NRI Punjabi’s are keeping a sharp eye on assembly election battle

ਪੰਜਾਬ ਵਿਧਾਨ ਸਭਾ ਦੇ ਚੋਣ ਦੰਗਲ ਤੇ ਤਿੱਖੀ ਨਜਰ ਰੱਖ ਰਹੇ ਹਨ ਐਨ ਆਰ ਆਈ
ਜ਼ਿਆਦਾਤਰ ਪ੍ਰਵਾਸੀ ਸੱਤਾ ਵਿੱਚ ਤਬਦੀਲੀ ਦੇ ਚਾਹਵਾਨ, ਆਮ ਆਦਮੀ ਪਾਰਟੀ ਵੱਲ ਹੈ ਵਧੇਰੇ ਝੁਕਾਅ
ਐਸ.ਏ.ਐਸ.ਨਗਰ, 13 ਦਸੰਬਰ (ਸ.ਬ.) ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਵੱਖ-ਵੱਖ ਮੁਲਕਾਂ ਵਿੱਚ ਵਸੇ ਹੋਏ ਪਰਵਾਸੀ ਪੰਜਾਬੀ ਵੀ ਡੂੰਘੀ ਦਿਲਚਸਪੀ ਦਿਖਾ ਰਹੇ ਹਨ| ਪੰਜਾਬ ਦੀ ਰਾਜਨੀਤੀ ਵਿੱਚ ਆਏ ਦਿਨ ਹੀ ਵਾਪਰਦੀਆਂ ਘਟਨਾਵਾਂ ਅਤੇ ਵੱਖ-ਵੱਖ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਉਪਰ ਉਹਨਾਂ ਦੀ ਨੇੜਿਓ ਨਜ਼ਰ ਰਹਿੰਦੀ ਹੈ|
ਅੱਜ ਕੱਲ ਕੈਨੇਡਾ ਅਤੇ ਹੋਰ ਮੁਲਕਾਂ ਵਿੱਚ ਭਾਰੀ ਬਰਫਵਾਰੀ ਹੋ ਰਹੀ ਹੈ ਪਰ ਪਰਵਾਸੀ ਪੰਜਾਬੀਆਂ ਦੇ ਘਰਾਂ ਵਿੱਚ ਪੰਜਾਬ ਵਿਧਾਨ ਸਭਾ ਚੋਣਾ ਨੇ ਗਰਮੀ ਲਿਆ ਦਿੱਤੀ ਹੈ| ਪਰਵਾਸੀ ਪੰਜਾਬੀ ਵੱਖ-ਵੱਖ ਜਨਤਕ ਥਾਵਾਂ ਅਤੇ ਆਪਣੇ ਕਿਸੇ ਜਾਣਕਾਰ ਦੇ ਘਰੇ ਹੁੰਦੇ ਸਮਾਗਮ ਦੌਰਾਨ  ਇਕਠੇ ਹੋ ਕੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਖੁੰਢ ਚਰਚਾ ਕਰਦੇ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਵੱਡੀ ਗਿਣਤੀ ਪਰਵਾਸੀ ਪੰਜਾਬੀ ਅਜਿਹੇ ਹਨ ਜੋ ਕਿ ਪੰਜਾਬ ਵਿੱਚ ਇਸ ਵਾਰ ਬਦਲਾਓ ਵੇਖਣਾ ਚਾਹੁੰਦੇ ਹਨ|, ਇਹਨਾ ਪਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਦੌਰਾਨ ਉਹਨਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੂੰ ਹੀ ਪਰਖ ਕੇ ਵੇਖ ਲਿਆ ਹੈ ਪਰ ਦੋਵੇਂ ਹੀ ਪਾਰਟੀਆਂ ਪਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀਆਂ ਹਨ|
ਇਹ ਹੀ ਕਾਰਨ ਹੈ ਕਿ ਪਰਵਾਸੀ ਪੰਜਾਬੀਆਂ ਦਾ ਵਧੇਰੇ ਰੁਝਾਨ ਆਮ ਆਦਮੀ ਪਾਰਟੀ ਵੱਲ ਹੈ| ਭਾਵੇਂ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਭਾਰੀ ਫੁੱਟ ਦੀ ਸ਼ਿਕਾਰ ਹੋ ਗਈ ਹੈ, ਆਮ ਆਦਮੀ ਪਾਰਟੀ ਤੋਂ ਮੁਅਤਲ ਕੀਤੇ ਐਮ ਪੀ ਡਾ. ਧਰਮਵੀਰ ਗਾਂਧੀ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਆਪਣੇ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ ਪਰ ਅਜੇ ਵੀ ਵੱਡੀ ਗਿਣਤੀ ਪਰਵਾਸੀ ਪੰਜਾਬੀ ਆਮ ਆਦਮੀ ਪਾਰਟੀ ਦੀ ਹੀ ਹਮਾਇਤ ਕਰ ਰਹੇ ਹਨ| ਇਥੇ ਹੀ ਬੱਸ ਨਹੀਂ ਸਗੋਂ ਅਨੇਕਾਂ ਪਰਵਾਸੀ ਪੰਜਾਬੀ ਵਿਦੇਸ਼ਾਂ ਵਿੱਚੋਂ ਆਪਣੇ ਕੰਮ ਧੰਦੇ ਛੱਡਕੇ ਪੰਜਾਬ ਵਿੱਚ ਡੇਰਾ ਲਾ ਕੇ ਬੈਠ ਗਏ ਹਨ ਅਤੇ ਪੰਜਾਬ ਵਿੱਚ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਰਾਜਸੀ ਸਰਗਰਮੀਆਂ ਕਰ ਰਹੇ ਹਨ| ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਹਿੰਮਤ ਸ਼ੇਰਗਿਲ ਦੇ ਪੱਖ ਵਿੱਚ ਵੀ ਪਰਵਾਸੀ ਪੰਜਾਬੀਆਂ ਨੇ ਮੁਹਾਲੀ ਹਲਕੇ ਵਿੱਚ ਰੈਲੀਆਂ ਕੀਤੀਆਂ ਸਨ| ਇਸੇ ਤਰਜ ਉਪਰ ਹੀ ਪੂਰੇ ਪੰਜਾਬ ਵਿਚ ਹੀ ਪਰਵਾਸੀ ਪੰਜਾਬੀਆਂ ਵਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ  ਕੀਤਾ ਜਾ ਰਿਹਾ ਹੈ| ਪਰਵਾਸੀ ਪੰਜਾਬੀਆਂ ਵਿੱਚ ਆਮ ਆਦਮੀ ਪਾਰਟੀ ਦਾ ਇਸ ਸਮੇਂ ਵੀ ਚੰਗਾ ਆਧਾਰ  ਹੈ ਅਤੇ ਪਰਵਾਸੀ ਪੰਜਾਬੀ ਪੰਜਾਬ ਵਿੱਚ ਇਸ ਵਾਰੀ ਤੀਜੇ ਬਦਲ ਦੀ ਸਰਕਾਰ ਚਾਹੁੰਦੇ ਹਨ| ਇਹ ਹੀ ਕਾਰਨ ਹੈ ਕਿ ਪਰਵਾਸੀ ਪੰਜਾਬੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਰ ਪਾਸਿਉਂ ਮਦਦ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਵਸੇ ਹੋਏ ਪਰਵਾਸੀ ਪੰਜਾਬੀਆਂ ਵੱਲੋਂ ਆਪਣੇ ਪੰਜਾਬ ਰਹਿੰਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ| ਪਰਵਾਸੀ ਪੰਜਾਬੀਆਂ ਤੋਂ ਮਿਲ ਰਹੇ ਵੱਡੇ ਹੁੰਗਾਰੇ ਤੋਂ ਆਮ ਆਦਮੀ ਪਾਰਟੀ ਦੇ ਆਗੂ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾ ਹੋਣ ਦੀ ਦੇਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿ ਆਈ|
ਵੱਡੀ ਗਿਣਤੀ ਪਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਅਕਾਲੀ ਤੇ ਕਾਂਗਰਸੀ ਆਗੂ          ਵਿਦੇਸ਼ਾਂ  ਵਿੱਚ ਆ ਕੇ ਪਰਵਾਸੀ ਪੰਜਾਬੀਆਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਹਨ ਪਰ ਚੋਣਾਂ ਮਗਰੋਂ ਪਰਵਾਸੀ ਪੰਜਾਬੀਆਂ ਦੀ ਕੋਈ ਬਾਤ ਨਹੀਂ ਪੁੱਛਦਾ| ਪਰਵਾਸੀ ਪੰਜਾਬੀਆਂ ਅਨੁਸਾਰ ਵਿੱਚ ਅਕਾਲੀ ਅਤੇ ਕਾਂਗਰਸ ਸਰਕਾਰਾਂ ਸਮੇਂ ਪੰਜਾਬ ਵਿਚਲੀਆਂ ਉਹਨਾਂ ਦੀਆਂ ਜਾਇਦਾਦਾ ਉਪਰ ਨਜਾਇਜ ਕਬਜੇ ਹੋ ਚੁੱਕੇ ਹਨ, ਜਿਨਾਂ ਨੂੰ ਹਟਾਉਣਾ ਹੀ ਇੱਕ ਵੱਡਾ ਮਸਲਾ ਬਣ ਗਿਆ ਹੈ|
ਆਮ ਆਦਮੀ ਪਾਰਟੀ  ਦੇ ਆਗੂ ਵੀ ਪਰਵਾਸੀ ਪੰਜਾਬੀਆਂ ਦੀ ਰਮਜ ਨੂੰ ਸਮਝ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵਲੋਂ ਪਰਵਾਸੀ ਪੰਜਾਬੀਆਂ ਨਾਲ ਉਹਨਾਂ ਦੇ ਮਸਲੇ ਹਲ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਇਸ ਵਾਰੀ ਪਰਵਾਸੀ ਪੰਜਾਬੀਆਂ ਦੀ ਹਮਾਇਤ ਕਾਰਨ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ  ਨੂੰ ਸਖਤ ਮੁਕਾਬਲਾ ਦੇ ਰਹੀ  ਹੈ|

Leave a Reply

Your email address will not be published. Required fields are marked *