਡੀਲਰ, ਬਚਨਾ ਰਾਮ, ਅਸ਼ੋਕ ਕੁਮਾਰ, ਸ਼ੇਰਾ ਰਾਮ, ਹਰਪ੍ਰੀਤ ਸਿੰਘ, ਕਰਨੈਲ ਸਿੰਘ, ਹਰਜਿੰਦਰ ਸਿੰਘ, ਹੇਮ ਰਾਜ, ਕਮਲ ਆਦਿ ਨੇ ਸ੍ਰੀਮਤੀ ਗਰਚਾ ਨੂੰ ਦੱਸਿਆ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਬੱਸ ਸਰਵਿਸ ਸ਼ੁਰੂ ਨਹੀਂ ਹੋ ਸਕੀ| ਇਸ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਹੋਰ ਵੀ ਕਈ ਸਮੱਸਿਆਵਾਂ ਸ੍ਰੀਮਤੀ ਗਰਚਾ ਨੂੰ ਦੱਸੀਆਂ|
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਖੇਤਰ ਵਿੱਚ ਆਉਂਦੇ ਘਾੜ ਖੇਤਰ ਦੇ ਸਭ ਤੋਂ ਅਖੀਰਲੇ ਪਿੰਡ ਮਿਰਜ਼ਾਪੁਰ ਦੇ ਲੋਕੀਂ ਬੱਸ ਸਰਵਿਸ ਲਈ ਤਰਸ ਰਹੇ ਹਨ| ਪਿੰਡ ਵਿੱਚ ਮਿਡਲ ਸਕੂਲ ਹੋਣ ਕਾਰਨ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਪੜ੍ਹਾਈ ਕਰਨ ਲਈ ਲਗਭਗ ਦਸ ਕਿਲੋਮੀਟਰ ਦੂਰ ਪਿੰਡ ਖਿਜ਼ਰਾਬਾਦ ਸਥਿਤ ਸਕੂਲ ਵਿੱਚ ਪੈਦਲ ਚੱਲ ਕੇ ਜਾਣਾ ਪੈਂਦਾ ਹੈ| ਸ੍ਰੀਮਤੀ ਗਰਚਾ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਮਿਰਜ਼ਾਪੁਰ ਲਈ ਮਿੰਨੀ ਬੱਸਾਂ ਦਾ ਰੂਟ ਪਰਮਿਟ ਤਾਂ ਬਣਿਆ ਹੋਇਆ ਹੈ ਪ੍ਰੰਤੂ ਬੱਸਾਂ ਨਹੀਂ ਹਨ| ਇਸ ਤੋਂ ਇਲਾਵਾ ਇਸ  ਖੇਤਰ ਦੇ ਲੋਕੀਂ ਜੰਗਲੀ ਜਾਨਵਰਾਂ ਜਿਵੇਂ ਨੀਲ ਗਾਂ ਆਦਿ ਦੀ ਸਮੱਸਿਆ ਤੋਂ ਵੀ ਕਾਫ਼ੀ ਪ੍ਰੇਸ਼ਾਨ ਹਨ|
ਸ੍ਰੀਮਤੀ ਗਰਚਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਕਿਹਾ ਕਿ ਉਹ ਪਿੰਡ ਮਿਰਜ਼ਾਪੁਰ ਲਈ ਬੱਸ ਸੇਵਾ ਸ਼ੁਰੂ ਨਾ ਕੀਤੇ ਜਾਣ ਬਾਰੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਇਸ ਸਮੱਸਿਆ ਦੇ ਹੱਲ ਕਰਵਾਉਣ ਦੀ ਮੰਗ ਕਰਨਗੇ|
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸਹਿਯੋਗ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾ ਸਕਣ| ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਆਉਣ ‘ਤੇ ਮਿਰਜ਼ਾਪੁਰ ਵਾਲੇ ਖੇਤਰ ਨੂੰ ਟੂਰਿਸਟ ਵਜੋਂ ਵਿਕਸਿਤ ਕੀਤਾ ਜਾਵੇਗਾ

Leave a Reply

Your email address will not be published. Required fields are marked *